Share on Facebook

Main News Page

ਪ੍ਰਿਥਮ ਭਗਉਤੀ ਸਿਮਰ ਕੈ… - 1
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 14

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਉਪਰੋਕਤ ਸਿਰਲੇਖ ਦਸਮ ਗ੍ਰੰਥ ਵਿਚਲੀ ਭਗਉਤੀ ਵਾਰ ਦੀ ਪਹਿਲੀ ਪਉੜੀ ਪੰਗਤੀ (ਤੁੱਕ) ਹੋ ਜੋ ਅਰਦਾਸਾ ਸੋਧਣ ਸਮੇਂ ਅਰੰਭਤਾ ਵਿੱਚ ਪੜ੍ਹੀ ਜਾਂਦੀ ਹੈ, ਪਰ ਇਸ ਵਿਚਲੇ ‘ਭਗਉਤੀ’ ਸ਼ਬਦ ਦੇ ਅਰਥ ਆਪੋ-ਆਪਣੀ ਮਨੌਤ ਅਨੁਸਾਰ ਲਿਖੇ ਤਿੰਨ ਰੂਪਾਂ ਵਿੱਚ ਦਰਸਾਏ ਜਾਂਦੇ ਹਨ।

1- ਅਕਾਲ ਪੁਰਖ, 2- ਸ੍ਰੀ ਸਾਹਿਬ (ਤਲਵਾਰ), 3- ਭਗਵਤੀ (ਦੁਰਗਾ)

1- ਆਮ ਅਰਦਾਸੀਏ ਅਰਦਾਸ ਸਮੇਂ ਭਗਉਤੀ ਦਾ ਅਰਥ ਆਪਣੇ ਵਲੋਂ ਅਕਾਲ ਪੁਰਖ ਸਮਝਦੇ ਹੋਏ “ਪ੍ਰਿਥਮ ਭਗਉਤੀ ਸਿਮਰ ਕੈ..” ਉਚਾਰਨ ਕਰਦੇ ਹਨ, ਭਾਵ ਮੂੰਹੋਂ ਤਾਂ ‘ਭਗਉਤੀ’ ਉਚਾਰਦੇ ਹਨ, ਪਰ ਅੰਦਰੋਂ-ਅੰਦਰੀਂ ਇਸਦਾ ਅਰਥ ਅਕਾਲ ਪੁਰਖ ਅਨੁਭਵ ਕਰਦੇ ਹਨ।

2- ਕੁਝ ਵੀਰ ‘ਭਗਉਤੀ’ ਦਾ ਅਰਥ ਸ੍ਰੀ ਸਾਹਿਬ (ਤਲਵਾਰ) ਨਿਸ਼ਚੇ ਕਰਕੇ ਅਰਦਾਸ ਕਰਨ ਵੇਲੇ ਦੋਹਾਂ ਹੱਥਾਂ ਵਿੱਚ ਨੰਗੀ ਕ੍ਰਿਪਾਨ ਫੜ੍ਹ ਕੇ “ਪ੍ਰਿਥਮ ਭਗਉਤੀ…” ਉਚਾਰਦੇ ਹੋਏ, ਉਚੇਚੇ ਤੌਰ ‘ਤੇ ‘ਸ੍ਰੀ ਸਾਹਿਬ ਜੀ ਸਹਾਇ’ ਵੀ ਕਹਿੰਦੇ ਹਨ।

3- ਕਈ ਨਿਰਪੱਖ ਵਿਦਵਾਨ ‘ਭਗਉਤੀ’ਦਾ ਸਿੱਧਾ ਪੱਧਰਾ ਅਰਥ ਭਗਵਤੀ ਦੇਵੀ, ਭਾਵ ਦੁਰਗਾ ਜਾਣ ਕੇ “ਪ੍ਰਿਥਮ ਭਗਉਤੀ ਸਿਮਰ ਕੈ…” ਦੀ ਥਾਏਂ “ਪ੍ਰਿਥਮ ਸਤਿਨਾਮ ਸਿਮਰ ਕੈ..” ਜਾਂ ‘ਆਦਿ ਸ੍ਰੀ ਨਿਰੰਕਾਰ ਅਬਿਨਾਸੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ” ਉਚਾਰਦੇ ਹਨ, ਜਿਵੇਂ ਕਿ ਸ੍ਰੀ ਸਿੰਘ ਸਭਾ ਭਸੌੜ ਅਤੇ ਨਿਰੰਕਾਰੀ ਦਰਬਾਰ (ਰਾਵਲਪਿੰਡੀ) ਵਾਲੇ ਆਦਿ ਕਈ ਥਾਈਂ ਲਗਾਤਾਰ ਕਈ ਸਾਲਾਂ ਤੋਂ ਪ੍ਰਚੱਲਤ ਹੈ।

ਕੁਝ ਗਿਣਤੀ ਉਨ੍ਹਾਂ ਡਰਾਕਲ ਵਿਦਵਾਨਾਂ ਦੀ ਵੀ ਹੈ ਜੋ ਭਗਉਤੀ ਦਾ ਅਰਥ ਅਕਾਲ ਪੁਰਖ ਸੁਪਨੇ ਵਿੱਚ ਵੀ ਨਹੀਂ ਮੰਨਦੇ, ਸਗੋਂ ‘ਭਗਉਤੀ ਦੀ ਵਾਰ’ ਦੇ ਚੱਲਦੇ ਪ੍ਰਕਰਣਕ ਅਧਾਰ ਉੱਤੇ ਨਿਰੋਲ ‘ਦੁਰਗਾ’ ਲਖਾਇਕ ਸਮਝਦੇ ਹਨ, ਪਰ ਅਣਜਾਣ ਸ਼ਰਧਾਲੂਆਂ ਦੀ ਬਹੁ-ਗਿਣਤੀ ਵਲੋਂ ਰੌਲਾ ਪਾਉਣ ਤੋਂ ਡਰਦਿਆਂ, ਉਘੜ ਕੇ ਆਪਣੀ ਆਤਮਕ ਆਵਾਜ਼ ਪ੍ਰਗਟ ਕਰਨੋਂ ਝਿਜਕਦੇ ਹਨ, ਜਿਨ੍ਹਾਂ ਵਿੱਚ ਹਥਲੀ ਪੁਸਤਕ ਦਾ ਲਿਖਾਰੀ ਵੀ ਕੁਝ ਸਮਾਂ ਮੂਹਰਲੀ ਕਤਾਰੇ ਰਿਹਾ ਹੈ।

ਹੁਣ ਵੇਖਣਾ ਇਹ ਹੈ ਕਿ ਭਗਉਤੀ ਸਬੰਧੀ ਉੱਪਰ ਦੱਸੇ ਤਿੰਨ ਅਰਥਾਂ ਵਿੱਚ ਯਥਾਰਥ ਅਰਥ ਕਿਹੜਾ ਹੋ ਸਕਦਾ ਹੈ।

1 - ‘ਭਗਉਤੀ ’ਦਾ ਅਰਥ ਅਕਾਲ ਪੁਰਖ ਤਾਂ ਉੱਕਾ ਹੀ ਨਹੀਂ ਹੋ ਸਕਦਾ, ਕਾਰਣ ਇਹ ਕਿ ਇਸ ਅਰਥ ਦੀ ਪ੍ਰੋੜਤਾ ਹਿੱਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਬਲਕਿ ‘ਦਸਮ ਗ੍ਰੰਥ’ ਵਿੱਚ ਵੀ ਕੋਈ ਠੋਸ ਪ੍ਰਮਾਣ ਨਹੀਂ ਮਿਲਦਾ, ਤੇ ਨਾ ਹੀ ਕਿਸੇ ਪ੍ਰਮਾਣੀਕ ਗ੍ਰੰਥ ਅਥਵਾ ਸ਼ਬਦ ਕੋਸ਼ ਆਦਿਕ ਵਿੱਚੋਂ ਭਗਉਤੀ ਦਾ ਅਰਥ ਅਕਾਲ ਪੁਰਖ ਲਿਖਿਆ ਮਿਲਦਾ ਹੈ। ਫਿਰ ਇਸੇ ਵਾਰ ਦੇ ਸਿਰਲੇਖ ਵਿੱਚ ‘ਸ੍ਰੀ ਭਗਉਤੀ ਜੀ ਸਹਾਇ’ ਅਤੇ ਵਾਰ ਸ੍ਰੀ ਭਗਉਤੀ ਜੀ ਕੀ ਤਥਾ ਪ੍ਰਥਮ ਭਗਉਤੀ ਸਿਮਰ ਕੈ, ਤਿੰਨ ਵਾਰੀ ‘ਭਗਉਤੀ’ ਸ਼ਬਦ ਦੀ ਵਰਤੋਂ ਸੁੱਤੇ ਹੀ ਇਹ ਨਿਸਚਾ ਕਰਾਉਂਦੀ ਹੈ ਕਿ ਚੱਲਦੇ ਪ੍ਰਕਰਣ ਅਨੁਸਾਰ ਇਥੇ ਭਗਉਤੀ ਦਾ ਅਰਥ ਦੁਰਗਾ ਤੋਂ ਬਿਨਾਂ ਅਕਾਲ ਪੁਰਖ ਆਦਿਕ ਹੋਰ ਕੋਈ ਨਹੀਂ ਹੋ ਸਕਦਾ ਅਤੇ ‘ਭਗਉਤੀ’ ਸ਼ਬਦ ਦੀ ਤਿੰਨੇ ਵਾਰੀ ਇਕੱਠੀ ਵਰਤੋਂ ਕਾਰਣ ਹੇਠ ਲਿਖੇ ਅਨੁਸਾਰ ਹੈ।

ੳ)- “ਸ੍ਰੀ ਭਗਉਤੀ ਜੀ ਸਹਾਇ” ਇਸ ਸਿਰਲੇਖ ਵਿੱਚ ਸਾਕਤ ਕਵੀ ਨੇ ਆਪਣੇ ਇਸ਼ਟ ਭਗਉਤੀ (ਦੁਰਗਾ) ਤੋਂ ਸਹਾਇਤਾ ਮੰਗੀ ਹੈ, ਕਿਉਂਕਿ ਹਰ ਗ੍ਰੰਥਕਾਰ ਆਪਣੀ ਰਚਨਾ ਦੀ ਸਫਲਤਾ ਲਈ ਪਹਿਲਾਂ-ਪਹਿਲ ਆਪਣੇ ਇਸ਼ਟ ਕੋਲੋਂ ਸਹਾਇਤਾ ਮੰਗਦਾ ਹੈ।

ਵਿਸ਼ੇਸ਼ ਕਰਕੇ ਸਾਕਤ ਮਤੀਏ ਭਾਵੇਂ ਭਗਉਤੀ ਦਾ ਅਨੇਕਾਂ ਭਗੌਤੀ ਦਾ ਅਨੇਕਾਂ ਦੇਵੀਆਂ ਦੇ ਰੂਪ ਵਿੱਚ ਆਵਾਹਨ ਕਰਦੇ ਹਨ। ਪ੍ਰੰਤੂ ਹਰ ਕਾਰਜ ਦੀ ਸਫਲਤਾ ਹਿਤ “ਸ੍ਰੀ ਭਗਵਤੀ ਏ ਨਮਹ” ਜਾਂ “ਸ੍ਰੀ ਭਗੌਤੀ ਜੀ ਸਹਾਇ” ਆਦਿਕ ਸ਼ਬਦ ਵਰਤਨੇ ਇਨ੍ਹਾਂ ਦਾ ਮੂਲ ਨਿਯਮ ਹੈ। ਇਸੇ ਲਈ ਭਗਉਤੀ ਵਾਰ ਦੇ ਅਰੰਭ ਵਿੱਚ ਸਾਕਤ ਕਵੀ ਨੇ "ਪ੍ਰਿਥਮ ਭਗਉਤੀ ਸਿਮਰ ਕੈ…" ਸ਼ਬਦਾਂ ਰਾਹੀਂ ਭਗਵਤੀ ਦੇਵੀ ਨੂੰ ਸਿਮਰਿਆ (ਅਰਾਧਿਆ) ਹੈ।

ਅ)- “ਵਾਰ ਸ੍ਰੀ ਭਗਉਤੀ ਜੀ ਕੀ”- ਤੋਂ ਭਾਵ ਸ੍ਰੀ ਭਗਵਤੀ (ਦੁਰਗਾ) ਦਾ ਜਸ ਹੈ।

ੲ)- ਤਲਵਾਰ- ਕੋਈ ਸ਼ਕ ਨਹੀਂ ਕਿ ‘ਭਗਉਤੀ’ ਸ਼ਬਦ ਤਲਵਾਰ ਦਾ ਲਖਾਇਕ ਵੀ ਹੈ, ਜਿਵੇਂ ਕਿ ਇਸੇ ‘ਭਗਉਤੀ ਦੀ ਵਾਰ’ ਵਿਚਲੀ 53 ਵੀਂ ਪਉੜੀ ਦੀਆਂ ਹੇਠ ਲਿਖੀਆਂ ਤੁਕਾਂ ਤੋਂ ਸਪਸ਼ਟ ਹੈ:-

ਲਈ ਭਗਉਤੀ ਦੁਰਗਸ਼ਾਹ ਵਰਜਾਗਣ ਭਾਰੀ। ਲਾਈ ਰਾਜੇ ਸੁੰਭ ਨੂੰ ਰਤ ਪੀਐ ਪਿਆਰੀ।

ਪ੍ਰੰਤੂ ਅਵਧਾਬ੍ਰਿਤੀ (ਅਸਥਾਨ-ਭੇਦ) ਭਾਵ, ਚੱਲਦੇ ਪ੍ਰਕਰਣ ਦੇ ਅਧਾਰ ਉੱਤੇ “ਪ੍ਰਥਮ ਭਗਉਤੀ ਸਿਮਰ ਕੈ…ਵਿੱਚ ਆਏ ‘ਭਗਉਤੀ’ ਸ਼ਬਦ ਦਾ ਅਰਥ ਤਲਵਾਰ ਕਰਨਾ ਕੇਵਲ ਅਸੰਗਤ ਹੀ ਨਹੀਂ, ਬਲਕਿ ਨਿਰੋਲ ਅੰਜਾਣਪਨਾ ਹੈ, ਕਿਉਂਕਿ ਇਸ ਤਰ੍ਹਾਂ ਤਾਂ ਸੁਖਮਨੀ ਸਾਹਿਬ ਵਿੱਚ ਲਿਖੇ-

ਭਗਉਤੀ ਭਗਵੰਤ ਭਗਤਿ ਕਾ ਰੰਗ॥ (ਆਦਿ ਗ੍ਰੰਥ, ਪੰਨਾ 274) ਅਨੁਸਾਰ "ਭਗਉਤੀ" ਦਾ ਅਰਥ ‘ਭਗਤ’ ਵੀ ਹੈ

ਚੱਲਦਾ…


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top