Share on Facebook

Main News Page

ਤਪ ਸਾਧਤ ਪ੍ਰਭ ਮੋਹਿ ਬੁਲਾਇਓ - 2
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 21

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਤੀਜਾ, ਇਸ ਰਚਨਾ ਵਿੱਚ ਵਿਆਕਰਣ ਭੁੱਲਾਂ ਹੋਣ ਕਾਰਕੇ ਵੀ ਅਭੁੱਲ ਵਲੋਂ ਉਚਰੀ ਸਿੱਧ ਨਹੀਂ ਹੁੰਦੀ, ਜਿਵੇਂ ਕਿ ‘ਜਬ ਪਹਿਲੇ ਹਮ ਸ੍ਰਿਸ਼ਟ ਬਣਾਈ’ ਵਾਲੀ ਤੁੱਕ ਤੋਂ ਅਕਾਲ ਪੁਰਖ ਉੱਤਮ ਪੁਰਖ ਪਰਤੀਤ ਹੁੰਦਾ ਹੈ, ਪ੍ਰੰਤੂ ‘ਪ੍ਰਭ ਕੋ ਪ੍ਰਭੂ ਨ ਕਿਨਹੂ ਜਾਨਾ’ ਅਤੇ ‘ਤਬ ਸਾਖੀ ਪ੍ਰਭ ਅਸ਼ਟ ਬਨਾਏ’ ਆਦਿਕ ਤੁੱਕਾਂ ਵਿੱਚ ਅਕਾਲ ਪੁਰਖ ‘ਅੰਨਯਾ ਪੁਰਖ’ ਦਰਸਾਇਆ ਹੈ, ਇਤਿਆਦਿਕ ਭੁੱਲਾਂ ਅਕਾਲ ਪੁਰਖ ਜਾਂ ਦਸਮ ਪਿਤਾ ਜੀ ਵਲੋਂ ਸੁਪਨੇ ਵਿੱਚ ਵੀ ਨਹੀਂ ਹੋ ਸਕਦੀਆਂ, ਜਿਸ ਤੋਂ ਇਹ ਰਚਨਾ ਨਿਰੋਲ ਕਵੀ ਦਾ ਮਿਥਿਆਵਾਦ ਸਿੱਧ ਹੁੰਦਾ ਹੈ।

ਚਤੁਰ ਕਵੀ ਨੇ ਭਾਵੇਂ ਕਿਤਨੇ ਹੀ ਵਲ-ਫੇਰ ਪਾ ਕੇ ਮਹਾਂਕਾਲ ਕਾਲਿਕਾ ਅਰਾਧੀ’ ਵਾਲੀ ਰਚਨਾ ਦਸਮ ਪਿਤਾ ਜੀ ਵਲੋਂ ਰਚੀ ਸਿੱਧ ਕਰਨ ਲਈ ਬ੍ਰਿਥਾ ਜਤਨ ਕੀਤਾ ਹੈ ਪਰ ‘ਉਘਰ ਗਇਆ ਜੈਸੇ ਖੋਟਾ ਢਬੂਆ’ ਗੁਰਵਾਕ ਅਨੁਸਾਰ ਆਪਣੇ ਆਪ ਹੀ ਝੂਠ ਨਿੱਖਰ ਕੇ ਸਾਹਮਣੇ ਆ ਰਿਹਾ ਹੈ।

ਚੌਥਾ, ਇਸ ਰਚਨਾ ਵਿੱਚ ਕਾਲ ਭੰਗ (ਇਤਿਹਾਸਿਕ ਪੱਖ ਦੇ ਉਲਟ) ਦੋਸ਼ ਵੀ ਆਉਂਦਾ ਹੈ ਜੋ ਕਿ ਇੱਕ ਵੱਡੀ ਭੁੱਲ ਹੈ, ਜਿਵੇਂ ਕਿ ਰਾਮਾਨੰਦ ਨੂੰ ਸੰਸਾਰ ਵਿੱਚ ਭੇਜਣਾ ਪਹਿਲਾਂ ਦੱਸਿਆ ਹੈ ਅਤੇ ਮਹਾਂਦੀਨ (ਮੁਹੰਮਦ ਸਾਹਿਬ ) ਨੂੰ ਪਿੱਛੇ ਲਿਖਿਆ ਹੈ, ਪਰ ਮੁਹੰਮਦ ਸਾਹਿਬ ਰਾਮਾਨੰਦ ਤੋਂ ਲੱਗਭੱਗ 800 ਪਹਿਲਾਂ ਹੋਏ ਹਨ ਅਤੇ ਰਾਮਾਨੰਦ ਜੀ ਪਿੱਛੋਂ।

ਕੀ ਹਜ਼ਰਤ ਮੁਹੰਮਦ ਸਾਹਿਬ ਅਤੇ ਰਾਮਾਨੰਦ ਜੀ ਨੂੰ ਇਸ ਸੰਸਾਰ ਵਿੱਚ ਭੇਜਣ ਵਾਲੇ ਅਕਾਲ ਪੁਰਖ ਨੂੰ ਇਤਨਾ ਚੇਤਾ ਵੀ ਨਾ ਰਿਹਾ ਕਿ ਮੈਂ ਰਾਮਾਨੰਦ ਨੂੰ ਪਹਿਲਾ ਭੇਜਿਆ ਹੈ, ਜਾਂ ਮੁਹੰਮਦ ਸਾਹਿਬ ਨੂੰ? ਜਿਸ ਤੋਂ ਆਪਣੇ ਆਪ ਹੀ ਸਿੱਧ ਹੋਇਆ ਕਿ ਇਹ ਕਪੋਲ ਕਲਪਨਾ ਕੇਵਲ ਕਵੀ ਦੀ ਹੈ।

ਕੇਵਲ ਇਥੇ ਹੀ ਨਹੀਂ, ਇਸ ਕਵੀ ਨੇ ਆਪਣੀਆਂ ਕ੍ਰਿਤੀਆਂ ਵਿੱਚ ਹੋਰ ਵੀ ਕਈ ਥਾਈਂ ਇਤਿਹਾਸਿਕ ਪੱਖ ਵਿਰੁੱਧ ਬੇਥਵੀਆਂ ਮਾਰੀਆਂ ਹਨ ਜਿਵੇਂ ਕਿ ਤਰੇਤਾ ਜੁਗ ਵਿੱਚ ਹੋ ਗੁਜਰੇ ਰਾਮ ਚੰਦਰ ਜੀ ਦੇ ਪੜਦਾਦਾ ਰਾਜੇ ਰਗ ਦੀ ਵਡਿਆਈ ਕਰਦਿਆਂ ਹੋਇਆਂ ਕਲਜੁਗ ਵਿੱਚ ਹੋਏ ਗੋਰਖ ਨਾਥ ਅਤੇ ਰਾਮਾਨੰਦ ਦੇ ਪ੍ਰਮਾਣ ਦਿੱਤੇ ਹਨ, ਯਥਾ:-

ਸ੍ਰੀ ਰਘੁਰਾਜ ਰਾਜ ਜਗ ਕੀਨਾ (ਰਘੁਰਾਜ ਅੰਕ 135)

ਸੰਨਿਆਸਨ ਦੱਤ ਰੂਪ ਕਰ ਜਾਨਿਉ, ਜੋਗਨ ਗੁਰ ਗੋਰਖ ਕਰ ਮਾਨਿਉ।
ਰਾਮਾਨੰਦ ਬੈਰਾਗਨ ਜਾਨਾ, ਮਹਾਂਦੀਨ ਤੁਰਕਨ ਪਹਿਚਾਨਾ।
(ਅੰਕ 140)

ਸਤਜੁਗ ਵਿੱਚ ਸੁਆਸ ਬੀਰਜ ਦੈਂਤ ਵਲੋਂ ਮਹਾਂਕਾਲ ਨਾਲ ਜੁੱਧ ਕਰਦਿਆਂ ਆਪਣੇ ਮੂੰਹ ਦੀ ਹਵਾੜ ਨਾਲ ਸ਼ੇਖ, ਸੱਯਦ, ਮੁਗਲ, ਪਠਾਣ ਪੈਦਾ ਕਰਨੇ ਲਿਖਿਆ ਹੈ, ਵੇਖੋ ਮਹਾਂਕਾਲ ਦਾ ਕਾਲ 405 ਵਾਂ ਚਰਿਤ੍ਰ ਅੰਕ 198 ਅਤੇ 199 ਆਦਿਕ।

ਪੰਜਵਾਂ, ਉੱਤੇ ਕਥਨ ਕੀਤੇ ਅਨੁਸਾਰ ਇਸ ਰਚਨਾ ਵਿੱਚ ਜਿੱਥੇ ਵਿਆਕਰਣਕ ਅਤੇ ਕਾਲ ਭੰਗ ਦੋਸ਼ ਹਨ, ਉਥੇ (ਕਵੀ ਕਲਪਤ) ਇੱਕ ਹੋਰ ਵੱਡਾ ‘ਮਿਥਿਆਵਾਦਕ’ ਦੋਸ਼ ਵੀ ਹੈ, ਇਸ ਲਈ ਇਸ ਰਚਨਾ ਨੂੰ ਦਸ਼ਮੇਸ਼ ਕ੍ਰਿਤ ਕਹਿਣਾ ਅਨੁਚਿਤ ਹੀ ਨਹੀਂ, ਸਗੋਂ ਨਿਰੋਲ ਬੁੱਧੂਪਣਾ ਹੈ।

ਉਪਰੋਕਤ ਭੁੱਲ ਦੇ ਪਰਭਾਵ ਹੇਠ ਹੀ ਅਨੇਕਾਂ ਸ਼ਰਧਾਲੂ ਇਸ ਰਚਨਾ ਵਿੱਚ ਆਏ ‘ਅਕਾਲ ਪੁਰਖ ਬਾਚ ਇਸ ਕੀਟ ਪ੍ਰਤਿ’ ਅਤੇ ‘ਮੈਂ ਆਪਣਾ ਸੁਤ ਤੋਹਿ ਨਿਵਾਜਾ’ ਤਥਾ ‘ਕਬਿਯੋਬਾਚ-ਠਾਢ ਭਇਓ ਮੈਂ ਜੋਰ ਕਰ’ਆਦਿਕ ਕਵੀਆਂ ਵਲੋਂ ਤੋਲੇ ਹੋਏ ਕੁਫਰ ਨੂੰ ਦਸਮ ਗਿਰਾ ਸਮਝ ਕੇ ਗੁਰਪੁਰਬਾਂ ਸਮੇਂ ਜਨਮ ਵੇਲੇ ਪੜ੍ਹਦੇ ਹੋਏ ਫੁੱਲੇ ਨਹੀਂ ਸਮਾਉਂਦੇ।

ਪਿੱਛੇ ਦੱਸ ਆਏ ਹਾਂ ਕਿ ਉਪਰੋਕਤ ਰਚਨਾ ਇੱਕ ਮਹਾਂਕਾਲ ਅਤੇ ਕਾਲੀ ਦੇਵੀ ਦੇ ਉਪਾਸ਼ਕ ਸਾਕਤ ਕਵੀ ਦਾ ਕੁਟਿਲ ਨੀਤੀ ਦੇ ਪ੍ਰਭਾਵ ਹੇਠ ਮਨੋਕਲਪਤਿ ਨਿਰੋਲ ਮਿਥਿਆਵਾਦ ਹੈ, ਜਿਸ ਨੂੰ ਦਸ਼ਮੇਸ਼ ਕ੍ਰਿਤ ਇਸ ਲਈ ਦਰਸਾਇਆ ਗਿਆ ਕਿ ਸਿੱਖ ਪੰਥ ਇਹ ਨਿਸਚਾ ਕਰ ਲਵੇ ਕਿ ਦਸਮ ਪਿਤਾ ਪਿਛਲੇ ਸਮੇਂ ਦੁਸ਼ਟ ਦਮਨ ਰੂਪ ਵਿੱਚ ਵੀ ਮਹਾਕਾਲ ਅਤੇ ਕਾਲਿਕਾ ਅਰਾਧਕ ਸਨ।

ਇਹ ਵੀ ਦੱਸ ਆਏ ਹਾਂ ਕਿ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਜਾਣੇ ਜਾਂ ਬਿਨਾਂ ਜਾਣੇ ਇਹ ਰਚਨਾ ਦਸਮ ਗਿਰਾ ਸਮਝ ਕੇ ਸੂਰਜ ਪ੍ਰਕਾਸ਼ ਅੰਦਰ ਇੱਕ ਰੌਚਕ ਢੰਗ ਅਤੇ ਮਨੋਰੰਜਕ ਕਵਿਤਾ ਦੀ ਲਪੇਟ ਵਿੱਚ ਇਸ ਨਿਰੋਲ ਮਿਥਿਆਵਾਦ ਨੂੰ ਯਥਾਰਥਤਾ ਦਾ ਰੂਪ ਦੇਣ ਵਿੱਚ ਆਪਣੇ ਵਲੋਂ ਕੋਈ ਕਸਰ ਨਹੀਂ ਛੱਡੀ, ਤੇ ਨਾਲ ਹੀ ਸਿੱਖ ਪੰਥ ਦੇ ਇੱਕ ਮੰਨੇ-ਪ੍ਰਮੰਨੇ ਉਸ ਕੋਟੀ ਦੇ ਵਿਦਵਾਨ ਸਚਖੰਡ ਵਾਸੀ ਪੰਡਤ ਤਾਰਾ ਸਿੰਘ ਜੀ ਨਿਰੋਤਮ ਜਿਹੀ ਮਹਾਨ ਵਿਅਕਤੀ ਨੇ ਵੀ ਧੋਖਾ ਖਾ ਕੇ ਮਹਾਂਭਾਰਤ ਦੇ ਆਦਿ ਪੁਰਬ ਧਿਆਇ 119 ਵੇਂ ਵਿਚਲੇ 47 ਤੋਂ 50 ਤੱਕ 4 ਸਲੋਕਾਂ ਦਾ ਆਸਰਾ ਲੈ ਕੇ ਸਪਤ ਸ੍ਰਿੰਗ ਅਤੇ ਹੇਮਕੁੰਟ ਤਥਾ ‘ਪੰਡੂਰਾਜ ਜਿਹ ਜੋਗ ਕਮਾਵਾ’ ਆਦਿਕ ਤੁੱਕਾਂ ਦੇ ਅਧਾਰ ਉੱਤੇ ਆਪਣੇ ਵਲੋਂ ਗੁਰੂ ਜੀ ਦੇ ਤਪ-ਅਸਥਾਨ ਦਾ ਗਲਤ ਫੈਸਲਾ ਦੇ ਦਿੱਤਾ,ਹਾਲਾਂਕਿ ਉਪਰੋਕਤ 4 ਸਲੋਕਾਂ ਵਿੱਚ ਹੇਮਕੁੰਟ ਅਤੇ ਗੰਧ ਮਾਦਮ ਆਦਿਕ ਅਸਥਾਨਾਂ ਉੱਤੇ ਵਿਚਰਨਾ ਅਤੇ ਨਿਵਾਸ ਕਰਨ ਦਾ ਵਰਨਣ ਰਾਜਾ ਪੰਡੂ ਸਬੰਧੀ ਹੈ, ਦਸਮ ਗੁਰੂ ਜੀ ਦਾ ਇਹਨਾਂ ਸਲੋਕਾਂ ਵਿੱਚ ਰੰਚਕ ਮਾਤਰ ਵੀ ਜ਼ਿਕਰ ਨਹੀਂ।

ਕੋਈ ਸ਼ਕ ਨਹੀਂ ਕਿ ਸਤਿਕਾਰਜੋਗ ਪੰਡਤ ਤਾਰਾ ਸਿੰਘ ਜੀ ਸਿੱਖ ਪੰਥ ਵਿੱਚ ਉੱਚਕੋਟੀ ਵਿਦਵਾਨ ਸਨ ਅਤੇ ਉਨ੍ਹਾਂ ਨੇ ਸਿੱਖ ਪੰਥ ਨੂੰ ਬਹੁਤ ਕੁੱਝ ਦੇਣ ਦਿੱਤੀ ਹੈ ਜਿਵੇਂ ਕਿ ‘ਗੁਰੂ ਗ੍ਰੰਥ ਕੋਸ਼’ ਅਤੇ ‘ਗੁਰਮਤਿ ਨਿਰਣੈ ਸਾਗਰ’ ਤਥਾ ‘ਭਗਤ ਬਾਣੀ ਸਟੀਕ’ ਆਦਿਕ ਗ੍ਰੰਥ ਦਿੱਤੇ ਹਨ, ਪਰ ਕਈ ਥਾਈਂ ਉਨ੍ਹਾਂ ਦੇ ਲਾਪਰਵਾਹੀ ਤੋਂ ਵੀ ਬਹੁਤ ਕੰਮ ਲਿਆ ਹੈ, ਜੋ ਵਿਸਥਾਰ ਭੈ ਕਾਰਣ ਕੇਵਲ ਭਗਤ ਬਾਣੀ ਨੂੰ ਹੀ ਲਿਆ ਜਾਵੇ ਤਾਂ ਇੱਕ-ਇਕ ਸ਼ਬਦ ਦੇ ਦੋ-ਦੋ, ਤਿੰਨ-ਤਿੰਨ ਬਲਕਿ ਕਈ ਥਾਈਂ ਚਾਰ-ਚਾਰ ਅਰਥ ਵੀ ਕੀਤੇ ਹਨ, ਜਿਨ੍ਹਾਂ ਦੀ ਵੇਖੋ ਵੇਖੀ ਸੰਤ ਭਗਵਾਨ ਸਿੰਘ ਜੀ ਨੇ ਵੀ ਆਪਣੀ ਬਾਲ ਬੋਧਨੀ ਭਗਤ ਬਾਣੀ ਸਟੀਕ ਵਿੱਚ ਇੱਕ ਤੋਂ ਬਹੁਤੇ ਅਰਥ ਦਿੱਤੇ ਹਨ ਅਤੇ ਹੋਰ ਵੀ ਟੀਕਾਕਾਰਾਂ ਨੇ ਇਹ ਰੀਸ ਕੀਤੀ ਹੈ, ਜੋ ਕਿ ਇੱਕ ਤੋਂ ਬਹੁਤੇ ਅਰਥ ਕਰਨੇ ਅਨੁਚਿਤ ਹਨ।

ਚੱਲਦਾ…


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top