Share on Facebook

Main News Page

ਪ੍ਰਿਥਮ ਭਗਉਤੀ ਸਿਮਰ ਕੈ - 5
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 14

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਭਗਉਤੀ (ਚੰਡੀ ਦੀ ਵਾਰ) ਦੀ ਤਰ੍ਹਾਂ ਹੀ ਮਹਾਂਕਾਲ ਅਤੇ ਕਾਲੀ ਦੇ ਉਪਾਸ਼ਕ, ਭਗਾਉਤੀ ਭਗਤ ਕਵੀਆਂ ਨੇ ਆਪਣੀਆਂ ਰਚਨਾਵਾਂ ਵਿੱਚ ਹੋਰ ਵੀ ਅਨੇਕਾਂ ਥਾਈਂ ਭਗੌਤੀ ਪੂਜਾ ਦ੍ਰਿੜਾਉਣ ਹਿੱਤ ਡੂੰਘੀਆਂ ਤੋਂ ਡੁੰਘੀਆਂ ਚਾਲਾਂ ਚੱਲੀਆਂ ਹਨ। ਨਮੂਨੇ ਲਈ ਵੇਖੋ ਇਸੇ ਦਸਮ ਗ੍ਰੰਥ ਵਿੱਚੋਂ ਕਲਕੀ ਅਵਤਾਰ ਨਾਂ ਵਾਲੀ ਰਚਨਾ, ਜੋ 1428 ਪੰਨੇ ਵਾਲੀ ਪ੍ਰਕਾਸ਼ਤ ਬੀੜ ਦੇ 571 ਵੇਂ ਸਫੇ ਤੋਂ ਲੈ ਕੇ 610 ਸਫੇ ਉੱਤੇ ਮੁੱਕਦੀ ਹੈ, ਜਿਸ ਦੇ ਕੁੱਲ 588 ਅੰਕਿੜਿਆਂ ਦਾ ਸਾਰ ਸੰਕੋਚਵੇਂ ਰੂਪ ਵਿੱਚ ਹੇਠ ਲਿਖੇ ਅਨੁਸਾਰ ਹੈ, ਯਥਾ-

ਅਰੰਭ ਤੋਂ ਲੈ ਕੇ 140 ਅੰਕ ਤੱਕ ਅਨੇਕ ਪ੍ਰਕਾਰ ਦੇ ਮਨੋਰੰਜਕ ਛੰਦਾਂ ਰਾਹੀਂ ਕਵੀ ਨੇ ਕਲਜੁੱਗ ਵਿਚਲੇ ਪਾਪ-ਉਪੱਦਰ ਅਤੇ ਅਤਿਆਚਾਰ, ਇਥੋਂ ਤੱਕ ਦਰਸਾਏ ਹਨ ਕਿ ਪਿਤਾ-ਪੁਤਰੀ, ਭੈਣ-ਭਰਾ ਅਤੇ ਮਾਂ-ਪੁੱਤਰ ਵੀ ਆਪਣਾ ਧਰਮ ਤਿਆਗ ਦੇਣਗੇ।

141 ਅੰਕ ਤੋਂ 156 ਤੱਕ 16 ਸਵੈਯੇ ਸਮੱਸਿਆ ਪੂਰਤੀ ਰੂਪ ਹਨ, ਜਿਨ੍ਹਾਂ ਦੀ ਸਮੱਸਿਆ ਭਲ ਭਾਗ ਇਹ ਸੰਭਲ ਕੈ ਹਰਿ ਜੂ ਹਰਿਮੰਦਰ ਆਵੈਂਗੇ ਹੈ।

156 ਵੇਂ ਬੰਦ ਤੋਂ ਅੱਗੇ ਅੰਦਰ ਕਮਾਣਾ ਸਰਪਰ ਉਘੜੇ ਗੁਰਵਾਕ ਅਨੁਸਾਰ ਕਵੀ ਦਾ ਮੁੱਖ ਮੰਤਵ ਉਘੜ ਆਉਂਦਾ ਹੈ। ਕਵੀ ਨੇ ਆਪਣੀ ਡੂੰਘੀ ਚਾਲ ਦੁਆਰਾ ਇੱਕ ਰੌਚਕ ਢੰਗ ਨਾਲ ਨਾਟਕੀ ਰੂਪ ਦੇ ਕੇ ਹੇਠ ਲਿਖੇ ਅਨੁਸਾਰ ਦੇਵੀ ਪੂਜਾ ਦਾ ਮਹਾਤਮ ਦਰਸਾਇਆ ਹੈ, ਜਿਵੇਂ ਕਿ-

ਕਲਜੁਗੀ ਪ੍ਰਭਾਵ ਹੇਠ ਸੰਭਲਪੁਰ ਦਾ ਦੇਵੀ ਦੀ ਪੂਜਾ ਹੁਕਮਨ ਬੰਦ ਕਰਵਾ ਦਿੰਦਾ ਹੈ ਇੱਕ ਬ੍ਰਾਹਮਣ ਲੁੱਕ-ਛਿਪ ਕੇ ਦੇਵੀ ਪੂਜਦਾ ਹੈ ਉਸਦੀ ਘਰਵਾਲੀ ਬ੍ਰਾਹਮਣੀ ਉਸਨੂੰ ਦੇਵੀ ਪੂਜਣੋਂ ਵਰਜਦੀ ਹੈ, ਤਾਂ ਭੀ ਉਹ ਬ੍ਰਾਹਮਣ ਦੇਵੀ ਦੀ ਪੂਜਾ ਨਹੀਂ ਛੱਡਦਾ ਬ੍ਰਾਹਮਣੀ ਰਾਜੇ ਨੂੰ ਦੱਸ ਦਿੰਦੀ ਹੈ ਰਾਜਾ ਬ੍ਰਾਹਮਣ ਨੂੰ ਮਾਰ ਦੇਣ ਦੀ ਧਮਕੀ ਦਿੰਦਾ ਹੈ ਬ੍ਰਾਹਮਣ ਫਿਰ ਵੀ ਦੇਵੀ ਪੂਜਾ ਨਹੀਂ ਛੱਡਦਾ, ਯਥਾ-

ਤਹ ਬਿਪ੍ਰ ਏਕ ਜਿਹ ਗੁਣ ਅਨੇਕ। ਨਿੱਤ ਜਪਤ ਬਿਪ੍ਰ ਦੇਵੀ ਪ੍ਰਚੰਡ। ਅੰਕ 163
ਜਿਹ ਕੀਮ ਧੂਮ੍ਰਲੋਚਨ ਦੁਖੰਡ। ਅੰਕ 164
ਰਾਜਾ ਸ਼ੂਦ੍ਰ ਬਾਚ, ਕੈ ਤਜੋ ਸੇਵ ਦੇਵੀ ਪ੍ਰਚੰਡ, ਨਹੀਂ ਕਰਤ ਆਜ ਤੋ ਕੋ ਦੁਪੰਡ। ਅੰਕ 172
ਬਿਪ੍ਰ ਬਾਚ ਰਾਜਾ ਸੋਂ, ਕੀਜੈ ਦੁਖੰਡ ਨਹੀਂ ਤਜਹ ਸੇਵ।
ਸੁਣ ਲੇਹੁ ਸਾਚ ਤੋ ਕਹੋ ਦੇਵ। ਕਿਉਂ ਨਾ ਹੋਹਿਂ ਟੁਕ ਤਨ ਕੇ ਹਜ਼ਾਰ। ਨਹੀਂ ਤਜਹੁ ਪਾਇੰ ਦੇਵੀ ਉਦਾਰ।
ਅੰਕ 173

ਭਾਵ- ਭਾਵੇਂ ਮੇਰੇ ਹਜ਼ਾਰ ਟੁਕੜੇ ਹੋ ਜਾਣ.ਮੈਂ ਦੇਵੀ ਭਗਤਨੀ ਦੀ ਸ਼ਰਨ ਨਹੀਂ ਛੱਡਣੀ।

ਤਿਹ ਬਾਂਧ ਆਂਖ ਮੁਸਕੇ ਚੜਾਇ। ਕਰ ਲੀਨ ਕਾਢ ਅੱਸ ਕੋ ਨਚਾਇ।
ਜਬ ਲਗੇ ਦੇਣ ਤਿਹ ਤੇਗ ਤਾਨ। ਤਬ ਕੀਓ ਕਾਲ ਕੋ ਬਿਪ੍ਰ ਧਿਆਨ।
ਅੰਕ 176
ਜਬ ਕੀਯੋ ਚਿੱਤ ਮੋ ਬਿਪ੍ਰ ਧਿਆਨ। ਤਿਹ ਦੀਨ ਦਰਸ ਤਬ ਕਾਲ ਆਨ।
ਨਹੀਂ ਕਰੋ ਚਿੰਤ ਚਿਤ ਮਾਝ ਏਕ। ਤਵ ਹੇਤ ਸਤ੍ਰ ਹਨ ਹੈ ਅਨੇਕ।
ਅੰਕ 177

ਭਾਵ- ਦੇਵੀ ਪੂਜਕ ਬ੍ਰਾਹਮਣ ਨੂੰ ਮਾਰਨ ਲਈ ਰਾਜੇ ਨੇ ਤਲਵਾਰ ਪਕੜੀ ਤਾਂ ਬ੍ਰਾਹਮਣ ਨੇ ਮਹਾਂਕਾਲ ਅਤੇ ਭਗਵਤੀ ਨੂੰ ਯਾਦ ਕੀਤਾ, ਤਦ ਮਹਾਂਕਾਲ ਨੇ ਕਲਕੀ (ਨਿਹਕਲੰਕ) ਅਵਤਾਰ ਰੂਪ ਵਿੱਚ ਪ੍ਰਗਟ ਹੋ ਕੇ ਧੀਰਜ ਦਿੱਤਾ ਅਤੇ ਕਿਹਾ ਕਿ ਤੇਰੇ ਸਾਰੇ ਵੈਰੀ ਹੁਣੇ ਮਾਰ ਦਿਆਂਗਾ। ਫਿਰ ਕਲਕੀ ਅਵਤਾਰ ਵਲੋਂ ਜੁੱਧ ਕਰਕੇ ਰਾਜੇ ਨੂੰ ਮਾਰ ਦਿੱਤਾ ਲਿਖਿਆ ਹੈ। (ਜਦ ਹਜ਼ਾਰ ਸਾਲ ਦੇ ਕਰੀਬ ਇੰਡੀਆ ਗੁਲਾਮ ਰਿਹਾ, ਹਜ਼ਾਰਾਂ ਮੰਦਰ ਢਾਏ ਗਏ, ਲੱਖਾਂ ਲੋਕ ਕਤਲ ਕੀਤੇ ਗਏ, ਲੱਖਾਂ ਕਰੋੜਾਂ ਦੇ ਜਨੇਊ ਉਤਾਰੇ ਗਏ, ਉਸ ਸਮੇਂ ਦੇਵੀ ਕਿੱਥੇ ਲੁਕੀ ਰਹੀ?)

ਇਸ ਤੋਂ ਅੱਗੇ ਕਲਕੀ ਅਵਤਾਰ ਵਲੋਂ ਜੁੱਧ-ਜੰਗਾਂ ਰਾਹੀਂ ਸਾਰੇ ਦੇਸ-ਦੇਸਾਂਤਰ ਨੂੰ ਜਿੱਤ ਲੈਣ ਪਿੱਛੋਂ ਨਿਹਕਲੰਕ ਦੀ ਮ੍ਰਿਤਯੂ ਮਹਿੰਦੀ ਪੀਰ ਹੱਥੋਂ ਦੱਸ ਕੇ 588 ਵੇਂ ਅੰਕ ਉੱਤੇ ਸਮਾਪਤੀ ਕੀਤੀ ਹੈ।

ਮੁੱਕਦੀ ਗੱਲ ਇਹ ਹੈ ਕਿ ਨਿਹਕਲੰਕ ਅਵਤਾਰ ਦੇ ਪ੍ਰਗਟ ਹੋਣ ਦਾ ਮੁੱਖ ਕਾਰਣ ਚਾਲਾਕ ਕਵੀ ਨੇ ਇੱਕ ਦੇਵੀ ਪੂਜਕ ਬ੍ਰਾਹਮਣ ਦੀ ਰੱਖਿਆ ਲਈ ਦਰਸਾਇਆ ਹੈ।

ਅਟੱਲ ਵਿਸ਼ਵਾਸ਼ ਹੈ ਕਿ ਉਪਰੋਕਤ ਵਿਥਿਆ ਨੂੰ ਵਿਚਾਰ ਕੇ ਸੂਝਵਾਨ ਪਾਠਕ ਸਹਿਜੇ ਹੀ ਨਿਸਚਾ ਕਰ ਲੈਣਗੇ ਕਿ ਭਗਉਤੀ ਉਪਾਸ਼ਕ ਕਵੀ ਨੇ ਡੂੰਘੀ ਚਾਲ ਦੁਆਰਾ ਇੱਕ ਰੌਚਕ ਢੰਗ ਨਾਲ ਕਲਕੀ ਅਵਤਾਰ ਦਾ ਪੱਜ ਬਣਾ ਕੇ ਭਗਵਤੀ ਪੂਜਾ ਦੀ ਮਹੱਤਤਾ ਦਰਸਾਈ ਹੈ।

ਇਥੇ ਹੀ ਬੱਸ ਨਹੀਂ,ਇਨ੍ਹਾਂ ਭਗਉਤੀ ਉਪਾਸ਼ਕ ਕਵੀਆਂ ਨੇ ਭਗੌਤੀ ਨੇ ਭਗੌਤੀ ਮਹਿਮਾ ਦਰਸਾਉਣ ਲਈ ਹੋਰ ਵੀ ਅਨੇਕਾਂ ਕੁਫਰ ਤੋਲੇ ਹਨ ਜਿਵੇਂ ਕਿ ਹਿੰਗਲਾਜ ਦੇਵੀ ਦੇ ਮੰਦਰ ਵਿੱਚੋਂ ਇੱਕ ਬ੍ਰਾਹਮਣ ਨੇ ਇਹ ਅਵਾਜ਼ ਸੁਣੀ ਕਿ ਇਥੋਂ ਦਾ ਰਾਜਾ ਕਲ੍ਹ ਸਵੇਰੇ ਮਰ ਜਾਏਗਾ, ਪਰ ਕੋਈ ਮਨੁੱਖ ਆਪਣੇ ਸੱਤ ਪੁੱਤਰ ਮੇਰੇ ਭਵਨ ਵਿੱਚ ਬਲੀ ਦੇ ਦੇਵੇ ਤਾਂ ਰਾਜਾ ਬਚ ਸਕਦਾ ਹੈ.. ਬ੍ਰਾਹਮਣ ਘਰ ਆ ਕੇ ਦੱਸਦਾ ਹੈ.. ਸੁਣਦੇ ਸਾਰ ਬ੍ਰਾਹਮਣ ਦੀ ਬ੍ਰਾਹਮਣੀ ਆਪਣੇ ਸੱਤੇ ਪੁੱਤਰ ਲਿਜਾ ਕੇ ਦੇਵੀ ਅੱਗੇ ਚਾੜ੍ਹ ਦਿੰਦੀ ਹੈ.. ਮੋਏ ਪੁੱਤਰਾਂ ਨੂੰ ਵੇਖ ਕੇ ਬ੍ਰਾਹਮਣ ਆਪਣੇ ਆਪ ਨੂੰ ਕਟਾਰ ਮਾਰ ਕੇ ਮਰ ਜਾਂਦਾ ਹੈ ਫਿਰ ਬ੍ਰਾਹਮਣ ਦੀ ਬ੍ਰਾਹਮਣੀ ਵੀ ਮਰ ਜਾਂਦੀ ਹੈ ਇਹ ਕੌਤਕ ਵੇਖ ਕੇ ਰਾਜਾ ਵੀ ਮਰਨ ਲਈ ਕਟਾਰ ਫੜ੍ਹਦਾ ਹੈ ਤਾਂ ਦੇਵੀ ਪ੍ਰਸੰਨ ਹੋ ਕੇ ਪ੍ਰਗਟ ਰੂਪ ਵਿੱਚ ਬ੍ਰਾਹਮਣ ਅਤੇ ਬ੍ਰਾਹਮਣੀ ਨੂੰ ਪੁੱਤਰਾਂ ਸਮੇਤ ਸਾਵਧਾਨ ਕਰਕੇ ਰਾਜੇ ਨੂੰ ਚਿਰੰਜੀਵਤਾ ਦਾ ਵਰ ਦਿੰਦੀ ਹੈ। (ਵੇਖੋ ਤ੍ਰੀਆ ਚਰਿਤ੍ਰ 165)

ਹੋਰ ਤੇ ਹੋਰ ਰਹੀ, ਇਨ੍ਹਾਂ ਭਗਉਤੀ ਭਗਤ ਕਵੀਆਂ ਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਵੀ ਭਗਉਤੀ ਦਾ ਮੰਤ੍ਰ ਸਿੱਖਣ ਵਾਸਤੇ ਅਤੀਤ ਸਾਧੂ ਦੇ ਭੇਖ ਵਿੱਚ ਸ੍ਰੀ ਭਗਉਤੀ ਨੂੰ ਮਨਾਉਂਦਿਆਂ ਹੋਇਆਂ ਅਨੂਪ ਕੌਰ (ਜੋ ਕਾਮ ਚੇਸਟਾ ਨਾਲ ਵਿਆਕੁਲ ਸੀ) ਦੇ ਘਰ ਭੇਜਣੋਂ ਵੀ ਘੱਟ ਨਹੀਂ ਕੀਤੀ। (ਵੇਖੋ ਤ੍ਰੀਆ ਚਰਿਤ੍ਰ ਨੰਬਰ 21 ਅੰਕ 10), ਯਥਾ:

ਚਲਿਯੋ ਭੇਖ ਆਤੀਤ ਕੋ ਧਾਰਿ ਰਾਈ। ਮਨਾਪਨ ਮੋ ਸ੍ਰੀ ਭਗੌਤ ਮਨਾਈ।

ਸੱਚ ਪੁੱਛੋ ਤਾਂ ਕਲਗੀਧਰ ਜੀ ਦਾ ਭਗੌਤੀ ਦੇਵੀ ਅਰਾਧਣਾ ਦਰਸਾ ਕੇ ਇਨ੍ਹਾਂ ਕਵੀਆਂ ਨੇ ਖਾਲਸੇ ਦੀ ਸੂਝ ਅਤੇ ਸਿਦਕ ਨੂੰ ਸਿੱਧੀ ਵੰਗਾਰ ਪਾਈ ਹੈ।

ਪਤਾ ਨਹੀਂ ਸਾਡੇ ਉਚਕੋਟੀ ਦੇ ਵਿਦਵਾਨਾਂ ਨੂੰ ਕੀ ਹੋ ਗਿਆ ਹੈ, ਜੋ ਇਹੋ ਜਿਹੇ ਚਰਿਤਰਾਂ ਦਾ ਕਰਤਾ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਧ ਕਰਨ ਉੱਤੇ ਤੁਲੇ ਹੋਏ ਹਨ। ਹਾਲਾਂਕਿ ਇਸੇ ਚਰਿਤ੍ਰ ਵਿਚਲੇ ਤੀਰ ਸ਼ਤਦ੍ਰਵ ਕੇ ਹੁਤੋ ਪੁਰ ਅਨੰਦ ਇਕ ਗਾਉਂ ਵਿਚਲਾ ਹੁਤੋ ਸ਼ਬਦ ਪ੍ਰਤੱਖ ਹੀ ਭੂਤਕਾਲ ਦਾ ਸੂਚਕ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਚਰਿਤ੍ਰ ਗੁਰੂ ਦਸ਼ਮੇਸ਼ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਵੀ ਪਿੱਛੋਂ ਲਿਖਿਆ ਗਿਆ ਹੈ। ਅੱਗੇ ਵੇਖੋ, ਚੱਲਿਯੋ ਭੇਖ ਅਤੀਤ ਕੋ ਧਾਰ ਰਾਈ ਵਿਚਲਾ ਰਾਈ ਸ਼ਬਦ ਪ੍ਰਤੱਖ ਹੀ ਅੰਨਯ-ਪੁਰਖ ਦਾ ਲਖਾਇਕ ਹੈ। ਫਿਰ ਇਹ ਰਚਨਾ ਗੁਰੂ ਸਾਹਿਬ ਜੀ ਦੀ ਕਿਵੇਂ ਹੋ ਸਕਦੀ ਹੈ? ਜੇ ਇਹ ਰਚਨਾ ਗੁਰੂ ਜੀ ਦੀ ਹੁੰਦੀ ਤਾਂ ਆਪਣੇ ਆਪ ਨੂੰ ਉਤਮ ਪੁਰਖ ਦੀ ਥਾਵੇਂ ਅੰਨਯ ਪੁਰਖ ਰੂਪ ਵਿੱਚ ਪੇਸ਼ ਨਾ ਕਰਦੇ।

ਇਥੇ ਇੱਕ ਗੱਲ ਉਚੇਚੀ ਯਾਦ ਰੱਖਣ ਵਾਲੀ ਹੈ ਕਿ ਦਸਮ ਗ੍ਰੰਥ ਨੂੰ ਦਸ਼ਮੇਸ਼ ਕ੍ਰਿਤ ਦਰਸਾਉਣ ਵਾਲੇ ਵਿਦਵਾਨ ਉਪਰੋਕਤ ਚਰਿਤ੍ਰਾਂ ਨੂੰ ਆਪਣੀਆਂ ਪੁਸਤਕਾਂ ਵਿੱਚ ਜੁਅੱਰਤ ਨਹੀਂ ਕਰਦੇ, ਬਲਕਿ ਦੇਖਨ ਆਇਓ ਜਗਤ ਤਮਾਸ਼ਾ ਆਦਿਕ ਚੋਪੜੀ, ਚਾਪੜੀ ਸ਼ਬਦਾਵਲੀ ਵਰਤ ਕੇ ਅੰਜਾਣ ਸ਼ਰਧਾਲੂਆਂ ਨੂੰ ਸਹੀ ਜਾਣਕਾਰੀ ਦੇਣ ਦੀ ਥਾਵੇਂ ਉਲਟਾ ਗੁੰਮਰਾਹ ਕਰਦੇ ਹਨ। ਜੇਕਰ ਆਮ ਗੁਰਸਿੱਖਾਂ ਨੇ ਦਸਮ ਗ੍ਰੰਥ ਦਾ ਅਧਿਐਨ ਕੀਤਾ ਹੁੰਦਾ, ਤਾਂ ਇਹ ਵਿਦਵਾਨ ਸਿੱਖ ਜਨਤਾ ਨੂੰ ਇਸ ਤਰ੍ਹਾਂ ਗੁਮਰਾਹ ਕਰਨ ਦੀ ਜੁਰਅੱਤ ਕਦੇ ਵੀ ਨਾ ਕਰਦੇ।

ਇਹ ਦਲੇਰੀ ਸ. ਸ਼ਮਸ਼ੇਰ ਸਿੰਘ ਅਸ਼ੋਕ, ਡਾ. ਰਤਨ ਸਿੰਘ ਜੱਗੀ, ਅਤੇ ਡਾ. ਕਰਤਾਰ ਸਿੰਘ ਜੀ ਬਾੜੀ ਵਰਗੇ ਵਿਦਵਾਨਾਂ ਦੇ ਹਿਸੇ ਆਈ ਹੈ, ਜਿਨ੍ਹਾਂ ਲੁਕ-ਲੁਕੋ ਤੋਂ ਕੰਮ ਨਾ ਲੈਂਦਿਆਂ ਹੋਇਆਂ ਦਸਮ ਗ੍ਰੰਥ ਵਿਚਲੀ ਰਚਨਾ ਰੂਪੀ ਵਸਤੂ ਨਿਡਰ ਹੋ ਕੇ ਆਪਣੀਆਂ ਪੁਸਤਕਾਂ ਵਿੱਚ ਪੇਸ਼ ਕੀਤੀ ਹੈ ਅਤੇ ਠੋਸ ਤੱਥਾਂ ਦੇ ਅਧਾਰ ਉੱਤੇ ਸਿੱਧ ਕੀਤਾ ਹੈ ਕਿ ਵਾਰ ਭਗਉਤੀ ਜੀ ਕੀ ਵਾਲੀ ਰਚਨਾ ਦਸ਼ਮੇਸ਼ ਕ੍ਰਿਤ ਨਹੀਂ, ਸਗੋਂ ਦੇਵੀ ਪੂਜਕ ਕਵੀ ਦੀ ਹੈ।

ਅੱਜ ਅਨਮੱਤੀ ਦੇਵੀ ਪੂਜਕਾਂ ਨੇ ਇਸੇ ਵਾਰ ਸ੍ਰੀ ਭਗਉਤੀ ਦਾ ਆਸਰਾ ਲੈ ਕੇ ਭੋਲੇ-ਭਾਲੇ ਸਿੱਖਾਂ ਨੂੰ ਕੁਰਾਹੇ ਪਾਉਣਾ ਅਰੰਭਿਆ ਹੋਇਆ ਹੈ, ਜਿਵੇਂ ਕਿ ਦੇਵੀ ਦੇ ਜਗਰਾਤਿਆਂ ਸਮੇਂ ਸਟੇਜਾਂ ਉੱਤੇ ਦੇਵੀ ਦੀ ਮੂਰਤੀ ਤੋਂ ਥੋੜੀ ਨੀਵੀਂ ਜਗ੍ਹਾ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਰੱਖੀਆਂ ਹੋਈਆਂ ਆਮ ਵੇਖਣ ਵਿੱਚ ਆਉਂਦੀਆਂ ਹਨ। ਇਹ ਗੁੱਝੀ ਚਾਲ ਸਿੱਖ ਕੌਮ ਦੇ ਕੁਝ ਅੰਸ਼ (ਹਿਸੇ) ਨੂੰ ਹੌਲੀ ਹੌਲੀ ਆਪਣੀ ਅਰਦਾਸ ਤੋਂ ਡੇਗ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਦੇਵੀ ਦੇ ਜਗਰਾਤੇ ਸਮੇਂ ਉਪਰੋਕਤ ਢੰਗ ਨਾਲ ਸਟੇਜਾਂ ਉੱਤੇ ਰੱਖਣ ਦਾ ਮਨੋਰਥ, ਗੁਰੂ ਸਾਹਿਬਾਨਾਂ ਨੂੰ ਦੇਵੀ ਪੂਜਕ ਦਰਸਾਉਣ ਤੋਂ ਬਿਨਾਂ ਹੋਰ ਕੋਈ ਨਹੀਂ।

ਹੋ ਸਕਦਾ ਹੈ ਜਿਵੇਂ ਭਗਉਤੀ ਉਪਾਸ਼ਕਾਂ ਨੇ ਦੇਵੀ ਭਗਵਤੀ ਦੀਆਂ ਭੇਟਾਂ (ਗੀਤਾਂ) ਵਿੱਚ ਹੇਠ ਲਿਖਿਆ ਗੀਤ:

ਨੰਗੀ ਨੰਗੀ ਪੈਰੀਂ ਅਕਬਰ ਆਇਆ, ਸਿਰ ਸੋਨੇ ਦਾ ਛਤ੍ਰ ਝੁਲਾਇਆ।

ਪ੍ਰਚੱਲਤ ਕੀਤਾ ਹੋਇਆ ਹੈ, ਉਸੇ ਤਰ੍ਹਾਂ ਕਿਸੇ ਦਿਨ ਇਹ ਗਾਉਣਾ ਵੀ ਅਰੰਭ ਦੇਣ ਕਿ :

ਨੰਗੀ ਨੰਗੀ ਪੈਰੀਂ ਗੁਰੂ ਨਾਨਕ ਆਇਆ..

ਇਸ ਲਈ ਇੱਕ ਦਮ ਸੁਚੇਤ ਹੋਣ ਦੀ ਲੋੜ ਹੈ। ਇਹ ਜਗਰਾਤਿਆਂ ਦੇ ਦ੍ਰਿਸ਼ ਵੇਖ ਕੇ ਭੋਲੇ-ਭਾਲੇ ਸਿੱਖ ਤਾਂ ਭਾਵੇਂ ਖੁਸ਼ ਹੁੰਦੇ ਹੋਣਗੇ, ਪਰ ਸੂਝ-ਬੂਝ ਵਾਲੇ ਸਿਦਕੀਆਂ ਅਤੇ ਪੰਥ-ਦਰਦੀਆਂ ਦੇ ਹਿਰਦੇ ਤਾਂ ਛਲਨੀ ਹੋ ਜਾਂਦੇ ਹਨ। ਸ਼ੋਕ ਕਿ ਇਹ ਕੁਝ ਵੇਖਦਿਆਂ ਹੋਇਆਂ ਵੀ ਸਾਡੇ ਧਾਰਮਿਕ ਆਗੂ ਅਤੇ ਵਿਦਵਾਨ ਕੁੰਭਕਰਨੀ ਨੀਂਦਰ ਵਿੱਚੋਂ ਉੱਠਣ ਦਾ ਨਾਂ ਤੱਕ ਵੀ ਨਹੀਂ ਲੈਂਦੇ।

ਵਕਤ ਮੰਗ ਕਰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਿੰਘ ਸਭਾ ਸਤਾਬਦੀ ਕਮੇਟੀ ਆਦਿਕ ਧਾਰਮਿਕ ਸੰਸਥਾਵਾਂ ਦਸਮ ਗ੍ਰੰਥ ਸਬੰਧੀ ਉੱਚ ਪੱਧਰ ਤੇ ਸਿੱਖ ਵਿਦਵਾਨਾਂ ਦੀਆਂ ਗੋਸ਼ਟੀਆਂ ਕਰਵਾਉਣ ਅਤੇ ਬਿਨਾ ਕਿਸੇ ਢਿੱਲ-ਮੱਠ ਦੇ ਇਸ ਮਸਲੇ ਨੂੰ ਸੁਚੱਜੇ ਢੰਗ ਨਾਲ ਨਿਬੇੜਨ ਦਾ ਉਪਰਾਲਾ ਕਰਨ ਕਿ ਦਸਮ ਗ੍ਰੰਥ ਵਿਚਲੀਆਂ ਕਿਹੜੀਆਂ ਰਚਨਾਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕ੍ਰਿਤ ਹਨ ਅਤੇ ਕਿਹੜੀਆਂ ਕਵੀਆਂ ਦੀਆਂ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਵੀ ਚਾਹੀਦਾ ਹੈ ਕਿ ਕਿਸੇ ਵੀ ਦਸਮ ਗ੍ਰੰਥ ਦੇ ਪ੍ਰਕਾਸ਼ਨ ਲਈ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਦਸਮ ਗੁਰੂ ਗ੍ਰੰਥ ਨਾਮ ਦੀ ਵਰਤੋਂ (ਜਾਂ ਇਹ ਨਾਮ ਛਾਪਣ) ਤੋਂ ਰੋਕਣ ਲਈ ਉਚੇਚਾ ਜਤਨ ਕਰੇ।

ਜੇ ਵਕਤ ਸਿਰ ਕੁਝ ਨਾ ਕੀਤਾ ਗਿਆ ਤਾਂ ਹੋ ਸਕਦਾ ਹੈ ਕਿ ਸਮਾਂ ਪਾ ਕੇ ਪੰਥ ਵਿਰੋਧੀਆਂ ਵਲੋਂ ਇਹ ਕਹਿਣਾ ਤੇ ਲਿਖਣਾ ਵੀ ਸ਼ੁਰੂ ਹੋ ਜਾਵੇ ਕਿ ਸਿੱਖਾਂ ਦਾ ਅਸਲੀ ਗੁਰੂ ਆਦਿ ਗੁਰੂ ਗ੍ਰੰਥ ਨਹੀਂ ਦਸਮ ਗ੍ਰੰਥ ਸਾਹਿਬ ਹੈ।

ਆਸ ਹੈ ਇਸ ਲਿਖਤ ਨੂੰ ਖਤਰੇ ਦੀ ਘੰਟੀ ਸਮਝਿਆ ਜਾਵੇਗਾ, ਐਵੇਂ ਨਜ਼ਰ ਅੰਦਾਜ਼ ਨਹੀਂ ਕੀਤਾ ਜਾਵੇਗਾ।

ਨੋਟ- ਇੱਕ ਹੋਰ ਗੱਲ ਪਾਠਕਾਂ ਦੇ ਧਿਆਨ ਗੋਚਰੀ ਕਰਨ ਵਾਲੀ ਇਹ ਵੀ ਹੈ, ਕਿ ਸਭ ਤੋਂ ਪਹਿਲੀ ਸੰਮਤ 1770 ਵਿੱਚ ਹੱਥ ਲਿਖੀ ਦਸਮ ਗ੍ਰੰਥ ਦੀ ਬੀੜ ਵਿੱਚ ਭਗਉਤੀ ਦੀ ਵਾਰ ਥਾਵੇਂ ਵਾਰ ਦੁਰਗਾ ਜੀ ਲਿਖਯਤੇ ਸਿਰਲੇਖ ਹੈ ਅਤੇ ਹੋਰ ਵੀ ਕਈ ਅੰਤਰੇ ਹਨ ਬਲਕਿ ਬਹੁਤ ਥਾਈਂ ਪਾਠਾਂ ਉੱਤੇ ਹੜਤਾਲ ਵੀ ਫਿਰੀ ਹੋਈ ਹੈ। ਭਾਵੇਂ ਹੋਰ ਵੀ ਕਈ ਥਾਈਂ ਹੜਤਾਲ ਫਿਰੀ ਹੋਈ ਹੈ, ਪਰ ਵਾਰ ਦੁਰਗਾ (ਭਗਉਤੀ ਦੀ ਵਾਰ) ਵਿੱਚ ਹੜਤਾਲ ਦੀ ਵਰਤੋਂ ਸਭ ਤੋਂ ਵਧੇਰੇ ਕੀਤੀ ਗਈ ਹੈ। ਉਪਰੋਕਤ ਬੀੜ ਇਸ ਵੇਲੇ ਸਵਰਗਵਾਸੀ ਰਾਜਾ ਗੁਲਾਬ ਸਿੰਘ ਜੀ ਸੇਠੀ, ਕੋਠੀ ਨੰਬਰ 47, ਹਨੂਮਾਨ ਰੋਡ, ਨਵੀਂ ਦਿੱਲੀ ਵਿੱਚ ਵੇਖੀ ਜਾ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top