Share on Facebook

Main News Page

ਤਪ ਸਾਧਤ ਪ੍ਰਭ ਮੋਹਿ ਬੁਲਾਇਓ - 3
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 21

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਤਿਲੰਗ ਰਾਗ ਵਿਚਲੇ ਨਾਮਦੇਵ ਜੀ ਦੇ ‘ਹਲੇ ਯਾਰਾਂ ਹੱਲੇ ਯਾਰਾਂ’ ਵਾਲੇ ਸ਼ਬਦ ਦੀ ਉਥਾਨਕਾ ਵਿੱਚ ਨਾਮਦੇਵ ਜੀ ਸਬੰਧੀ ਦੁਆਰਕਾ ਦੇ ਰਸਤੇ ਵਿੱਚ ਥੱਕ ਕੇ ਘੋੜੀ ਦੀ ਲਾਲਸਾ ਕਰਨੀ, ਜਿਸ ਬਦਲੇ ਮੁਗਲ ਨੇ ਸੱਜਰੀ ਸੂਈ ਵਛੇਰੀ ਚੁਕੌਣ ਲਈ ਵਿਗਾਰੇ ਪਕੜ ਲੈਣਾ ਆਦਿਕ ਲ਼ਿਖ ਕੇ ਸਾਰੇ ਹੀ ਟੀਕਾਕਾਰਾਂ ਨੂੰ ਪਿੱਛੇ ਛੱਡ ਗਏ ਹਨ। (ਪੰਡਿਤ ਤਾਰਾ ਸਿੰਘ ਨਿਰੋਤਮ ਬਾਰੇ ਲਿਖਿਆ ਹੈ)।

ਹੋਰ ਤੇ ਹੋਰ ਰਹੀ, ਭਗਤ ਬਾਣੀ ਸਬੰਧੀ ਇਹ ਲਿਖਿਆ ਕਿ ਭਗਤ ਬਾਣੀ ਗੁਰੂ ਅਰਜਨ ਦੇਵ ਜੀ ਨੇ ਰਚ ਕੇ ਨਾਮ ਭਗਤਾਂ ਦੇ ਲਿਖ ਦਿੱਤੇ ਹਨ। ਤਿਵੇਂ ਦਸ਼ਮੇਸ਼ ਜੀ ਦੇ ਹੇਮਕੁੰਟ ਉੱਤੇ ਤਪ ਅਸਥਾਨ ਦਾ ਫੈਸਲਾ ਵੀ ਮਾਨਯੋਗ ਪੰਡਿਤ ਜੀ ਨੇ ਭੁਲੇਖਾ ਪਾ ਕੇ ਗਲਤ ਦਿੱਤਾ ਹੈ।

ਫਲ ਸਰੂਪ ਇਸ ਮਨੋਕਲਪਿਤ ਅਸਥਾਨ ਉੱਤੇ ਸੰਨ 1936 ਵਿੱਚ ਗੁਰਦੁਆਰਾ ਬਣ ਗਿਆ।… ਯਾਤਰਾ ਅਰੰਭੀ ਗਈ… ਫਿਰ ‘ਜੱਗ ਕੀ ਭੇਡਾ-ਚਾਲ ਚਲਤੇ ਕੇ ਪਾਛੇ ਚਲੇ’ ਵਾਂਗੂ ਵੇਖੋ-ਵੇਖੀ ਯਾਤ੍ਰਿਕ ਵਹੀਰਾਂ ਪੈ ਗਈਆਂ।

ਇਥੇ ਹੀ ਬੱਸ ਨਹੀਂ, ਕਈ ਥਾਈਂ ਗੁਰਪੁਰਬ ਪੋਹ ਸੁਦੀ ਸਪਤਮੀ ਸਮੇਂ ਅੱਧੀ ਰਾਤ ਚਲਣ ਪਿੱਛੋਂ ਉਪਰੋਕਤ ਕਵੀ ਰਚਨਾ ‘ਅਬ ਮੈਂ ਅਪਨੀ ਕਥਾ ਬਖਾਨੋ’ ਨੂੰ ਜਨਮ ਕਥਾ ਦਾ ਰੂਪ ਦੇ ਕੇ ਸਜੇ ਦੀਵਾਨਾਂ ਵਿੱਚ ਜਰੂਰੀ ਪੜ੍ਹਣਾ ਗੁਰਪੁਰਬ ਦਾ ਇੱਕ ਅਤੀ ਲੋੜੀਂਦਾ ਅੰਗ ਬਣ ਗਿਆ।

ਕੋਈ ਪੁੱਛੇ ਕਿ ‘ਅਬ ਮੈ ਅਪਨੀ ਕਥਾ ਬਖਾਨੋ’ ਵਾਲੀ ਰਚਨਾ ਵਿੱਚ ਕੁਝ ਸੱਚ ਵੀ ਹੈ ਕਿ ਝੂਠ ਹੀ ਝੂਠ ਲਿਖਿਆ ਹੈ ਜਾਂ ‘ਰਾਈ’ ਦਾ ਪਹਾੜ ਅਥਵਾ ਖੰਭ ਦਾ ਕਾਂ ਬਣਾ ਕੇ ਦੱਸਣ ਵਾਂਗੂੰ ਅਤਿ-ਕਥਨੀ ਹੈ ਅਤੇ ਇਸ ਸੱਚ-ਝੂਠ ਤਥਾ ਅਤਿ-ਕਥਨੀ ਦਾ ਨਿਤਾਰਾ ਕਿਵੇਂ ਕੀਤਾ ਜਾਵੇ, ਤਾਂ ਇਸ ਸਬੰਧੀ ਕਿਸੇ ਉਕਤੀ-ਜੁਗਤੀ ਭਾਵ ਦਲੀਲਬਾਜ਼ੀ ਦੀ ਗੁੰਝਲ ਵਿੱਚ ਪੈਣ ਦੀ ਲੋੜ ਨਹੀਂ ਬਲਕਿ ‘ਪ੍ਰਤੱਖ’ ਨੂੰ ਪ੍ਰਮਾਣ ਕੀ’ ਵਾਂਗੂੰ ਕਿਸੇ ਦ੍ਰਿਸ਼ਟਾਂਤ ਪ੍ਰਮਾਣ ਆਦਿਕ ਦੀ ਜਰੂਰਤ ਵੀ ਨਹੀਂ। ਕਾਰਣ ਇਹ ਹੈ ਕਿ ਇਸ ਰਚਨਾ ਵਿਚਲਾ ਅੱਖਰ-ਅੱਖਰ ਆਪਣੇ ਆਪ ਹੀ ਫੁੱਟ-ਫੁੱਟ ਕੇ ਇਸ ਨੂੰ (ਕਵੀ ਕਲਪਤਿ) ਨਿਰੋਲ਼ ਮਿਥਿਆਵਾਦ ਦਰਸਾ ਰਿਹਾ ਹੈ, ਜਿਸਦਾ ਸੰਖੇਪਕ ਵੇਰਵਾ ਹੇਠ ਲਿਖੇ ਅਨਸਾਰ ਹੈ, ਯਥਾ:-

ਇਸ ਰਚਨਾ ਨੂੰ ਜਨਮ ਕਥਾ ਦੇ ਰੂਪ ਵਿੱਚ ਯਥਾਰਥ ਮੰਨਿਆਂ ਜਾਵੇ ਭਾਵ ਸੱਚ-ਮੁੱਚ ਹੀ ਅਕਾਲ ਪੁਰਖ ਅਤੇ ਦੁਸ਼ਟ ਦਮਨ ਦਾ ਵਰਲਾਪ ਸਮਝਿਆ ਜਾਵੇ ਤਾਂ ਸਭ ਤੋਂ ਪਹਿਲਾਂ (ਕਵੀਆਂ ਦੇ ਮੰਨੇ ਹੋਏ) ਅਕਾਲ ਪੁਰਖ ਉੱਤੇ ਹੀ ਕਿੰਤੂ ਹੋ ਸਕਦੇ ਹਨ ਜਿਨ੍ਹਾਂ ਵਿੱਚੋਂ ਵਿਸਥਾਰ ਭੈ ਕਾਰਣ ਕੇਵਲ ਇਹ ਪੱਖ ਹੀ ਲਿਆ ਜਾਵੇ ਕਿ ਅਕਾਲ ਪੁਰਖ ਨੇ ਦੁਸ਼ਟ ਦਮਨ ਕੋਲ ਗਿਲ੍ਹਾ ਕੀਤਾ ਕਿ ਮੈਂ ਆਦਿ ਕਾਲ ਤੋਂ ਲੈ ਕੇ ਹੁਣ ਤੱਕ ਅਨੇਕਾਂ ਦੈਂਤ, ਦੇਵਤੇ, ਅਸ਼ਟ ਸਾਖੀ, ਦੱਤ, ਗੋਰਖ, ਮਨੁੱਖ, ਰਾਮਾਨੰਦ, ਮੁਹੰਮਦ ਆਦਿਕ ਅਨੇਕਾਂ ਹੀ ਵਿਅਕਤੀਆਂ ਨੂੰ ਸੰਸਾਰ ਵਿੱਚ ਭੇਜਿਆ ਪਰ ਕਿਸੇ ਨੇ ਵੀ ਮੇਰਾ ਨਾਮ ਨਹੀਂ ਜਪਿਆ-ਜਪਾਇਆ ਸਗੋਂ ਆਪੋ-ਆਪਣੀ ਪੂਜਾ ਵਿੱਚ ਉਲਝ ਕੇ ਮੈਂਨੂੰ ਵਿਸਾਰ ਦਿੱਤਾ, ਯਥਾ-

ਜਬ ਪਹਿਲੇ ਹਮ ਸ੍ਰਿਸ਼ਟ ਬਨਾਈ। ਦਈਤ ਰਚੇ ਦੁਸ਼ਟ ਦੁਖਦਾਈ।
ਤੇ ਭਜਬਲ ਬਵਰੇ ਹੋਇ ਗਏ। ਪੂਜਤ ਪਰਮ ਪੁਰਖ ਰਹਿ ਗਏ।

ਦੱਸੋ,ਜਿਸ ਅਕਾਲ ਪੁਰਖ ਨੇ ਸਭ ਤੋਂ ਪਹਿਲਾਂ ਦੁਖ ਦੇਣ ਵਾਲੇ ਦੁਸ਼ਟ ਦੈਂਤ ਆਪ ਹੀ ਰਚੇ ਤੇ ਆਪ ਹੀ ਉਹਨਾਂ ਦੀਆਂ ਭੁਜਾਂ ਬਲਵਾਨ ਕੀਤੀਆਂ ਤਾਂ ਉਸ ਅਕਾਲ ਪੁਰਖ ਨੂੰ ਗਿਲਾ ਕਰਨ ਦਾ ਕੀ ਹੱਕ ਕਿ ਦੈਂਤ ਪਰਮ ਪੁਰਖ ਦੀ ਪੂਜਾ ਕਰਨ ਤੋਂ ਰਹਿ ਗਏ।

ਹੁਣ ਵੇਖਣਾ ਹੈ ਕਿ ਇਸ ਜਨਮ ਕਥਾ ਵਾਲੀ ਰਚਨਾ ਵਿੱਚ ਅਖੌਤੀ ਅਕਾਲ ਪੁਰਖ ਗਿਲਾ ਕਰਦਾ ਹੈ ਕਿ ਅੱਜ ਤੱਕ ਮੇਰਾ ਨਾਮ ਕਿਸੇ ਨੇ ਨਹੀਂ ਜਪਿਆ-ਜਪਾਇਆ ਪਰ ਆਦਿ ਗੁਰੂ ਜੀ ਦੇ ਅਵਤਾਰ ਦਿਨ ਵਿਸਾਖ ਸਦੀ ਤੀਜ, ਸੰਮਤ 1526 ਤੋਂ ਲੈ ਕੇ ਪੋਹ ਸੁਦੀ ਸਪਤਮੀ, ਸੰਮਤ 1723 ਗੁਰੂ ਕਲਗੀਧਰ ਜੀ ਦੇ ਅਵਤਾਰ ਤੱਕ ਪੂਰੇ 197 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਨੌ ਜਾਮਿਆਂ ਵਿੱਚ ਸਤਿਨਾਮ ਜਪਣ-ਜਾਪਾਉਣ ਦਾ ਜੋ ਚੱਕਰ ਚਲਾਇਆ ਸੀ, ਕੀ ਉਹ ਅਕਾਲ ਪੁਰਖ ਦੀ ਦ੍ਰਿਸ਼ਟੀ ਤੋਂ ਬਾਹਰ ਸੀ? ਜਾਂ ਅਕਾਲ ਪੁਰਖ ਨੂੰ ਗੁਰੂ ਨਾਨਕ ਦੇਵ ਉੱਤੇ ਨਾਮ ਜਪਾਉਣ ਵਾਲਾ ਇਤਬਾਰ ਨਾ ਰਿਹਾ।

ਦੂਜੇ ਪਾਸੇ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਆਦਿਕ ਅਨੇਕਾਂ ਬਾਣੀਆਂ ਵਿੱਚ ਦਰਸਾਉਂਦੇ ਹਨ ਕਿ ਜਿਸ ਬਿਸੰਭਰ (ਵਿਸ਼ਵ-ਪਾਲਿਕ) ਨੂੰ ਮੈਂ ਸਿਮਰਦਾ ਹਾਂ, ਉਸਦਾ ਨਾਮ ਅਨੇਕਾਂ ਹੀ ਵਿਅਕਤੀਆਂ ਜਪਦੀਆਂ ਹਨ, ਯਥਾ-

ਸਿਮਰਉ ਜਾਸ ਬਿਸੁੰਭਰ ਏਕੈ॥ ਨਾਮੁ ਜਪਤ ਅਗਨਤ ਅਨੇਕੈ॥
(ਗਉੜੀ ਸੁਖਮਨੀ ਮ: 5, ਅਸਟਪਦੀ 1,262)

ਪੁਨਾ
ਕਈ ਕੋਟਿ ਭਏ ਬੈਰਾਗੀ॥ ਰਾਮ ਨਾਮ ਸੰਗਿ ਤਿਨਿ ਲਿਵ ਲਾਗੀ॥
ਕਈ ਕੋਟਿ ਪ੍ਰਭ ਕਉ ਖੋਜੰਤੇ॥ ਆਤਮ ਮਹਿ ਪਾਰਬ੍ਰਹਮ ਲਹੰਤੇ॥
ਕਈ ਕੋਟਿ ਦਰਸਨ ਪ੍ਰਭ ਪਿਆਸ॥
ਤਿਨ ਕੋ ਮਿਲਿਓ ਪ੍ਰਭ ਅਬਿਨਾਸ॥
ਕਈ ਕੋਟਿ ਮਾਗਹਿ ਸਤਿਸੰਗੁ॥ ਪਾਰਬ੍ਰਹਮ ਤਿਨ ਲਾਗਾ ਰੰਗੁ॥

(ਗਉੜੀ ਸੁਖਮਨੀ ਮ:5, ਅਸਟਪਦੀ 10, 276)

ਕਈ ਕੋਟਿ ਪਾਰਬ੍ਰਹਮ ਕੇ ਦਾਸ॥ ਤਿਨ ਹੋਵਤ ਆਤਮ ਪਰਗਾਸ॥
ਕਈ ਕੋਟਿ ਤਤ ਕੇ ਬੇਤੇ॥
ਸਦਾ ਨਿਹਾਰਹਿ ਏਕੋ ਨੇਤ੍ਰੇ॥
ਕਈ ਕੋਟਿ ਨਾਮ ਰਸੁ ਪੀਵਹਿ॥ ਅਮਰ ਭਏ ਸਦ ਸਦ ਹੀ ਜੀਵਹਿ॥
ਕਈ ਕੋਟਿ ਨਾਮ ਗੁਨ ਗਾਵਹਿ॥ ਆਤਮ ਰਸ ਸੁਖ ਸਹਜਿ ਸਮਾਵਹਿ॥
ਅਪੁਨੇ ਜਨ ਕਉ ਸਾਸਿ ਸਾਸਿ ਸਮਾਰੇ॥ ਨਾਨਕ ਓਇ ਪਰਮੇਸ਼ਰ ਕੇ ਪਿਆਰੇ॥

(ਗਉੜੀ ਸੁਖਮਨੀ ਮ: 5,ਅਸਟਪਦੀ 10, 276)

ਫਿਰ ਇਸੇ ਜਨਮ ਕਥਾ ਵਿੱਚ ਲਿਖੇ ਅਨੁਸਾਰ ਅਕਾਲ ਪੁਰਖ ਵਲੋਂ ਭਗਤ ਰਾਮਾਨੰਦ ਜੀ ਉੱਤੇ ‘ਪ੍ਰਭ ਕੀ ਕ੍ਰਿਆ ਨ ਕਿਛੂ ਬੀਚਾਰੀ’ ਵਾਲਾ ਝੂਠ ਅਰੋਪਣ ਕੀਤਾ ਗਿਆ ਹੈ ਜਿਸਦਾ ਖੰਡਨ ਆਦਿ ਗੁਰੂ ਗ੍ਰੰਥ ਸਾਹਿਬ ਦੁਆਰਾ ਹੋ ਰਿਹਾ ਹੈ, ਯਥਾ-

ਗੁਰੂ ਨਾਨਕ ਦੇਵ ਜੀ ਨੇ 8 ਸਾਲਾ ਪਹਿਲੀ ਉਦਾਸੀ ਸਮੇਂ ਬਨਾਰਸੋਂ ਭਗਤ ਰਾਮਾਨੰਦ ਜੀ ਦੇ ਨਿਕਟਵਰਤੀ ਸੇਵਕਾਂ ਕੋਲੋਂ ਭਗਤ ਜੀ ਦਾ ਜੋ ਸ਼ਬਦ ਲਿਆਂਦਾ ਸੀ, ਜਿਸ ਨੂੰ ਬਸੰਤ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਅੰਦਰ ਗੁਰੂ ਅਰਜਨ ਦੇਵ ਜੀ ਨੇ ਵਿਦਮਾਨ ਕੀਤਾ, ਉਸ ਸ਼ਬਦ ਵਿਚਲੀਆਂ ‘ਸਤਿਗੁਰ ਮੈਂ ਬਲਿਹਾਰੀ ਤੋਰ’ ਅਤੇ ‘ਰਾਮਾਨੰਦ ਸੁਆਮੀ ਰਮਤ ਬ੍ਰਹਮ,ਗੁਰ ਕਾ ਸ਼ਬਦ ਕਾਟੈ ਕੋਟਿ ਕਰਮ’ ਆਦਿਕ ਤੁੱਕਾਂ ਤੋਂ ‘ਪ੍ਰਭ ਕੀ ਕ੍ਰਿਆ ਨ ਕਿਛੂ ਬੀਚਾਰੀ,ਵਾਲਾ ਦੋਸ਼ ਰਾਮਾਨੰਦ ਜੀ ਉੱਤੇ ਲਿਆਉਣ ਦੀ ਥਾਵੇਂ ਉਲਤਾ ਮਿਥਿਆਵਾਦਕ ਦੋਸ਼ ਕਵੀ ਕਲਪਤਿ ਅਕਾਲ ਪੁਰਖ ਉੱਤੇ ਆਉਂਦਾ ਹੈ।

ਚੱਲਦਾ…


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top