Share on Facebook

Main News Page

ਪ੍ਰਿਥਮ ਭਗਉਤੀ ਸਿਮਰ ਕੈ… - 4
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 14

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਤਾਂ 'ਤੇ ਉੱਤੇ ਦਸਰਾਏ ਪ੍ਰਮਾਣਾਂ ਦੁਆਰਾ ਸਿੱਧ ਹੋਇਆ ਕਿ ਉਪਰੋਕਤ ‘ਖੰਡਾ) ਸ਼ਬਦ ਉੱਤੇ ਵੀ ਕੋਲੋਂ ਬਿੰਦਾ ਲਾ ਕੇ ‘ਖੰਡਾਂ’ ਪੜ੍ਹਣਾ ਹੀ ਸ਼ੁੱਧ ਪਾਠ ਹੈ ਜਿਸਦਾ ਅਰਥ ਸੁਤੇ ਹੀ ਧਰਤੀ ਦੇ ਖੰਡ ਬਣੇਗਾ, ਨਹੀਂ ਤੇ ਦੁਧਾਰੀ ਤਲਵਾਰ ਹੋਵੇਗਾ,ਜੋ ਪ੍ਰਕਰਣ ਅਨੁਸਾਰ ਉੱਕਾ ਹੀ ਅਸੰਗਤ (ਅਢੁਕਵਾਂ) ਹੋਵੇਗਾ।

ਉੱਤੇ ਦਰਸਾਏ ਤੋਂ ਬਿਨਾਂ ਲੱਛਣਾਂ ਬ੍ਰਿਤੀ ਜਾਂ ਕਿਸੇ ਹੋਰ ਅੰਤਰੀਵ ਅਰਥ ਦਾ ਆਸਰਾ ਲੈ ਕੇ ਖੰਡਾਂ ਦਾ ਅਰਥ ਕਾਲ ਰੂਪੀ ਖੰਡਾ ਕਦਾਚਿੱਤ ਨਹੀਂ ਹੋ ਸਕਦਾ।

ਕੇਵਲ ਦਸਮ ਗ੍ਰੰਥ ਹੀ ਨਹੀਂ ਸਗੋਂ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹੋ ਜਿਹੇ ਅਨੇਕਾਂ ਪਾਠ ਹਨ, ਜਿਨ੍ਹਾਂ ਉੱਤੇ ਅਵੱਸ਼ ਹੀ ਕੋਲੋਂ ਬਿੰਦਾ ਲਾਇਆਂ ਅਰਥ ਯਥਾਰਥ ਗਿਆਤ ਹੁੰਦੀ ਹੈ। ਜਿਵੇਂ ਕਿ-

ਆਸਾ ਕੀ ਵਾਰ ਵਿਚਲੇ ਸਲੋਕ ਵਿੱਚ ਘੜੀਆ ਅਤੇ ਗੋਪੀਆ ਵਾਲੀ ਤੁੱਕ ਦੇ ਘੜੀਆ ਤਥਾ ਗੋਪੀਆ ਦੋਹਾਂ ਸ਼ਬਦਾਂ ਉੱਤੇ ਬਿੰਦੇ ਨਹੀਂ, ਪਰ ਕੋਲੋਂ ਬਿੰਦੇ ਲਾ ਕੇ ਘੜੀਆਂ ਅਤੇ ਗੋਪੀਆਂ ਪੜ੍ਹਨਾ ਪੈਂਦਾ ਹੈ।
ਜਿਵੇਂ ਬਲਵੰਡ-ਸੱਤੇ ਦੀ ਵਾਰ ਅੰਦਰ ‘ਪੁਤ੍ਰੀ ਕਉਲ ਨਾ ਪਾਲਿਓ’ ਵਾਲੀ ਤੁਕ ਦੇ ‘ਪੁਤ੍ਰੀ’ ਸ਼ਬਦ ਉੱਤੇ ਬਿੰਦਾ ਨਹੀਂ, ਜਿਸ ਉੱਤੇ ਕੋਲੋਂ ਬਿੰਦਾ ਲਾ ਕੇ ‘ਪੁਤ੍ਰੀ’ ਪੜ੍ਹੇ ਤੋਂ ਬਿਨਾ ‘ਪੁਤਰਾਂ’ ਦੀ ਥਾਵੇਂ ਉਲਟਾ ‘ਪੁਤ੍ਰੀ’ (ਲੜਕੀ ) ਅਰਥ ਹੋ ਜਾਵੇਗਾ, ਇਤਿਆਦਿਕ ਬੇਅੰਤ ਸ਼ਬਦ ਪ੍ਰਮਾਣ ਵਜੋਂ ਦਿੱਤੇ ਜਾ ਸਕਦੇ ਹਨ ਪਰ ਵਿਸਥਾਰ ਭੈ ਕਾਰਣ ਨਹੀਂ ਲਿਖੇ।

ਆਓ! ਹੁਣ ਦਸਮ ਗ੍ਰੰਥ ਵਿੱਚੋਂ ਵੀ ਵੇਖੀਏ ਕਿ ਇਨ੍ਹਾਂ ਕਵੀਆਂ ਅਨੁਸਾਰ ਕਿਸਨੇ ਸੰਸਾਰ ਰਚਿਆ, ਕਿਸ ਨੇ ਬ੍ਰਹਮਾ, ਬਿਸ਼ਨ, ਮਹੇਸ਼ ਸਾਜੇ ਅਤੇ ਕਿਸ ਨੇ ਦੇਵ-ਦਾਨਵ ਬਣਾਏ, ਕਿਸ ਨੇ ਰਾਮ ਅਤੇ ਕ੍ਰਿਸ਼ਨ ਨੂੰ ਬਲ ਦਿੱਤਾ। ਕਿਸਨੇ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ।

ਵੇਖੋ ਮੱਛ ਅਵਤਾਰ ਅੰਕ 29 ਜਿਸ ਵਿੱਚ ਸ਼ਿਆਮ ਕਵੀ ਆਪਣੇ ਇਸ਼ਟ ਮਹਾਂਕਾਲ ਨੂੰ ਸੰਖੇਪਕੀ ਰੂਪ ਅੰਦਰ ਕਾਲ ਅਤੇ ਉਸ ਦੀ ਸ਼ਕਤੀ ਕਾਲਿਕਾ (ਭਗਵਤੀ) ਨੂੰ ਭਵਾਨੀ ਰੂਪ ਵਿੱਚ ਦਰਸਾਉਂਦਿਆਂ ਹੋਇਆਂ ਲਿਖਦਾ ਹੈ ਕਿ-

ਪ੍ਰਿਥਮ ਕਾਲ ਸਭ ਜਗ ਕੋ ਤਾਤਾ। ਤਾਂ ਤੇ ਭਯੋ ਤੇਜ ਬਿਖਯਾਤਾ।
ਸੋਈ ਭਵਾਨੀ ਨਾਮ ਕਹਾਈ। ਜਿਨ ਸਿਗਰੀ ਇਹ ਸ੍ਰਿਸ਼ਟ ਉਪਾਈ।

ਤਾਂ ਤੇ ਸਾਕਤਾਂ ਨੇ ਪ੍ਰਮਾਤਮਾ ਦੀ ਸਾਰੀ ਸ਼ਕਤੀ ਦੇਵੀ ਭਗਵਤੀ ਵਿੱਚ ਹੀ ਮੰਨੀ ਹੈ। ਜਿਵੇਂ ਕਿ ਚਰਿਤਰੋ ਪਖਯਾਨ ਦੇ ਸਿਰਲੇਖ ਵਿੱਚ ‘ਸ੍ਰੀ ਭਗੌਤੀਏ ਨਮਹ’ ਭਾਵ ਭਗਉਤੀ ਨੂੰ ਨਮਸਕਾਰ ਕਰਕੇ ਪਹਿਲੇ ਅਧਿਆਇ ਵਿੱਚ ਇਸੇ ਨੂੰ ਯੋਗਮਾਯਾ, ਜਗਤਮਾਤਾ ਆਦਿਕ ਮੰਨਦਿਆਂ ਹੋਇਆਂ ਕਿਹਾ ਕਿ ਤੂੰ ਹੀ ਬ੍ਰਹਮਾ, ਬਿਸ਼ਨ ਅਤੇ ਰੁਦ੍ਰ (ਸ਼ਿਵ) ਨੂੰ ਪੈਦਾ ਕੀਤਾ।ਦੈਂਤ, ਦੇਵਤੇ, ਜੱਛ ਆਦਿਕ ਤੂੰ ਹੀ ਪੈਦਾ ਕੀਤੇ ਹਨ। ਯਥਾ-

ਤੂ ਹੀ ਜੋਗਮਾਯਾ ਤੂ ਹੀ ਬਾਕਬਾਨੀ। ਤੂ ਹੀ ਆਪ ਰੂਪਾ ਤੂ ਹੀ ਭਵਾਨੀ।
ਤੂ ਹੀ ਬਿਸ਼ਨ ਤੂ ਬ੍ਰਹਮਾ ਤੂ ਰੁਦ੍ਰ ਰਾਜੈ। ਤੂ ਹੀ ਬਿਸਵ ਮਾਤਾ ਸਦਾ ਜੈ ਬਿਰਾਜੈ।2।
ਤੂ ਹੀ ਦੇਵ ਤੂ ਦੈਤ ਤੂ ਜੱਛ ਉਪਾਏ। ਤੂ ਹੀ ਤੁਰਕ ਹਿੰਦੂ ਜਗਤ ਮੈ ਬਨਾਏ।3।
ਤੁਮੀ ਬੱਕ (ਮੂੰਹ) ਤੇ ਬੇਦ ਚਾਰੋ ਉਚਾਰੇ। ਤੂ ਹੀ ਸੁੰਭ ਨੈ ਸੁੰਭ ਦਾਨੌ ਸੰਘਾਰੇ
।4।
ਤੁਮੀ ਰਾਮ ਹਵੈ ਕੇ ਹਠੀ ਦੈਤ ਘਾਯੋ। ਤੂਹੀ ਕ੍ਰਿਸ਼ਨ ਹਵੈ ਕੰਸ ਕੇਸੀਂ ਖਪਾਯੋ।6।
ਤੂੰ ਹੀ ਆਦਿ ਉਪਾਵੈਂ ਤੂੰ ਹੀ ਅੰਤ ਮਾਰੈ।7। ਆਦਿਕ

ਕ੍ਰਿਸ਼ਨਵਤਾਰੇ ਛੰਦਾਂ ਵਿੱਚ ‘ਅਥ ਦੇਵੀ ਜੁ ਕੀ ਉਸਤਤਿ ਕਥਨੰ’ ਸਿਰਲੇਖ ਹੇਠਾਂ ਲਿਖਿਆ ਹੈ ਕਿ- ਤੂੰ ਹੀ ਅਸਤ੍ਰਣੀ ਸਸਤ੍ਰਣੀ ਆਪਰੂਪਾ…..

ਉੱਪਰ ਦਿਤੇ ਪ੍ਰਮਾਣਾਂ ਤੋਂ ਸਪਸ਼ਟ ਹੋਇਆ ਕਿ ਦੇਵੀ ਭਗੌਤੀ (ਭਗਵਤੀ ਜਾਂ ਭਗਉਤੀ) ਤੋਂ ਹੀ ਰਾਮ ਅਤੇ ਕ੍ਰਿਸ਼ਨ ਨੇ ਰਾਵਣ ਤਥਾ ਕੰਸ ਨੂੰ ਮਾਰਨ ਲਈ ਬਲ ਪ੍ਰਾਪਤ ਕੀਤਾ ਸੀ। ਬਲਕਿ ਉਪਰੋਕਤ ਪ੍ਰਮਾਣਾਂ ਤੋਂ ਤਾਂ ਪ੍ਰਤੱਖ ਹੋ ਰਿਹਾ ਹੈ, ਕਿ ਦੇਵੀ ਭਗਤ ਕਵੀਆਂ ਦੀ ਦ੍ਰਿਸ਼ਟੀ ਵਿੱਚ ਤਾਂ ਭਗਉਤੀ ਨੇ ਆਪ ਹੀ ਰਾਮ ਅਤੇ ਕ੍ਰਿਸ਼ਨ ਜੀ ਦੇ ਰੂਪ ਵਿੱਚ ਅਵਤਾਰ ਧਾਰਿਆ ਸੀ।

ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰਨ ਹਿੱਤ ਬਲ ਪਰਾਪਤੀ ਵਾਸਤੇ ਜੋ ਦੇਵੀ ਭਗਵਤੀ ਦੀ ਪੂਜਾ ਕੀਤੀ ਸੀ, ਉਸਦੀ ਕਥਾ ਦੇਵੀ ਭਾਗਵਤ, ਮਹਾਂ ਭਾਗਵਤ ਅਤੇ ਕਾਲਿਕਾ ਆਦਿਕ ਪੁਰਾਣਾਂ ਵਿੱਚ ਲਿਖੀ ਹੈ।

ਇਨ੍ਹਾਂ ਸਾਕਤ ਮਤੀਏ ਕਵੀਆਂ ਨੇ ਆਪਣੀ ਰਚਨਾ ਕ੍ਰਿਸ਼ਨਾਵਤਾਰ ਵਿੱਚ ਕ੍ਰਿਸ਼ਨ ਜੀ ਤੋਂ ਵੀ ਨਿਤਾਪ੍ਰਤੀ ਦੁਰਗਾ ਸਪਤਸ਼ਤੀ (ਦੁਰਗਾ-ਪਾਠ ਜਾਂ ਦੁਰਗਾ ਸਤੋਤ੍ਰ ) ਦਾ ਪਾਠ ਕਰਵਾ ਕੇ ਉਨ੍ਹਾਂ ਨੂੰ ਦੇਵੀ ਭਗਤ ਸਿੱਧ ਕੀਤਾ ਹੈ, ਯਥਾ-

ਫਿਰ ਪਾਠ ਕਰੈ ਸਤਿ ਸੈਟਿ ਸਲੋਕ ਕੋ ਸਯਾਮ ਨਿਤਾਪ੍ਰਤਿ ਪੈ ਨ ਟਰੈ। (ਅੰਕ 230)

ਤਾਂ ਤੇ ਉਪਰੋਕਤ ਤੁੱਕਾਂ ‘ਤੁਮੀ ਸੁਭੰ ਦਾਨੋ ਸ਼ੰਘਾਰੋ’ ਆਦਿਕ ਤੋਂ ਇਹੀ ਸਿੱਧ ਹੁੰਦਾ ਹੈ ਕਿ ਭਗੌਤੀ ਨੇ ਆਪ ਹੀ ਦੁਰਗਾ ਰੂਪ ਧਾਰਨ ਕਰਕੇ ਦੈਂਤਾਂ ਦਾ ਨਾਸ ਕੀਤਾ।

ਵਾਸਤਵ ਵਿੱਚ ਦੇਵੀ ਭਗਤਾਂ ਅਨੁਸਾਰ ਦੇਵੀ ਦੇਵੀ ਦੇ ਕਈ ਰੂਪਾਂ (ਅਵਤਾਰਾਂ) ਵਿੱਚੋਂ ਉਸਦਾ ਇੱਕ ਅਤੀ ਕਰੂਰ ਕ੍ਰੋਧੀ ਅਤੇ ਜੋਧਾ ਰੂਪ ਵੀ ਹੈ ਜਿਸ ਵਿੱਚ ਉਹ ਮੌਤ, ਭੈ, ਖੂਨ-ਖਰਾਬੇ ਅਤੇ ਨਾਸ ਦੀ ਦੇਵੀ ਹੈ। ਆਪਣੇ ਇਸ ਪੱਖ ਨੂੰ ਪ੍ਰਗਟ ਕਰਨ ਹਿੱਤ ਭਗਵਤੀ, ਕਾਲੀ, ਦੁਰਗਾ, ਭਵਾਨੀ, ਚੰਡੀ ਆਦਿਕ ਰੂਪਾਂ ਵਿੱਚ ਅਵਤਾਰ ਧਾਰਦੀ ਹੈ। ਤਾਂ ਤੇ ਭਗੌਤੀ ਦੀ ਵਾਰ ਵਿੱਚ ਭਗਉਤੀ ਦੇ ਇਸੇ ਰੂਪ ਅੰਦਰ ਦਰਸ਼ਨ ਹੁੰਦੇ ਬਲਕਿ, ਦਸਮ ਗ੍ਰੰਥ ਦੇ ਕਈ ਪੁਰਾਤਨ ਉਤਾਰਿਆਂ ਵਿੱਚ ਪਿੱਛੇ ਦੱਸੇ ਅਨੁਸਾਰ, ਇਸ ਵਾਰ ਦਾ ਸਿਰਲੇਖ ਵੀ ‘ਵਾਰ ਸ੍ਰੀ ਦੁਰਗਾ ਜੀ’ ਲਿਖਿਆ ਹੋਇਆ ਮਿਲਦਾ ਹੈ।

ਇਸ ਤੋਂ ਬਿਨਾਂ, ਦੇਵੀ ਭਾਗਵਤ, ਪੁਰਾਣ ਅਤੇ ਮਹਾਂਨਿਰਵਾਣ ਤੰਤ੍ਰ ਅਨੁਸਾਰ ਦੇਵੀ ਭਗਵਤੀ ਨੇ ਆਪ ਹੀ ਪਾਰਬਤੀ ਦਾ ਰੂਪ ਧਾਰਨ ਕਰਕੇ ਸ਼ਿਵ ਜਝ ਨਾਲ ਵਿਆਹ ਕੀਤਾ ਦੇਵਤਿਆਂ ਦੀ ਰੱਖਿਆ ਹਿੱਤ ਦੁਰਗ ਦੈਂਤ (ਜੋ ਗੁਰ ਦੈਂਤ ਦਾ ਪੁੱਤਰ ਸੀ) ਦਾ ਬੱਧ ਕਰਕੇ ਦੁਰਗਾ ਨਾਮ ਨਾਲ ਪ੍ਰਸਿੱਧ ਹੋਈ।

ਇਸ ਤਰ੍ਹਾਂ ਸਪਸ਼ਟ ਹੋਇਆ ਕਿ ਭਗਉਤੀ ਦੀ ਵਾਰ ਦੀ ਦੂਜੀ ਪਉੜੀ ਵੀ ਦੇਵੀ ਭਗੌਤੀ ਨੂੰ ਹੀ ਸੰਬੋਧਤ ਕਰਕੇ ਲਿਖੀ ਗਈ ਹੈ। ਇਸ ਲਈ ਉਥੇ ਭਗਉਤੀ ਸ਼ਬਦ ਦਾ ਅਰਥ ‘ਦੇਵੀ ਭਗਵਤੀ’ ਤੋਂ ਬਿਨਾਂ ਅਕਾਲ ਪੁਰਖ ਆਦਕ ਕੋਈ ਹੋਰ ਅਰਥ ਨਹੀਂ ਹੋ ਸਕਦਾ।

ਚੱਲਦਾ…


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top