Share on Facebook

Main News Page

ਤਹ ਹਮ ਅਧਿਕ ਤਪਸਿਆ ਸਾਧੀ - 2
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 20

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਇੱਕ ਹੋਰ ਗੱਲ ਇਹ ਹੈ ਕਿ ਭਾਈ ਲਹਿਣਾ ਜੀ ਗੁਰੂ ਸ਼ਰਣ ਆਉਣ ਤੋਂ ਪਹਿਲਾਂ ਵਰ੍ਹਿਆਂ ਬੱਧੀ ਵੈਸ਼ਨੋ ਦੇਵੀ ਆਦਿਕ ਦੇਵੀ-ਦੁਆਰਿਆਂ ਤੇ ਪੁੱਜ ਕੇ ਜੋਤਾਂ ਜਗਾਉਂਦੇ ਰਹੇ, ਪਰ ਕੋਈ ਗੁਰਸਿੱਖ ਉਨ੍ਹਾਂ ਦੀ ਰੀਸੇ ਦੇਵੀ ਦਰਸ਼ਨਾਂ ਨੂੰ ਨਹੀਂ ਗਿਆ ਕਿਉਂਕਿ ਉਹ ਕਰਤਾਰਪੁਰ ਵਿੱਚ ਗੁਰੂ ਨਾਨਕ ਦਰ ਉੱਤੇ ਆਉਣ ਤੋਂ ਪਹਿਲਾਂ, ਸੂਹੇ ਕੱਪੜੇ,ਗਲ ਵਿੱਚ ਮੌਲੀਆਂ ਦੇ ਅੱਟੇ,ਹੱਥਾਂ ਵਿੱਚ ਛੈਣੇ ਲੈ ਕੇ ਦੁਰਗਾ ਦੀਆਂ ਭੇਟਾਂ (ਗੀਤ) ਗਾਉਂਦੇ ਹੋਏ ਗੁਰੂ ਆਦਰਸ਼ ਵਿਰੁੱਧ ਵੈਸ਼ਨੋ ਦੇਵੀ ਆਦਿਕ ਦੁਆਰਿਆਂ ਤੇ ਜੋਤਾਂ ਜਗਾਉਣ ਵਾਲੇ ਦੇਵੀ ਪੂਜਕ ਸਨ।

ਹਾਂ, ਜਦੋਂ ਗੁਰੂ ਅੰਗਦ ਦੇਵ ਰੂਪ ਵਿੱਚ ਆਏ ਤਾਂ ਖਡੂਰ ਸਾਹਿਬ ਆਦਿਕ ਪਵਿਤਰ ਗੁਰਧਾਮਾਂ ਦੇ ਦਰਸ਼ਨ ਕਰਨੇ ਹਰ ਗੁਰਸਿੱਖ ਆਪਣੇ ਧੰਨ-ਭਾਗ ਸਮਝਣ ਲੱਗਾ।

ਗੁਰੂ ਅਮਰ ਦਾਸ ਸਾਹਿਬ 19-20 ਸਾਲ ਗੰਗਾ ਪੁੱਜ ਕੇ ਇਸ਼ਨਾਨ ਕਰਦੇ ਰਹੇ, ਜਿਨ੍ਹਾਂ ਦੀ ਰੀਸ ਕਰਕੇ ਕੋਈ ਵੀ ਸਿਦਕਵਾਨ ਸਿੱਖ ਇਸ ਭਾਵਣਾ ਨਾਲ ਗੰਗਾ ਯਾਤਰਾ ਨਹੀਂ ਕਰਦਾ ਕਿ ਗੁਰੂ ਅਮਰ ਦਾਸ ਜੀ ਗੰਗਾ-ਮਾਈ ਦੇ ਦਰਸ਼ਨ ਕਰਦੇ ਸਨ, ਇਸ ਲਈ ਅਸੀਂ ਵੀ ਜਰੂਰ ਗੰਗਾ ਇਸ਼ਨਾਨ ਕਰੀਏ। ਕਾਰਣ, ਇਹ ਕਿ ਗੁਰੂ ਅੰਗਦ ਦੇਵ ਜੀ ਦੀ ਸ਼ਰਣ ਲੈਣ ਤੋਂ ਪਹਿਲਾਂ ਉਹ ਤਿਲਕ ਜੰਜੂ ਆਦਿਕ ਵੈਸ਼ਨਵ ਰੂਪ ਵਿੱਚ ਇੱਕ ਕਰਮਕਾਂਡੀ ਗੰਗਾ ਯਾਤਰੂ ਸਨ, ਪਰ ਗੁਰਗੱਦੀ ਉੱਤੇ ਸੁਸ਼ੋਭਿਤ ਹੋਣ ਉਪਰੰਤ ਹਰ ਗੁਰਸਿੱਖ ਗੋਇੰਦਵਾਲ ਆਦਿਕ ਗੁਰਧਾਮਾਂ ਦੀ ਚਰਣ ਧੂੜ ਮੱਥੇ ਲਾਉਣੀ ਆਪਣਾ ਸੁਭਾਗ ਸਮਝਣ ਲੱਗ ਪਿਆ ਹੈ।

ਉਪਰਲੇ ਹਵਾਲਿਆਂ ਦਾ ਸਿੱਟਾ ਇਹ ਕਿ ਇਸੇ ਜਨਮ ਵਿੱਚ ਹੁੰਦਿਆਂ ਹੀ ਗੁਰੂ ਅੰਗਦ ਦੇਵ ਅਤੇ ਗੁਰੂ ਅਮਰਦਾਸ ਜੀ ਦੀ ਰੀਸੇ ਅਸੀਂ ਵੈਸ਼ਨੋ ਦੇਵੀ ਅਤੇ ਗੰਗਾ ਮਾਈ ਦੀ ਯਾਤਰਾ ਮਨਮਤਿ ਸਮਝਦੇ ਹਾਂ, ਤਾਂ ਦਸਮ ਪਿਤਾ ਦੇ ਪਿਛਲੇ ਜਨਮ ਦੁਸ਼ਟ ਦਮਨ (ਅਤੇ ਉਹ ਵੀ ਅਖੌਤੀ ਦੁਸ਼ਟ ਦਮਨ) ਦੇ ਤਪ ਅਸਥਾਨ ਹੇਮਕੁੰਟ ਦੀ ਯਾਤਰਾ ਕਰਨੀ ਕਿੱਥੋਂ ਤੱਕ ਬੁੱਧਮਤਾ ਹੈ।

ਬਹੁਤੀਆਂ ਲੰਮੀਆਂ ਚੌੜੀਆਂ ਵਿਚਾਰਾਂ ਛੱਡ ਕੇ ਘਟੋ-ਘੱਟ ਇਤਨਾ ਹੀ ਸੋਚ ਲਿਆ ਜਾਵੇ ਕਿ ਬਚਿਤ੍ਰ ਨਾਟਕ ਅਤੇ ਸੂਰਜ ਪ੍ਰਕਾਸ਼ ਵਿੱਚ ਲਿਖੇ ਅਨੁਸਾਰ ਦਸਮ ਪਿਤਾ ਨੇ ਪਿਛਲੇ ਜਨਮ ਸੱਚ-ਮੁੱਚ ਹੀ ਸ਼ੇਰ ਦੀ ਖੱਲ੍ਹ ਵਿੱਚੋਂ ਪੈਦਾ ਹੋ ਕੇ (ਜੋ ਅਕਾਸ਼ ਦੇ ਫੁੱਲਾਂ ਵਾਂਗੂ ਤ੍ਰਵੈ ਕਾਲ ਅਸੰਭਵ ਤੋਂ ਵੀ ਅਸੰਭਵ ਹੈ) ਅਣਗਿਣਤ ਦੈਂਤ ਮਾਰਨ ਉਪਰੰਤ ਭਗੌਤੀ (ਦੁਰਗਾ) ਦੀ ਆਗਿਆ ਪਾਲਣ ਹਿੱਤ ਹੇਮਕੁੰਟ ਉੱਤੇ ਅਸੰਖਾਂ ਵਰ੍ਹੇ ਭੁੱਖਿਆਂ-ਤੱਸਿਆਂ ਰਹਿ ਕੇ ਤਪੱਸਿਆ ਕੀਤੀ ਹੁੰਦੀ ਤਾਂ ਇਹੋ ਜਿਹੇ ਉੱਘੇ ਅਤੇ ਨਿੱਜੀ ਅਸਥਾਨ ਦੀ ਯਾਤਰਾ ਹਿੱਤ ਦਸ਼ਮੇਸ਼ ਜੀ ਆਪ ਨਾ ਜਾਂਦੇ ? ਜਰੂਰ ਜਾਂਦੇ। ਅਤੇ ਸਭ ਤੋਂ ਪਹਿਲਾਂ ਜਾਂਦੇ, ਬਲਕਿ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਇੱਕ ਨਹੀਂ ਕਈ ਵਾਰ ਜਾਂਦੇ। ਪ੍ਰੰਤੂ ਆਪ ਜੀ ਨੇ ਸਾਰੀ ਦੀ ਸਾਰੀ ਆਯੂ ਵਿੱਚ ਇੱਕ ਵਾਰੀ ਵੀ ਜਾਣ ਦਾ ਉਦਮ ਨਹੀਂ ਕੀਤਾ ਤੇ ਨਾ ਹੀ ਦਸਮ ਪਿਤਾ ਦੇ ਜੋਤੀ ਜੋਤਿ ਸਮਾਉਣ ਤੋਂ ਪਿੱਛੋਂ ਅਨੇਕਾਂ ਨਿਕਟਵਰਤੀ ਗੁਰਚਰਨਾਂ ਦੇ ਭੌਰਿਆਂ (ਜਿਵੇਂ ਕਿ ਅਕਾਲੀ ਫੂਲਾ ਸਿੰਘ ਵਰਗੇ ਮਰਜੀਵੜੇ ਆਦਿਕਾਂ) ਵਿੱਚੋਂ ਕਿਸੇ ਇੱਕ ਸਿੱਖ ਨੇ ਵੀ ਹੇਮਕੁੰਟ ਨੂੰ ਗੁਰੂ ਜੀ ਦਾ ਤਪ ਅਸਥਾਨ ਮੰਨ ਕੇ ਯਾਤਰਾ ਕੀਤੀ।

ਹਰ ਕੋਈ ਜਾਣਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿੱਥੇ-ਜਿੱਥੇ ਵੀ ਇਤਿਹਾਸਿਕ ਗੁਰਧਾਮਾਂ ਦੀ ਸੋ ਪੈਂਦੀ ਸੀ, ਉਥੇ ਹੀ ਪੁੱਜ ਕੇ ਉਹ ਕੇਵਲ ਦਰਸ਼ਨ ਹੀ ਨਹੀਂ ਕਰਦੇ ਸਨ, ਸਗੋਂ ਅਨਗਿਣਤ ਮਾਇਆ ਖਰਚ ਕੇ ਨਿਸ਼ਾਨ ਕਾਇਮ ਕਰਨੋ ਵੀ ਕਸਰ ਨਹੀਂ ਛੱਡਦੇ ਸਨ। ਕੀ ਉਨ੍ਹਾਂ ਨੂੰ ਵੀ ਕਿਸੇ ਗੁਰਸਿੱਖ ਨੇ ਹੇਮਕੁੰਟ ਦੀ ਸੂਹ ਨਾ ਦਿੱਤੀ।

ਮੁੱਕਦੀ ਗੱਲ ਇਹ ਕਿ ਦੁਸ਼ਟ ਦਮਨ ਦੀ ਹੋਂਦ ਅਤੇ ਹੇਮਕੁੰਟ ਉੱਤੇ ਤਪ ਸਾਧਨਾ ਆਦਿਕ ਕਿਸੇ ਪੱਖੋਂ ਵੀ ਸਿੱਧ ਨਹੀਂ ਹੋ ਸਕਦੇ। ਇਸ ਲਈ ਅੰਜਾਣ ਸ਼ਰਧਾਲੂ ਸੱਜਣਾਂ ਵਲੋਂ ਹੇਮਕੁੰਟ ਨੂੰ ਗੁਰੂ ਜੀ ਦਾ ਤਪ ਅਸਥਾਨ ਸਮਝ ਕੇ, ਯਾਤਰਾ ਹਿੱਤ ਵਹੀਰਾਂ ਪਾਉਣੀਆਂ ਆਦਿਕ ਸਾਰੇ ਦਾ ਸਾਰਾ ਉੱਦਮ ਨਿਸ਼ਫਲ ਅਤੇ ਬਿਰਥਾ ਹੱਠ ਨਿਰੋਲ ਮੱਨਮਤਿ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top