Share on Facebook

Main News Page

ਤਹ ਹਮ ਅਧਿਕ ਤਪਸਿਆ ਸਾਧੀ - 1
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 20

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਹੁਣ ਬਚਿਤ੍ਰ ਨਾਟਕ ਵਿਚਲੀ ‘ਤਹ ਹਮ ਅਧਿਕ ਤਪਸਿਆ ਸਾਧੀ’ ਵਾਲੀ ਤੁੱਕ ਨੂੰ ਲਵੋ ਜਿਸ ਤੁੱਕ ਦਾ ਆਸਰਾ ਲੈ ਕੇ ਸੂਰਜ ਪ੍ਰਕਾਸ਼ ਦੇ ਕਰਤਾ ਨੇ ਦੁਸ਼ਟ ਦਮਨ ਦੀ ਤਪਸਿਆ (ਅਖੌਤੀ ਦੁਸਟ ਦਮਨ ਤੇ ਅਖੌਤੀ ਹੀ ਤਪਸਿਆ) ਸਾਧਨ ਦੇ ਵਿਸਥਾਰਕ ਪੁੱਲ ਬੱਧੇ ਹਨ।ਉਸ ਵਿਸਥਾਰ ਵਿੱਚੋਂ ਕੇਵਲ ਸੰਕੋਚਵੇਂ ਇਸ਼ਾਰੇ, ਯਥਾ-

ਦੁਸ਼ਟ ਦਮਨ ਨੇ ਭਗੌਤੀ ਦੇਵੀ ਤੋਂ ਚਿਰੰਜੀਵਤਾ ਦਾ ਵਰ ਲੈਣ ਉਪਰੰਤ ਉਸਦੀ ਆਗਿਆ ਪਾਲਣ ਹਿੱਤ ਹੇਠ ਲਿਖੇ ਰੂਪ ਵਿੱਚ ਤਪ ਅਰੰਭਿਆ।

ਸਿਰ ਤੇ ਜਟਾਂ, ਸਰੀਰੋਂ ਨਗਨ, ਅੱਖਾਂ ਬੰਦ, ਨਿਰਾਹਾਰੀ, ਅਤੇ ਮੋਨਧਾਰੀ ਰੂਪ ਵਿੱਚ ਇੱਕ ਪੈਰ ਦੇ ਭਾਰ ਖੜੋ ਕੇ, ਦੋਵੇਂ ਬਾਹਵਾਂ ਉੱਪਰ ਕਰਕੇ, ਨਿਰਜੀਵ ਅਤੇ ਜਲਹੀਨ ਬਨ ਵਿੱਚ ਅਸੰਖਾਂ ਵਰ੍ਹੇ ਇਹੋ ਜਿਹੀ ਕਠਿਨ ਤਪਸਿਆ ਕੀਤੀ ਕਿ ਸਰੀਰ ਸੁੱਕ ਕੇ ਹੱਡੀਆਂ ਹੀ ਹੱਡੀਆਂ ਰਹਿ ਗਈਆਂ। (ਸੂਰਜ ਪ੍ਰਕਾਸ਼ ਰਾਸ 11,ਅੰਸੂ 52)

ਨਿਰਣਾ

ਅਸੰਖਾਂ ਵਰ੍ਹੇ ਤੱਪ ਕਰਨ ਵਾਲੀ ਉਤਲੀ ਲਿਖਤ ਪੜ੍ਹ ਕੇ ਸਾਧਾਰਨ ਤੋਂ ਸਾਧਾਰਨ ਸੂਝ ਵਾਲੇ ਬਲਕਿ ਪੁਰਾਣ ਪੰਥੀਏ ਵੀ ਅਸਚਰਜ ਹੋਣਗੇ ਕਿ ਅਸੰਖਾਂ ਵਰ੍ਹਿਆਂ ਵਿੱਚ ਤਾਂ ਅਨੇਕਾਂ ਵਾਰੀ ਪਰਲੋ ਅਤੇ ਮਹਾਂ ਪਰਲੋ ਵੀ ਆਉਂਦੀ ਹੈ, ਜਿਸ ਕਾਰਣ ਹੇਮਕੁੰਟ ਪਰਬਤ ਆਦਿਕ ਸਾਰੀ ਦੀ ਸਾਰੀ ਰਚਨਾ ਦਾ ਨਾਸ ਹੋ ਕੇ ਕੇਵਲ ਜਲ ਹੀ ਜਲ ਦਾ ਅਭਾਵ ਹੋ ਕੇ -

“ਅਰਬਦ ਨਰਬਦ ਧੁੰਧੂਕਾਰਾ॥ ਧਰਣਿ ਨ ਗਗਨਾ, ਹੁਕਮੁ ਅਪਾਰਾ॥ (ਮਾਰੂ ਸੋਹਲੇ, ਮਹਲਾ 1, 1035)

ਵਾਲਾ ਉਹ ਦ੍ਰਿਸ਼ ਹੋ ਜਾਂਦਾ ਹੈ ਜਿਸ ਦਾ ਧੁਰਾ ਹੀ ਨਹੀਂ ਬੰਨ੍ਹਿਆਂ ਜਾ ਸਕਦਾ, ਤਾਂ ਫਿਰ ਰੱਬ ਜਾਣੇ ਅਸੰਖਾਂ ਵਰ੍ਹੇ ਤਪਸਿਆ ਸਾਧਣ ਵਾਲਾ (ਕਵੀ ਕਲਪਤ) ਦੁਸ਼ਟ ਦਮਨ ਕਿਥੇ ਖੜੋ ਕੇ ਤਪ ਕਰਦਾ ਰਿਹਾ ਹੈ।

ਸਿੱਟਾ ਇਹ ਕਿ ਨਾ ਕੋਈ ਦੁਸ਼ਟ ਦਮਨ ਹੋਇਆ ਨਾ ਹੀ ਕਿਸੇ ਭਗਉਤੀ ਦੀ ਆਗਿਆ ਪਾਲਣ ਹਿਤ ਹੇਮਕੁੰਟ ਉੱਤੇ ਅਸੰਖਾਂ ਵਰ੍ਹੇ ਖੜੋ ਕੇ ਸਰੀਰ ਨੂੰ ਕਸ਼ਟ ਦੇਣ ਵਾਲਾ ਤਪ ਕੀਤਾ।

ਇੱਕ ਹੋਰ ਗੱਲ ਨੋਟ ਕਰਨ ਵਾਲੀ ਇਹ ਵੀ ਹੈ ਕਿ ਆਦਿ ਕਾਲ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਸੰਸਾਰ ਮੰਡਲ ਵਿੱਚ ਆਉਣ ਵਾਲੇ ਜਪੀ, ਤਪੀ ਆਦਿਕਾਂ ਦੇ ਆਮ ਤੌਰ ਅਤੇ ਜਗਤ ਪ੍ਰਸਿੱਧ ਵਿਅਕਤੀਆਂ ਦੇ ਨਾਮ ਵਿਸ਼ੇਸ਼ ਕਰਕੇ ਹਿੰਦੂਆਂ ਦੇ ਅਨੇਕਾਂ ਗਰੰਥਾਂ ਵਿੱਚ ਨਿਰੂਪਣ ਹਨ, ਜਿਵੇਂ ਕਿ-

24 ਅਵਤਾਰ,16 ਦੇਵੀਆਂ (ਜਿਨ੍ਹਾਂ ਨੂੰ ਖੋੜਸਾ ਮਾਤ੍ਰੀ ਵੀ ਕਹਿੰਦੇ ਹਨ), 9 ਮੁਨੀ, 7 ਰਿਸ਼ੀ, 9 ਨਾਥ, 84 ਸਿੱਧ ਅਤੇ 6 ਚਿਰੰਜੀਵੀ, ਜਤੀ ਆਦਿਕ।

(ਚਿਰੰਜੀਵੀ-ਕਾਕ ਭਸੁੰਭ, ਲੋਮਸ ਰਿਸ਼ੀ (ਜਿਸਨੂੰ ਅਮਰ ਰਿਸ਼ੀ ਵੀ ਕਹਿੰਦੇ ਹਨ), ਮਾਰਕੰਡੇਯ, ਨਾਰਦ, ਗੋਰਖ ਅਤੇ ਵਿਭੀਖਣ।

ਜਤੀ-ਦੱਤਾਪਰੇਯ, ਭੀਸ਼ਮ, ਗੋਰਖ, ਹਨੂਮਾਨ, ਲਛਮਣ ਅਤੇ ਭੈਰੋ।

ਉਤਲੇ ਕਥਨ ਤੋਂ ਭਾਵ ਇਹ ਕਿ ਬਚਿਤ੍ਰ ਨਾਟਕ ਅਤੇ ਸੂਰਜ ਪ੍ਰਕਾਸ਼ ਵਿੱਚ ਲਿਖੇ ਅਨੁਸਾਰ ਅਸੰਖਾਂ ਵਰ੍ਹੇ ਜੀਊਣ ਵਾਲੇ ਕਿਸੇ ਦੁਸ਼ਟ ਦਮਨ ਨੇ ਹੇਮਕੁੰਟ ਉੱਤੇ ਮਹਾਂਕਾਲ ਅਤੇ ਕਾਲਿਕਾ ਨੂੰ ਨਹੀਂ ਅਰਾਧਿਆ ਹੁੰਦਾ ਤਾਂ ਉੱਤੇ ਲਿਖੇ 6 ਚਿਰੰਜੀਵੀਆਂ ਵਾਂਗੂ ਸਤਵਾਂ ਚਿਰੰਜੀਵੀ, ਬਲਕਿ ਅਸੰਖਾਂ ਵਰ੍ਹੇ ਜੀਊਣ ਵਾਲਾ, ਸ਼੍ਰੋਮਣੀ ਸਤਵਾਂ ਚਿਰੰਜੀਵੀ ਦੁਸ਼ਟ ਦਮਨ ਵੀ ਕਿਸੇ ਨਾ ਕਿਸੇ ਗ੍ਰੰਥ ਵਿੱਚ ਜਰੂਰ ਲਿਖਿਆ ਹੋਣਾ ਸੀ। ਜਾਂ 6 ਜਤੀਆਂ ਵਾਂਗ ਸਤਵਾਂ ਜਤੀ ਸਗੋਂ ਸਤਵਾਂ ਮਹਾਂ ਜਤੀ ਦੁਸ਼ਟ ਦਮਨ ਦਾ ਨਾਮ ਵੀ ਕਿਸੇ ਨਾ ਕਿਸੇ ਪੁਸਤਕ ਵਿੱਚ ਅਵੱਸ਼ ਹੁੰਦਾ, ਨਹੀਂ ਤੇ ਆਮ ਜਪੀਆਂ-ਤਪੀਆਂ ਸਦਰਸ਼ ਹੀ ਕਿਤੇ ਨਾ ਕਿਤੇ ਜਰੂਰ ਹੋਣਾ ਸੀ, ਪ੍ਰੰਤੂ ਸੁਪਨੇ ਮਾਤਰ ਵੀ ਨਹੀਂ।

ਆਰੰਭ ਕਾਲ ਦੇ ਲਿਖਾਰੀ ਨੇ ਨਾ ਸਹੀ, ਦੁਆਪਰ ਜੁਗ ਵਿੱਚ 18 ਪੁਰਾਣਾਂ ਦੇ ਰਚਿਤਾ ਦੱਸੇ ਜਾਂਦੇ ਵੇਦ-ਵਿਆਸ ਨੇ ਵੀ ਕਿਸੇ ਪੁਰਾਣ ਵਿੱਚ ਕੋਈ ਦੁਸ਼ਟ ਦਮਨ ਨਹੀਂ ਦਰਸਾਇਆ।

ਫਿਰ ਰੱਬ ਜਾਣੇ, ਬਚਿਤ੍ਰ ਨਾਟਕ ਦੇ ਲਿਖਾਰੀ ਮਹਾਂਕਾਲ ਦੇ ਉਪਾਸ਼ਕ ਸਾਕਤ ਮਤੀਏ ਕਵੀ ਅਤੇ ਸੂਰਜ ਪ੍ਰਕਾਸ਼ ਦੇ ਕਰਤਾ ਨੇ ਕਿੱਥੋਂ ਅਕਾਸ਼-ਬਾਣੀ ਸੁਣ ਕੇ ਉਪਰੋਕਤ ‘ਅਖੌਤੀ ਦੁਸ਼ਟ ਦਮਨ’ ਸਬੰਧੀ ਮਿਥਿਆਵਾਦ ਨਾਲ ਅਨੇਕਾਂ ਪਤਰੇ ਕਾਲੇ ਕੀਤੇ ਹਨ।

ਜੇ ਕਦੇ ਹੇਮਕੁੰਟ ਦੇ ਸ਼ਰਧਾਲੂ ਵੀਰਾਂ ਵਾਂਗੂ ਬਚਿਤ੍ਰ ਨਾਟਕ ਅਤੇ ਸੂਰਜ ਪ੍ਰਕਾਸ਼ ਵਿਚਲੇ ਮਿਥਿਆਵਾਦ ਨੂੰ ਥੋੜ੍ਹੇ ਚਿਰ ਵਾਸਤੇ ਸੱਚ ਹੀ ਮੰਨ ਲਿਆ ਜਾਵੇ ਕਿ ਗੁਰੂ ਕਲਗੀਧਰ ਜੀ ਨੇ ਉੱਤੇ ਲਿਖੇ ਅਨੁਸਾਰ ਦੇਵੀ (ਦੁਰਗਾ) ਦੀ ਆਗਿਆ ਪਾਲਣ ਹਿੱਤ ਪਿਛਲੇ ਜਨਮ ਹੇਮਕੁੰਟ ਉੱਤੇ ਭਾਰੀ ਕਠਨ ਤਪਸਿਆ ਸਾਧਣ ਦਾ ਹੱਠ ਕੀਤਾ ਸੀ, ਤਾਂ ਸਗੋਂ ਗੁਰੂ ਜੀ ਉੱਤੇ ਆਦਰਸ਼ ਵਿਰਸੁੱਧ ਉਲਟਾ ਦੋਸ਼ ਅਰਪਣ ਹੋਵੇਗਾ (ਜੋ ਤਿੰਨੋ ਕਾਲ ਅਸੰਭਵ ਹੈ), ਕਾਰਣ ਇਹ ਕਿ ਗੁਰੂ ਘਰ ਵਿੱਚ ਇਹੋ ਜਿਹੇ ਹਠ ਜੋਗ ਆਦਿਕ ਕਠਨ ਸਾਧਨਾ ਦਾ ਮੁੱਲ ਕੱਚੀ-ਕੌਡੀ ਵੀ ਨਹੀਂ, ਬਲਕਿ ਨਿਰੋਲ ਮਨਮੱਤ ਹੈ, ਜਿਵੇਂ ਕਿ-

ਹਰਿ ਬਿਨ ਅਵਰ ਕ੍ਰਿਆ ਬਿਰਥੇ॥ ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ॥ ਗਉੜੀ ਮ: 5

ਹੋਰ

ਅੰਨੁ ਨ ਖਾਇਆ ਸਾਦੁ ਗਵਾਇਆ॥……
ਬਸਤ੍ਰ ਨ ਪਹਿਰੈ॥ ਅਹਿਨਿਸਿ ਕਹਰੈ॥
ਮੋਨਿ ਵਿਗੂਤਾ ॥ ਕਿਉ ਜਾਗੈ ਗੁਰ ਬਿਨੁ ਸੂਤਾ॥
(ਆਸਾ ਕੀ ਵਾਰ, ਸਲੋਕ ਮ: 1, 467)

ਮਨਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ॥
ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ॥
(ਵਡਹੰਸ ਕੀ ਵਾਰ,ਮ: 4, ਸਲੋਕ ਮ: 3, 593)

ਪੁਨਾ
ਉਦਮੁ ਕਰਿ ਲਾਗੇ ਬਹੁ ਭਾਤੀ ਬਿਚਰਹਿ, ਅਨਿਕ ਸਾਸਤ੍ਰ ਬਹੁ ਖਟੂਆ॥
ਭਸਮ ਲਗਾਇ ਤੀਰਥ ਬਹੁ ਭਰਮਤੇ, ਸੂਖਮ ਦੇਹ ਬੰਧਹਿ ਬਹੁ ਜਟੂਆ॥
ਬਿਨੁ ਹਰਿ ਭਜਨ ਸਗਲ ਦੁਖ ਪਾਵਤ, ਜਿਉ ਪ੍ਰੇਮ ਬਢਾਇ ਸੂਤ ਕੇ ਹਟੂਆ॥
ਪੂਜਾ ਚਕ੍ਰ ਕਰਤ ਸੋਮ ਪਾਕਾ, ਅਨਿਕ ਭਾਂਤਿ ਥਾਟਹਿ ਕਰਿ ਥਟੂਆ। (ਸਵਯੇ ਸ੍ਰੀ ਮੁਖਵਾਕ ਮ: 5, 1389)

ਚੱਲਦਾ…


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top