Share on Facebook

Main News Page

ਪ੍ਰਿਥਮ ਭਗਉਤੀ ਸਿਮਰ ਕੈ - 3
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 14

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਉੱਕਤ ਵਿਦਵਾਨ ਉਪਰੋਕਤ ਤੁੱਕਾਂ ਵੱਲ ਸੰਕੇਤ ਕਰਕੇ ਕਹਿੰਦੇ ਹਨ ਕਿ ਭਗਉਤੀ ਦਾ ਅਰਥ ਅਕਾਲ ਪੁਰਖ ਹੈ, ਕਿਉਂਕਿ ਇਥੇ ਅਕਾਲ ਪੁਰਖ ਨੂੰ ਹੀ ਦਸ਼ਮੇਸ਼ ਜੀ ਨੇ ਮੱਧਮ ਪੁਰਖ ਰੂਪ ਅੰਦਰ ਤੈਂ ਹੀਅਤੇ ਤੈਥੋਂ ਕਹਿ ਕੇ ਸੰਬੋਧਿਆ ਹੈ।

ਉੱਤਰ ਇਹ ਕਿ ਪੁਰਾਣ ਸਾਹਿਤ ਤੋਂ ਅੰਜਾਣ ਅਤੇ ਦਸ਼ਮ ਗਰੰਥ ਦਾ ਅਧਿਅਨ ਗਹੁ ਨਾਲ ਨਾ ਕਰਨ ਕਰਕੇ ਉਪਰੋਕਤ ਵਿਦਵਾਨ ਸੱਜਣਾਂ ਨੇ ਉੱਤੇ ਦਿੱਤੀਆਂ ਤੁਕਾਂ ਤੋਂ ਭੁਲੇਖਾ ਖਾਧਾ ਹੈ। ਕਾਰਣ ਇਹ ਕਿ ਇਸ ਪਉੜੀ ਵਿੱਚ ਵੀ ਕਵੀ ਨੇ ਆਪਣੇ ਇਸ਼ਟ ਭਗਵਤੀ ਦੇਵੀ ਨੂੰ ਹੀ ਮੰਗਲ ਰੂਪ ਵਿੱਚ ਸੰਬੋਧਿਆ ਹੈ।

ਕਿਉਂਕਿ ਦੇਵੀ ਭਗਉਤੀ ਦੀ ਪੂਜਾ ਹਿੰਦੂ ਧਰਮ ਦਾ ਇੱਕ ਵਿਸ਼ੇਸ਼ ਅੰਗ ਹੈ। ਪੁਰਾਣਾਂ ਵਿੱਚ ਦੇਵੀ ਭਗਵਤੀ ਬੜੀ ਸ਼ਕਤੀਸ਼ਾਲੀ ਮੰਨੀ ਗਈ ਹੈ, ਜਿਸ ਦਾ ਕਾਰਣ ਕਿਸੇ ਵੀ ਸੰਕਟ ਸਮੇਂ ਦੇਵਤਿਆਂ ਨੂੰ ਉਸਦੀ ਸਹਾਇਤਾ ਨਾਲ ਆਏ ਸੰਕਟ ਤੋਂ ਛੁੱਟਕਾਰਾ ਪਾਉਂਦਿਆਂ ਦਰਸਾਇਆ ਗਿਆ ਹੈ।

ਸਕੰਧ, ਪਦਮ ਅਤੇ ਮਤੱਸਯ ਆਦਿਕ ਪੁਰਾਣਾਂ ਵਿੱਚ ਦੇਵੀ ਭਗਉਤੀ ਦੇ ਅਨੇਕਾਂ ਪ੍ਰਸੰਗ ਹਨ। ਦੇਵੀ ਭਾਗਵਤ, ਮਾਰਕੰਡੇਯ ਅਤੇ ਪੁਰਾਣ ਤਾਂ ਲਿਖੇ ਹੀ ਭਗੌਤੀ ਦੀ ਮਹੱਤਤਾ ਦਰਸਾਉਣ ਲਈ ਹਨ। ਬਲਕਿ ਮਾਰਕੰਡੇਯ ਪੁਰਾਣ ਵਿੱਚ ਤਾਂ ਅਰੰਭ ਤੋਂ ਲੈ ਕੇ 29 ਅੰਕ ਤੱਕ ਦੁਰਗਾ-ਪਾਠ ਦਾ ਫਲ ਇਥੋਂ ਤੱਕ ਲਿਖਿਆ ਹੈ, ਕਿ ਅਜਿਹਾ ਕੋਈ ਪਦਾਰਥ ਨਹੀਂ ਜੋ ਦੁਰਗਾ ਸਤੋਤ੍ਰ ਤੋਂ ਪਰਾਪਤ ਨਾ ਹੋਵੇ।

ਨੋਟ:- ਭਾਵੇਂ ਇਸੇ ਲਈ ਕਈ ਅੰਜਾਣ ਸ਼ਰਧਾਲੂ ਚੰਡੀ ਦੀ ਵਾਰ (ਦੁਰਗਾ ਪਾਠ) ਨੂੰ ਸੁਖਮਨੀ ਸਾਹਿਬ ਤੋਂ ਵੀ ਵਿਸ਼ੇਸ਼ ਸਮਝ ਕੇ ਅੰਮ੍ਰਿਤ ਵੇਲੇ ਜਰੂਰ ਪੜ੍ਹਦੇ ਹਨ।

ਉਕਤ ਪੁਰਾਣਾਂ ਅਨੁਸਾਰ ਦੇਵੀ ਭਗਵਤੀ ਹੀ ਸੰਸਾਰ ਦੀ ਉਤਪਤੀ ,ਪਾਲਣਾ ਅਤੇ ਨਾਸ਼ ਦਾ ਕਾਰਣ ਹੈ, ਉਹੀ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਆਦਿਕਾਂ ਨੂੰ ਜਨਮ ਦਿੰਦੀ ਹੈ। ਭਗਉਤੀ ਹੀ ਧਰਮ ਅਤੇ ਦੇਵਤਿਆਂ ਦੀ ਰੱਖਿਆ ਹਿੱਤ ਅਵਤਾਰ ਧਾਰਦੀ ਹੈ। ਇਸੇ ਲਈ ਉਸਨੂੰ ਭਗਵਤੀ, ਭਵਾਨੀ, ਸ਼ਿਵਾ, ਦੁਰਗਾ, ਚੰਡੀ ਆਦਿਕ ਅਨੇਕਾਂ ਨਾਮ ਲੈ ਕੇ ਸਿਮਰਿਆ ਜਾਂਦਾ ਹੈ।

ਪੁਰਾਣਾਂ ਦੇ ਬਹੁਤੇ ਵਿਸਥਾਰ ਵਿੱਚ ਨਾ ਜਾ ਕੇ ਸਿਰਫ ਦਸਮ ਗ੍ਰੰਥ ਵਿਚਲੀਆਂ ਸਾਕਤ ਮਤੀਏ.ਦੇਵੀ ਭਗਤ ਕਵੀਆਂ ਦੀਆਂ ਰਚਨਾਵਾਂ ਨੂੰ ਗਹੁ ਨਾਲ ਵੇਖਿਆ ਜਾਵੇ ਤਾਂ ਪਰਤੱਖ ਹੋ ਜਾਂਦਾ ਹੈ, ਕਿ ਇਸ ਸਾਰੀ ਵਾਰ ਦਾ ਕਰਤਾ ਇੱਕੋ ਸਾਕਤ ਕਵੀ ਹੈ, ਜਿਸਨੇ ਇਸ ਦੂਜੀ ਪਉੜੀ ਵਿੱਚ ਮੰਗਲ ਰੂਪ ਦੁਆਰਾ ਕੇਵਲ ਭਗੌਤੀ ਦੇਵੀ ਨੂੰ ਹੀ ਸੰਬੋਧਿਆ ਹੈ।

ਇੱਕ ਹੋਰ ਭੁਲੇਖਾ ਇਹ ਕਿ ਖੰਡਾ ਪ੍ਰਥਮੇ ਸਾਜ ਕੈ.. ਵਿਚਲੇ ਖੰਡਾ ਸ਼ਬਦ ਦਾ ਅਰਥ ਆਮ ਤੌਰ ਤੇ ਦੋ ਧਾਰੀ ਤਲਵਾਰ ਕੀਤਾ ਜਾਂਦਾ ਹੈ, ਪਰ ਇਸ ਦਾ ਅਰਥ ਤਲਵਾਰ ਨਹੀਂ, ਕਿਉਂਕਿ ਤਲਵਾਰ ਤਾਂ ਲੋਹੇ ਦਾ ਇੱਕ ਸ਼ਸਤ੍ਰ ਹੈ, ਜਿਸ ਨੂੰ ਲੁਹਾਰ ਬਣਉਂਦਾ ਹੈ। ਇਸ ਲਈ ਜੇ ਖੰਡਾ ਦਾ ਦੁਧਾਰੀ ਤਲਵਾਰ ਮੰਨਿਆਂ ਜਾਵੇ ਤਾਂ ਤਲਵਾਰ ਤੋਂ ਪਹਿਲਾਂ ਲੁਹਾਰ ਸਾਜਿਆ ਗਿਆ ਮੰਨਣਾ ਪਵੇਗਾ।

ਜੇ ਲੱਛਣਾਂ ਬ੍ਰਿਤੀ ਜਾਂ ਅਲੰਕਾਰ ਰੂਪ ਵਿੱਚ ਬਦਲ ਕੇ ਖੰਡਾ ਦਾ ਕੋਈ ਹੋਰ ਅੰਤ੍ਰੀਵ ਅਰਥ ਕੀਤਾ ਜਾਵੇ ਤਾਂ ਇਸਦੇ ਨਾਲ ਇੱਕੋ ਬ੍ਰਹਮਾ, ਵਿਸ਼ਨੂੰ ਦੁਰਗਾ, ਰਾਮ ਕ੍ਰਿਸ਼ਨ ਆਦਿਕ ਦੇ ਵੀ ਬਦਲ ਕੇ ਅੰਤ੍ਰੀਵ ਅਰਥ ਕਹਿਣੇ ਪੈਣਗੇ।

ਦਰਅਸਲ ਇਸ ਸ਼ਬਦ ਦਾ ਉਚਾਰਨ ਬਿੰਦੇ ਸਹਿਤ ਖੰਡਾਂ ਕਰਨ ਨਾਲ ਅਰਥ ਆਪਣੇ ਆਪ ਸਪਸ਼ਟ ਹੋ ਜਾਂਦਾ ਹੈ। ਵੇਖੋ:-

ਨਵਾਂ ਖੰਡਾ ਵਿੱਚ ਜਾਣੀਐ ਨਾਲਿ ਚਲੈ ਸਭੁ ਕੋਇ.॥ (ਜਪੁਜੀ, ਪਉੜੀ 7)
ਪੁਰੀਆਂ ਖੰਡਾ ਸਿਰਿ ਕਰੇ ਇਕ ਪੈਰਿ ਧਿਆਇ। (ਸਾਰੰਗ ਕੀ ਵਾਰ, ਸਲੋਕ ਮ: 1,ਪਉੜੀ 10)
ਹੋਵਾਂ ਪੰਡਿਤੁ ਜੋਤਕੀ ਵੇਦ ਪੜਾਂ ਮੁਖਿ ਚਾਰਿ॥
ਨਵਾਂ ਖੰਡਾਂ ਵਿਚਿ ਜਾਣੀਆਂ ਆਪਨੇ ਚਜ ਵੀਚਾਰ॥
(ਸਲੋਕ ਵਾਰਾਂ ਤੇ ਵਧੀਕ, ਮਹਲਾ 3)

ਭਾਵ ਨੂੰ ਸਪਸ਼ਟ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਬਿੰਦੇ ਸਹਿਤ ਵਰਤਿਆ ਹੈ, ਜਿਵੇਂ ਕਿ-

ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ॥
ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ॥
(ਆਸਾ ਕੀ ਵਾਰ, ਸਲੋਕ ਮ: 1, ਪਉੜੀ 8)

ਇਸ ਤਰ੍ਹਾਂ ਚੰਡੀ ਦੀ ਵਾਰ ਦੀ ਦੂਜੀ ਪਉੜੀ ਦੀ ਪਹਿਲੀ ਤੁੱਕ ਖੰਡਾਂ ਪ੍ਰਿਥਮੈ ਸਾਜਿ ਕੈ ਜਿਨ ਸਭ ਸੰਸਾਰੁ ਉਪਾਇਆ ਦਾ ਭਾਵ ਇਹ ਹੈ ਕਿ ਹੇ ਭਗਵਤੀ ! ਦੇਵੀ ਸੰਸਾਰ ਰਚਣ ਸਮੇਂ ਸਭ ਤੋਂ ਪਹਿਲਾਂ ਪ੍ਰਿਥਮੀ ਦੇ ਖੰਡਾਂ ਅਤੇ ਸੰਸਾਰ ਦੇ ਊਧਮ ਨੂੰ ਤੂੰ ਹੀ ਸਾਜਿਆ ।

ਕਿਹਾ ਜਾ ਸਕਦਾ ਹੈ ਖੰਡਾਂ ਸ਼ਬਦ ਉੱਤੇ ਬਿੰਦਾ ਨਹੀਂ ਲੱਗਾ ਹੋਇਆ, ਇਸ ਲਈ ਇਸ ਨੂੰ ਖੰਡਾਂ ਦੀ ਥਾਵੇਂ ਬਿੰਦੇ ਤੋਂ ਬਿਨ੍ਹਾਂ ਖੰਡਾ ਪੜ੍ਹਨਾ ਅਤੇ ਇਸ ਦਾ ਅਰਥ ਦੁਧਾਰੀ ਤਲਵਾਰ ਕਰਨਾ ਹੀ ਉਚਿੱਤ ਹੈ।

ਉੱਤਰ ਇਹ ਕਿ ਦਸਮ ਗ੍ਰੰਥ ਵਿੱਚ ਅਣਗਿਣਤ ਸ਼ਬਦ ਇਹੋ ਜਿਹੇ ਹਨ ਜਿਨ੍ਹਾਂ ਨਾਲ ਬਿੰਦਿਆਂ ਦੀ ਵਰਤੋਂ ਨਹੀਂ, ਪਰ ਆਪਣੇ ਕੋਲੋਂ ਅਵੱਸ਼ ਹੀ ਬਿੰਦੇ ਲਾ ਕੇ ਪੜ੍ਹਣੇ ਪੈਂਦੇ ਹਨ, ਨਹੀਂ ਤੇ ਅਰਥ ਸਪਸ਼ਟ ਨਹੀਂ ਹੋ ਸਕਦੇ, ਬਲਕਿ ਕਈ ਥਾਈਂ ਅਰਥਾਂ ਦੇ ਅਨਰਥ ਵੀ ਹੋ ਜਾਂਦੇ ਹਨ, ਜਿਨ੍ਹਾਂ ਦਾ ਵਿਸਥਾਰਕ ਵੇਰਵਾ ਦਿੱਤਿਆਂ ਖਬਰੇ ਕਿਤਨੇ ਹੀ ਸਫਿਆਂ ਦੀ ਪੁਸਤਕ ਲਿਖਣੀ ਪਵੈ।

ਤਾਂ ਤੇ ਵਿਸਥਾਰ ਭੈ ਕਾਰਣ ਰਿੱਝਦੀ ਦੇਗ ਵਿੱਚੋਂ ਕੇਵਲ ਇੱਕ-ਅੱਧ ਦਾਣਾ ਵੇਖਣ ਵਾਂਗੂ ਇਸੇ ਭਗਉਤੀ ਵਾਰ ਬਲਕਿ ਇਸੇ ਹੀ ਦੂਜੀ ਪਉੜੀ ਵਿੱਚ ਨਮੂਨੇ ਮਾਤ੍ਰ ਹੇਠ ਦਿੱਤੇ ਪ੍ਰਮਾਣ ਵੇਖੋ:

1- ਤੈਹੀ ਸ਼ਬਦ ਉੱਤੇ ਬਿੰਦਾ ਨਹੀਂ ਲੱਗਾ ਹੋਇਆ, ਪਰ ਆਪਣੇ ਕੋਲੋਂ ਲਾ ਕੇ ਤੈਂਹੀ ਪੜ੍ਹਨਾ ਪਵੇਗਾ ਨਹੀਂ ਤੇ ਤੈ ਦਾ ਅਰਥ ਅਤੇ ਜਾਂ ਤੇ ਹੋਵੇਗਾ।
2- ਦੈਤਾ ਸ਼ਬਦ ਉੱਤੇ ਬਿੰਦੇ ਦੀ ਵਰਤੋਂ ਨਹੀਂ, ਪਰ ਕੋਲੋਂ ਬਿੰਦਾ ਲਾ ਕੇ ਦੈਤਾ ਦੀ ਥਾਵੇਂ ਦੈਤਾਂ ਪੜ੍ਹਿਆਂ ਹੀ ਸਪਸ਼ਟ ਅਰਥ ਨਿਖਰੇਗਾ।
3- ਬਾਣਾ ਸ਼ਬਦ ਉੱਤੇ ਬਿੰਦਾ ਨਹੀਂ, ਜਿਸ ਉੱਤੇ ਕੋਲੋਂ ਬਿੰਦਾ ਲਾ ਕੇ ਬਾਣਾ ਦੀ ਥਾਵੇਂ ਬਾਣਾਂ ਪੜ੍ਹਨਾ ਪਵੇਗਾ, ਨਹੀਂ ਤੇ ਬਾਣਾ ਦਾ ਅਰਥ ਤੀਰਾਂ ਦੀ ਥਾਵੇਂ ਭੇਖ ਜਾਂ ਕੱਪੜਾ ਬਣ ਜਾਵੇਗਾ।
4- ਕੇਸੀ ਸ਼ਬਦ ਵੀ ਬਿੰਦੇ ਤੋਂ ਬਗੈਰ ਹੈ, ਪਰ ਕੋਲੋਂ ਬਿੰਦਾ ਲਾਇਆਂ ਹੀ ਕੇਸੀਂ ਪੜ੍ਹਿਆਂ, ਇਹ ਅਰਥ ਸਪਸ਼ਟ ਹੋਵੇਗਾ ਕਿ ਕੰਸ ਨੂੰ ਕੇਸਾਂ ਤੋਂ ਪਕੜ ਕੇ ਗਿਰਾਇਆ। ਕਾਰਣ ਇਹ ਕਿ ਸ੍ਰੀ ਮਦ ਭਗਵਤ ਪੁਰਾਣ ਦੇ ਦਸਵੇਂ ਸਕੰਧ ਵਿੱਚ ਲਿਖੇ ਅਨੁਸਾਰ ਕ੍ਰਿਸ਼ਨ ਜੀ ਨੇ ਕੰਸ ਨੂੰ ਕੇਸਾਂ ਤੋਂ ਪਕੜ ਪਟਕਾ ਕੇ ਮਾਰਿਆ ਸੀ।

ਚੱਲਦਾ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top