Share on Facebook

Main News Page

ਆਖਰ ਕਦੋਂ ਤੀਕ ?
ਦਸਮ ਗ੍ਰੰਥ ਰਸਤੇ ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 1

(ਧੰਨਵਾਦ ਸਹਿਤ - ਦਸਮ ਗ੍ਰੰਥ ਨਿਰਣੇ (ਦਸਮ ਗ੍ਰੰਥ ਦਰਪਣ - ਭਾਈ ਭਾਗ ਸਿੰਘ ਅੰਬਾਲਾ ਵਿੱਚੋਂ, ਕੌਮ ਨੂੰ ਸੁਨੇਹਾ)

ਦੂਸ਼ਤ ਕਿਤਾਬ ਬਾਰੇ ਸੰਗਤਾਂ ਨੂੰ ਜਾਗਰੂਕ ਕਰਨ ਦੀ ਲੜੀ ਦਾ ਪਹਿਲਾ ਅਧਿਆਇ - ਜਸਵਿੰਦਰ ਸਿੰਘ ਖ਼ਾਲਸਾ

ਅੱਜ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜ਼ਮੱਤ ਦੇ ਉੱਪਰ ਬੜਾ ਘਾਤਕ ਹਮਲਾ ਹੋ ਚੁੱਕਾ ਹੈ। ਦੁਸ਼ਮਣ ਸ਼ਾਇਦ ਇਹ ਨਹੀਂ ਜਾਣਦਾ ਕਿ ਜੁਗੋ ਜੁਗ ਅਟੱਲ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੋਈ ਸਾਜਿਸ਼ ਰਚਣਾ, ਉਸਦੀ ਆਪਣੀ ਮੌਤ ਦੇ ਵਾਰੰਟਾਂ ਉਪਰ ਸਹੀ ਕਰਨ ਤੁਲ ਅਤੇ ਇੱਕ ਕੋਝਾ ਕਦਮ ਹੈ। ਉਹ ਤਾਂ ਸ਼ਾਇਦ ਇਹੀ ਸਮਝ ਰਿਹਾ ਹੈ ਕਿ ਇਸ ਢੰਗ ਨਾਲ ਉਹ ਸਿੱਖ ਕੌਮ ਨੂੰ ਖਤਮ ਕਰ ਲਵੇਗਾ ਅਤੇ ਇਹ ਹਮਲਾ ਹੋਇਆ ਹੈ ਕਹੇ ਜਾਂਦੇ ਦਸਮ ਗ੍ਰੰਥ ਦੇ ਰਸਤੇ। ਅੱਜ ਸੰਸਾਰ ਪੱਧਰ ਤੇ ਇੱਕ ਗਿਣੀ-ਮਿਥੀ ਸਾਜਿਸ਼ ਅਧੀਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਅਤੇ ਬਰਾਬਰੀ ਤੇ ਰੱਖ ਕੇ, ਦਸਮ ਗ੍ਰੰਥ ਪ੍ਰਕਾਸ਼ ਕਰਵਾਏ ਜਾ ਰਹੇ ਹਨ। ਇਲਾਹੀ ਬਾਣੀ ਦੇ ਅਖੰਡ ਪਾਠਾਂ ਨਾਲ ਇਸਦੇ ਅਖੰਡ ਪਾਠ ਅਤੇ ਬਰਾਬਰੀ ਦੇ ਹੁਕਮਨਾਮੇ ਲੈਣ ਲਈ ਸ਼ਹਿ ਦਿੱਤੀ ਜਾ ਰਹੀ ਹੈ। ਇਨ੍ਹਾਂ ਘਿਨਾਉਣੇ ਕੰਮਾਂ ਵਾਸਤੇ ਸਾਹਮਣੇ ਅਤੇ ਚੋਰ ਦਰਵਾਜ਼ੇ ਤੋਂ ਕਰੋੜਾਂ-ਅਰਬਾਂ ਖਰਚ ਕੀਤੇ ਜਾ ਰਹੇ ਹਨ। ਦੁਸ਼ਮਣ ਨੇ ਆਪਣੀ ਪੂਰੀ ਤਾਕਤ ਇਸ ਕੰਮ ਵਾਸਤੇ ਝੋਕ ਦਿੱਤੀ ਹੈ। ਉਸ ਕੋਲ ਸਾਧਨ ਵੀ ਬੇਅੰਤ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਨੂੰ ਚੈਲੈਂਜ ਕਰਨ ਵਾਸਤੇ, ਕਹੇ ਜਾਂਦੇ ਦਸਮ ਗ੍ਰੰਥ ਨੂੰ ਹਥਿਆਰ ਬਣਾਇਆ ਗਿਆ ਹੈ। ਇਸ ਵਾਸਤੇ ਸਿੱਖ ਸੰਸਥਾਵਾਂ ਅਤੇ ਸਿੱਖੀ ਸਰੂਪ ਵਿੱਚ ਹੀ ਜ਼ਰ-ਖ੍ਰੀਦ, ਜ਼ਮੀਰ-ਫਰੋਸ਼ ਬੰਦੇ ਵਰਤੇ ਜਾ ਰਹੇ ਹਨ। ਬਾਹਰੋਂ ਘੁਸ-ਪੈਠ ਕਰਕੇ ਕੁਝ ਲੋਕ ਕੇਸਾਧਾਰੀ ਹੋ ਕੇ, ਅੰਮ੍ਰਿਤ ਛੱਕਣ ਦਾ ਨਾਟਕ ਕਰ, ਇਸ ਕੰਮ ਵਾਸਤੇ ਦਿਨ-ਰਾਤ ਇੱਕ ਕਰ ਰਹੇ ਹਨ।

ਹੁਣ ਸਮਾਂ ਹੈ, ਹੋਰ ਅਵੇਸਲੇ ਨਾ ਹੋਈਏ। ਦਸਮ ਗ੍ਰੰਥ ਕੀ ਹੈ? 1428 ਪੰਨਿਆਂ ਦੇ ਇਸ ਦਸਮ ਗ੍ਰੰਥ ਵਿੱਚ ਕੇਵਲ ਪੰਜ ਰਚਨਾਵਾਂ ਦਸਮੇਸ਼ ਜੀ ਦੀਆਂ ਮੰਨੀਆਂ ਜਾਂਦੀਆਂ ਹਨ। ਬਾਕੀ ਵਿਰੋਧੀਆਂ ਦੀ ਰੱਲ-ਗੱਡ। ਭੋਲੀਆਂ-ਭਾਲੀਆਂ ਸੰਗਤਾਂ ਨੂੰ ਇਸ ਗ੍ਰੰਥ ਦੀ ਟੇਕ ਲੈ ਕੇ ਇਹ ਝੂਠ ਪ੍ਰਚਾਰਿਆ ਜਾਂਦਾ ਹੈ ਕਿ ਦਸਮੇਸ਼ ਜੀ ਕਿਸੇ ਦੇਵੀ, ਸ਼ਿਵਾ ਜਾਂ ਦੁਰਗਾ ਦੇ ਉਪਾਸ਼ਕ ਸਨ। ਸੰਗਤਾਂ ਨੂੰ ਬ੍ਰਾਹਮਣੀ ਤਪੱਸਿਆ, ਤੀਰਥ ਯਾਤਰਾਵਾਂ ਤੇ ਇਸ਼ਨਾਨਾਂ, ਦਾਨ-ਪੁੰਨਾਂ ਆਦਿ ਸਿੱਖ ਧਰਮ ਵਿਰੋਧੀ ਕਰਮ-ਕਾਂਡਾਂ ਵਿੱਚ ਧੱਕਿਆ ਜਾਂਦਾ ਹੈ ਅਤੇ ਹੋਰ ਬਹੁਤ ਕੁਝ। ਆਖਰ ਕਦੋਂ ਤੀਕ ?


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top