Share on Facebook

Main News Page

ਪ੍ਰਿਥਮ ਭਗਉਤੀ ਸਿਮਰ ਕੈ… - 2
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 14

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਦੁਰਗਾ:- ਤਾਂ ਤੇ ‘ਪ੍ਰਥਮ ਭਗਉਤੀ ਸਿਮਰ ਕੈ….ਵਿਚਲੇ ‘ਭਗਉਤੀ ਸ਼ਬਦ ਦਾ ਯਥਾਰਥ ਅਰਥ ਚੱਲਦੇ ਪ੍ਰਕਰਣ ਅਨੁਸਾਰ ਨਿਰਸੰਦੇਹ ਭਗਵਤੀ ਭਾਵ ਦੁਰਗਾ ਦੇਵੀ ਹੀ ਹੈ।

ਕੁਝ ਵਿਦਵਾਨਾਂ ਨੇ ਭਗਉਤੀ ਦਾ ਅਰਥ ‘ਅਕਾਲ ਪੁਰਖ’ ਵੀ ਕੀਤਾ ਹੈ, ਪ੍ਰੰਤੂ ਇਸ ਭੁਲੇਖੇ ਦਾ ਮੂਲ ਕਾਰਣ ‘ਭਗਉਤੀ ਦੀ ਵਾਰ’ ਦੇ ਸਿਰਲੇਖ ਨਾਲ ਲਿਖਿਆ ‘ਪਾਤਸ਼ਾਹੀ 10 ਹੈ (ਜੋ ਇਸ ਵਾਰ ਦੇ ਕਰਤਾ, ਭਗਉਤੀ ਉਪਾਸ਼ਕ ਕਵੀ ਨੇ ਇਹ ਵਾਰ ਦਸ਼ਮੇਸ਼ ਕ੍ਰਿਤ ਦਰਸਾਉਣ ਹਿੱਤ ਕੁਟਿਲ ਨੀਤੀ ਤੋਂ ਕੰਮ ਲੈਂਦਿਆਂ ਲਿਖ ਦਿੱਤਾ ਹੈ) ਜਿਸ ਨੂੰ ਵੇਖ ਕੇ ਉਪਰੋਕਤ ਵਿਦਵਾਨਾਂ ਨੇ ‘ਭਗਉਤੀ ਦੀ ਵਾਰ’ ਨੂੰ ਦਸ਼ਮੇਸ਼ ਜੀ ਦੀ ਰਚਨਾ ਨਿਸ਼ਚੇ ਕਰ ਲੈਣ ਦਾ ਭੁਲੇਖਾ ਖਾਧਾ ਹੈ, ਪਰ ਨਾਲ ਹੀ ਉਨ੍ਹਾਂ ਨੇ ਇਹ ਵੀ ਅਨੁਭਵ ਕੀਤਾ ਹੈ ਕਿ ਦਸਮ ਪਿਤਾ ਜੀ ਭਗਉਤੀ ਨੂੰ ਸਿਮਰਨ ਵਾਲੇ ਕਦਾਚਿੱਤ ਨਹੀਂ ਹੋ ਸਕਦੇ, ਜਿਸ ਕਾਰਣ ਉਪਰੋਕਤ ਵਿਦਵਾਨਾਂ ਨੇ ਮਜਬੂਰਨ ਵਲ-ਫੇਰ ਪਾ ਕੇ ਭਗਉਤੀ ਦਾ ਅਰਥ ਅਕਾਲ ਪੁਰਖ ਦਰਸਾਇਆ ਹੈ।

ਕਿਹਾ ਚੰਗਾ ਹੁੰਦਾ ਜੇ ਇਸ ‘ਭਗਉਤੀ ਦੀ ਵਾਰ’ ਅਤੇ ‘ਚੰਡੀ ਦੀ ਵਾਰ’ ਦਾ ਕਰਤਾ ਇਕੋ ਹੀ, ਦੇਵੀ ਉਪਾਸ਼ਕ ਕਵੀ ਸਮਝ ਲਿਆ ਜਾਂਦਾ ਤਾਂ ਕਿ ਇਤਨਾ ਭੁਲੇਖਾ ਨਾ ਪੈਂਦਾ ਜੋ ਕਿ ਇਸੇ ‘ਭਗਉਤੀ ਦੀ ਵਾਰ’ ਤੋਂ ਪਹਿਲਾਂ ਰਚਨਾ ‘ਚੰਡੀ ਚਰਿਤ੍ਰ’ ਦੇ ਅਧਿਆਵਾਂ ਦੀ ਹਰ ਅੰਤਿਕਾ ਵਿੱਚ ‘ਅਫਜ਼ੂ’ ਸ਼ਬਦ ਜੋ ਕਿ ਇਸ ਗੱਲ ਦਾ ਲਕਾਇਕ ਹੈ ਕਿ ਅਜੇ ਪ੍ਰਕਰਣ ਚੱਲ ਰਿਹਾ ਹੈ, ਪ੍ਰਤੱਖ ਹੀ ਨਿਸ਼ਚੇ ਕਰਾਉਂਦਾ ਹੈ ਕਿ ‘ਭਗਉਤੀ ਦੀ ਵਾਰ’ ਅਤੇ ‘ਚੰਡੀ ਚਰਿਤ੍ਰ’ ਦਾ ਕਰਤਾ ਇੱਕੋ ਹੀ ਹੈ। ਇਨ੍ਹਾਂ ਦੋਹਾਂ ਰਚਨਾਵਾਂ ਵਿੱਚ ਕੇਵਲ ਭਾਸ਼ਾ ਦਾ ਹੀ ਅੰਤਰ ਹੈ, "ਚੰਡੀ ਚਰਿਤ੍ਰ" ਬ੍ਰਿਜ ਭਾਸ਼ਾ ਵਿੱਚ ਹੈ ਅਤੇ ‘ਭਗਉਤੀ ਦੀ ਵਾਰ’ ਪੰਜਾਬੀ ਵਿੱਚ।

ਹੋਰ ਨਹੀਂ ਤਾਂ ਭਗਉਤੀ ਦੀ ਵਾਰ 55 ਵੀਂ ਭਾਵ ਅੰਤਲੀ ਪਉੜੀ ਦੀਆਂ ਹੇਠ ਲਿਖੀਆਂ ਤੁੱਕਾਂ ਨੂੰ ਹੀ ਵਿਚਾਰ ਲਿਆ ਜਾਂਦਾ ਕਿ:

‘ਦੁਰਗਾ ਪਾਠ ਬਣਾਇਆ ਸਭੇ ਪਉੜੀਆਂ।
ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ।’

ਤਾਂ ਤੇ ਇਸ ਵਾਰ ਦੀਆਂ 55 ਦੀਆਂ 55 ਪਉੜੀਆਂ ਉਸੇ ਕਵੀ ਦੀਆਂ ਰਚੀਆਂ ਹੋਈਆਂ ਹਨ, ਜਿਸਨੇ ਕਿ ਪਹਿਲੀ ਪਉੜੀ ਵਿੱਚ 9 ਗੁਰੂ ਸਾਹਿਬਾਨ ਦੇ ਧਿਆਉਣ, ਸਿਮਰਨ ਦਾ ਚਕਮਾ ਦੇ ਕੇ ਦਸ਼ਮੇਸ਼ ਜੀ ਵਲੋਂ ਸਭ ਤੋਂ ਪਹਿਲੇ ਭਗਉਤੀ ਨੂੰ ਅੰਨਯ ਪੁਰਖ ਰੂਪ ਵਿੱਚ ਸਿਮਰਨਾ ਦਰਸਾਇਆ ਹੈ।

ਕੀ ਕੋਈ ਸੂਝ-ਬੂਝ ਵਾਲਾ ਸਿਦਕਵਾਨ ਗੁਰਸਿੱਖ ਇਹ ਮੰਨਣ ਨੂੰ ਤਿਆਰ ਹੈ ਕਿ ਦੁਰਗਾ ਪਾਠ ਬਣਾਉਣ (ਰਚਨ) ਵਾਲਾ ਕਵੀ ਗੁਰੂ ਗੋਬਿੰਦ ਸਿੰਘ ਹੈ?

ਤਾਂ ਤੇ ਉਪਰੋਕਤ ਦੋਵੇਂ ਤੁੱਕਾਂ ਸਪਸ਼ਟ ਤੌਰ ਤੇ ਇੱਕ ਦੇਵੀ ਉਪਾਸ਼ਕ ਕਵੀ ਵਲੋਂ ਹਨ ਜੋ ਖੁੱਲ੍ਹੇ-ਡੁੱਲ੍ਹੇ ਸ਼ਬਦਾਂ ਵਿੱਚ ਕਹਿ ਰਿਹਾ ਹੈ ਕਿ ਜਿਹੜਾ ਪੁਰਖ ਦੁਰਗਾ ਪਾਠ ਅਰਥਾਤ ਵਾਰ ਸ੍ਰੀ ਭਗਉਤੀ ਜੀ ਦੀਆਂ 55 ਪਉੜੀਆਂ ਦੇ ਪਾਠ ਦਾ ਗਾਇਨ ਕਰੇਗਾ,ਉਹ ਜਨਮ-ਮਰਨ ਦੇ ਗੇੜ ਵਿੱਚ ਨਹੀਂ ਆਵੇਗਾ।ਇਨ੍ਹਾਂ ਤੁੱਕਾਂ ਦੇ ਅਰਥ ਵੱਲ ਧਿਆਨ ਨਾ ਦੇਣ ਅਤੇ ਭਗਉਤੀ ਦੀ ਵਾਰ ਦਾ ਕਰਤਾ ਦਸ਼ਮੇਸ਼ ਜੀ ਨੂੰ ਮੰਨਣ ਕਰਕੇ ਹੀ ਸਾਡੇ ਕਈ ਅਣਜਾਣ ਵੀਰ ਅੰਮ੍ਰਿਤ ਵੇਲੇ ਉੱਛਲ-ਉੱਛਲ ਅਤੇ ਝੂਮ-ਝਮੂੰ ਕੇ ਇਸਦਾ ਪਾਠ ਕਰਦੇ ਅਤੇ ਗਾਉਂਦੇ ਹਨ ਕਿ ‘ਫਿਰ ਨਾ ਜੂਨੀ ਆਇਆ ਜਿਨ ਇਹ ਗਾਇਆ।’

ਕੀ ਦੁਰਗਾ ਪਾਠ (ਭਗਉਤੀ ਦੀ ਵਾਰ) ਨੂੰ ਗਾਉਣ ਦਾ ਉਪਰੋਕਤ ਉਪਦੇਸ਼ ਇੱਕ ਅਕਾਲ ਪੁਰਖ ਦੇ ਲੜ ਲੱਗਾ ਦਸ਼ਮੇਸ਼ ਪਿਤਾ ਸਿੱਖਾਂ ਨੂੰ ਦੇ ਸਕਦਾ ਹੈ ? ਨਹੀਂ.ਹਰਗਿਜ਼ ਨਹੀਂ।

ਸੱਚ ਪੁੱਛੋ ਤਾਂ ਇਸ ਦੇਵੀ ਅਰਾਧਿਕ ਕਵੀ ਨੇ ਸ਼ਹਿਦ ਵਿੱਚ ਜ਼ਹਿਰ ਘੋਲ ਕੇ ਪਿਲਾਉਣ ਦੀ ਜੁਗਤੀ ਵਰਤੀ ਹੈ ਜੋ ਇਸ ਵਾਰ ਦੀ ਮੰਗਲਾਚਰਣ ਰੂਪੀ ਪਹਿਲੀ (ਅਰਦਾਸ ਵਾਲੀ) ਪਉੜੀ ਵਿੱਚ ਨੌਂਵਾਂ ਪਾਤਸ਼ਾਹੀਆਂ ਦਾ ਪ੍ਰਭਾਵ ਪਾ ਕੇ ਵਿੱਚੋ-ਵਿੱਚ ਸਾਨੂੰ ਭਗਉਤੀ (ਦੁਰਗਾ) ਦੇ ਲੜ ਲਾਉਣ ਦਾ ਯਤਨ ਕੀਤਾ ਹੈ ਕਿਸੀ ਹੱਦ ਤੱਕ ਇਹ ਯਤਨ ਸਫਲ ਵੀ ਹੋ ਚੁੱਕਾ ਹੈ ਕਿਉਂਕਿ ਭਗਉਤੀ ਸ਼ਬਦ ਖਾਲਸੇ ਦੇ ਲੂੰ-ਲੂੰ ਵਿੱਚ ਪ੍ਰਵੇਸ ਕਰ ਚੁੱਕਾ ਹੈ।

ਇਥੇ ਇੱਕ ਹੋਰ ਗੱਲ ਪਾਠਕਾਂ ਵਾਸਤੇ ਵਿਸ਼ੇਸ਼ ਨੋਟ ਕਰਨ ਵਾਲੀ ਇਹ ਵੀ ਹੈ ਕਿ ਭਗਉਤੀ ਉਪਾਸ਼ਕ ਕਵੀ ਨੇ ਇਸ ਅਰਦਾਸ ਵਾਲੀ ਪਉੜੀ ਵਿੱਚ ‘ਕਟਾਹ ਕੁੰਡਲ ਨਿਯਾਇ’ ਭਾਵ, ਉਪਕਰਮ, ਉਪਸੰਹਾਰਤੀ ਢੰਗ ਨਾਲ ਹੀ ਸਗੋਂ ਦਸ਼ਮੇਸ਼ ਜੀ ਵਲੋਂ ਭਗਉਤੀ ਨੂੰ ਦਸਾਂ ਪਾਤਸਾਹੀਆਂ ਦੀ ਸਹਾਇਕ ਦਰਸਾਇਆ ਹੈ। ਜਿਵੇਂ ਕਿ ਇਸ ਪਉੜੀ ਦੀ ਪਹਿਲੀ ਤੁੱਕ ਵਿੱਚ ‘ਪ੍ਰਥਮ ਭਗਉਤੀ ਸਿਮਰ ਕੈ..’ ਤੋਂ ਅਰੰਭ ਕਰਕੇ ਵਿੱਚ-ਵਿੱਚ ਨੌਂ ਗੁਰੂ ਸਾਹਿਬਾਨ ਨੂੰ ਵਡਿਉਂਦਿਆਂ ਹੋਇਆਂ, ਫਿਰ ਅੰਤਲੀ ਤੁੱਕ ਵਿੱਚ ਵੀ ਸਪਸ਼ਟ ਲਿਖ ਦਿੱਤਾ ਹੈ ਕਿ ‘ਸਭ ਥਾਈਂ ਹੋਇ ਸਹਾਇ’ ਭਾਵ ਭਗਉਤੀ ਅਸਾਂ ਦਸ ਗੁਰੂਆਂ ਦੀ ਹਰ ਥਾਵੇਂ ਸਹਾਇਕ ਹੋਈ, ਅਰਥਾਤ ਦਸਾਂ ਹੀ ਗੁਰੂਆਂ ਦੀ ਹਰ ਥਾਵੇਂ ਭਗਵਤੀ (ਦੇਵੀ) ਨੇ ਸਹਾਇਤਾ ਕੀਤੀ।

ਇਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਦਸਮ ਗ੍ਰੰਥ ਦੀਆਂ ਪੁਰਾਤਨ ਅਤੇ ਪ੍ਰਚੱਲਤ ਬੀੜਾਂ ਵਿੱਚ ਜਿੱਥੇ ਕੋਈ ਪਾਠ-ਭੇਦ ਹਨ, ਉਥੇ ਉਪਰੋਕਤ ਮੰਗਲਾਚਰਨ ਵਾਲੀ ਪਉੜੀ ਵਿੱਚ ਵੀ ਕਈ ਅੰਤਰੇ ਹਨ,ਜਿਵੇਂ ਕਿ ਪੁਰਾਤਨ ਬੀੜਾਂ ਵਿੱਚ ‘ਰਾਮਦਾਸੈ ਹੋਈਂ ਸਹਾਇ’ ਲਿਖਿਆ ਹੈ, ਪਰ ਪ੍ਰਚੱਲਤ ਬੀੜਾਂ ਵਿੱਚ ‘ਹੋਈਂ’ ਨੂੰ ‘ਹੋਇ’ ਵਿੱਚ ਬਦਲਿਆ ਹੋਇਆ ਹੈ। ਪੁਰਾਤਨ ਬੀੜਾਂ ਵਿੱਚ ‘ਅਰਜਨ ਹਰਗੋਬਿੰਦ ਨੂੰ ਫੇਰ ਸਿਮਰੋ ਸ੍ਰੀ ਹਰਿ ਰਾਇ’ ਪਾਠ ਹੈ, ਪਰ ਅੱਜ-ਕੱਲ੍ਹ ਦੀਆਂ ਬੀੜਾਂ ਵਿੱਚ ‘ਫੇਰ’ ਸ਼ਬਦ ਦੀ ਵਰਤੋਂ ਨਹੀਂ ਹੈ। ਪੁਰਾਤਨ ਬੀੜਾਂ ਵਿੱਚ ‘ਤੇਗ ਬਹਾਦਰ ਸਿਮਰੀਐ’ ਹੈ, ਪਰ ਅੱਜ ਕਲ੍ਹ ‘ਸਿਮਰੀਐ’ ਦੀ ਥਾਵੇਂ ‘ਸਿਮਰਿਐ’ ਭਾਵ ‘ਰ’ ਅੱਖਰ ਦੀ ਬਿਹਾਰੀ ਨੂੰ ਸਿਹਾਰੀ ਵਿੱਚ ਬਦਲਿਆ ਹੈ। ਤਿਵੇਂ ਹੀ ਪੁਰਾਤਨ ਬੀੜਾਂ ਵਿੱਚ ‘ਸਭ ਥਾਈਂ ਹੋਈਂ ਸਹਾਇ’ ਪਾਠ ਹੈ, ਪਰ ਅੱਜ ਕਲ੍ਹ ਦੀਆਂ ਬੀੜਾਂ ਅੱਡੋ-ਅੱਡ ਲਿਖਾਰੀਆਂ ਨੇ ਆਪੋ ਆਪਣੀ ਸੂਝ ਅਨੁਸਾਰ ‘ਹੋਈ ਸਹਾਇ’ ਨੂੰ ਬਦਲ ਕੇ ‘ਹੋਇ ਸਹਾਇ’ ਕੀਤਾ ਹੋਇਆ ਹੈ। ਬਲਕਿ ਕਈ ਪੁਰਾਤਨ ਬੀੜਾਂ ਵਿੱਚ ਇਸਦਾ ਸਿਰਲੇਖ ਵੀ ‘ਵਾਰ ਸ੍ਰੀ ਭਗਉਤੀ ਜੀ ਦੀ ਥਾਵੇਂ ‘ਵਾਰ ਦੁਰਗਾ ਜੀ’ ਹੈ।

ਭਾਵੇਂ ਇਸ ਵਾਰ ਦੀ 55 ਵੀਂ (ਭਾਵ: ਅੰਤਲੀ) ਪਉੜੀ ਵਿਚਲੀ ‘ਦੁਰਗਾ ਪਾਠ ਬਣਾਇਆ ਸਭੇ ਪਉੜੀਆਂ’ ਵਾਲੀ ਤੁੱਕ ਤੋਂ ਸਪਸ਼ਟ ਹੈ ਕਿ ਇਸ ਦੀ ਸਾਰੀ ਵਾਰ ਦਾ ਕਰਤਾ ਇੱਕੋ ਹੀ ਕਵੀ ਹੈ, ਫਿਰ ਵੀ ਕਈ ਵਿਦਵਾਨ ਇਸ ਵਾਰ ਦੀ ਦੂਜੀ ਪਉੜੀ ਵਿਚਲੀਆਂ ਹੇਠ ਲਿਖੀਆਂ ਤੁੱਕਾਂ ਦਾ ਆਸਰਾ ਲੈ ਕੇ ਪਹਿਲੀਆਂ ਦੋ ਪਉੜੀਆਂ ਦਸ਼ਮੇਸ਼ ਕ੍ਰਿਤ ਅਤੇ ਪਿਛਲੀਆਂ 53 ਪਉੜੀਆਂ ਕਵੀ ਰਚਨਾ ਦਰਸਾਉਣ ਦਾ ਬਿਰਥਾ ਜਤਨ ਕਰਦੇ ਹਨ, ਯਥਾ:

ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸੈਸਾਰ ਉਪਾਇਆ।
ਬ੍ਰਹਮਾ ਬਿਸਨ ਮਹੇਸ਼ ਸਾਜਿ ਕੁਦਰਤੀ ਦਾ ਖੇਲ ਰਚਾਇ ਬਣਾਇਆ।…
ਤੈ ਹੀ ਦੁਰਗਾ ਸਾਜਿ ਕੈ ਦੈਤਾਂ ਦਾ ਨਾਸੁ ਕਰਾਇਆ।
ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਸਿਰੁ ਘਾਇਆ।
ਤੈਥੋਂ ਹੀ ਬਲੁ ਕ੍ਰਿਸ਼ਨ ਲੈ ਕੰਸ ਕੇਸੀ ਪਕੜਿ ਗਿਰਾਇਆ।..
ਕਿਨੀ ਤੇਰਾ ਅੰਤੁ ਨਾ ਪਾਇਆ।...

ਚੱਲਦਾ…


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top