Share on Facebook

Main News Page

ਦਸਮ ਗਰੰਥ ਵਿਚਲੀਆਂ ਨਸ਼ੇ ਪ੍ਰੇਰਕ ਰਚਨਾਵਾਂ - 1
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 13

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ


ਸਾਡੇ ਦੇਸ਼ ਵਿੱਚ ਪ੍ਰੰਪਰਾ ਤੋਂ ਹੀ ਅਨੇਕਾਂ ਮੱਤ ਪ੍ਰਚੱਲਿਤ ਹੁੰਦੇ ਆਏ ਹਨ ਅਤੇ ਨਾਲ -ਨਾਲ ਖਤਮ ਵੀ ਹੁੰਦੇ ਗਏ ਜਿਨ੍ਹਾਂ ਵਿੱਚੋਂ ਖਟ ਦਰਸ਼ਨ ਭ੍ਰਮਤੇ ਨਹ ਮਿਲੀਐ ਭੇਖੰ ਗੁਰ ਵਾਕ ਅਨੁਸਾਰ ਹੇਠ ਲਿਖੇ 6 ਮੱਤ ਪ੍ਰਸਿੱਧ ਹਨ ਯਥਾ-

1- ਜੋਗੀ, 2- ਜੰਗਮ, 3- ਸੰਨਿਆਸੀ, 4- ਸਰੇਵੜੇ, 5- ਬੋਧੀ, 6- ਬੈਰਾਗੀ

ਸੰਨਿਆਸੀ ਤ੍ਰੇਅ ਤੋਂ ਅਰੰਭ ਹੋਇਆ ਜਿਸਦੀ ਵੰਡ ਦਸਾਂ ਹਿੱਸਿਆਂ ਵਿੱਚ ਹੋ ਗਈ, ਯਥਾ:
ਬਾਰਹ ਮਹਿ ਰਾਵਲ (ਜੋਗੀ) ਖਪਿ ਜਾਵਹਿ ਚਹੁ ਛਿਅ ਮਹਿ ਸੰਨਿਆਸੀ

ਜੋਗੀਆਂ ਦੇ 12 ਫਿਰਕਿਆਂ ਵਿੱਚੋਂ ਇੱਕ ਅਘੋੜ (ਅਘੋਰੀ) ਪੰਥੀ ਫਿਰਕਾ ਹੈ, ਜੋ ਆਮ ਤੌਰ 'ਤੇ ਮੈਲਾ (ਗੰਦ) ਮਾਸ, ਮਦਿਰਾ ਆਦਿਕ ਵਰਤਦਾ ਹੈ, ਮਹਾਂਕਾਲੀ (ਕਾਲਿਕਾ) ਅਤੇ ਸ਼ਿਵਜੀ ਤਥਾ ਭੈਰੋਂ ਦਾ ਉਪਾਸ਼ਕ ਹੋਣ ਕਾਰਣ ਭੰਗ ਸ਼ਰਾਬ ਆਦਿਕ ਨਸ਼ਿਆਂ ਦੀ ਵਰਤੋਂ ਕਰਦਾ ਹੈ, ਬਲਕਿ ਭੰਗ ਪੀਣ ਲੱਗਿਆਂ ਪਹਿਲਾਂ ਭੰਗ ਦੀ ਮਹੱਤਤਾ ਗੰਗਾ ਤੋਂ ਵੀ ਅਧਿਕ ਦਰਸਾਉਂਦਾ ਹੈ, ਯਥਾ:

ਭੰਗ ਗੰਗ ਦੋ ਬਹਿਨ ਹੈਂ ਤੁਮ ਰਹਿਤੀ ਸ਼ਿਵ ਕੇ ਸੰਗ
ਹੱਡੀ ਖਾਣੀ ਗੰਗ ਤੂੰ ਲੱਡੂ ਖਾਣੀ ਭੰਗ।

ਨੋਟ:- ਹੁਣ ਤਾਂ ਸਿੱਖ ਪੰਥ ਨੂੰ ਕਲੰਕਤ ਕਰਨ ਵਾਲੇ ਸਾਡੇ ਕਈ ਧਾਰਮਿਕ ਆਗੂ ਵੀ ਭੰਗ ਨੂੰ ਸਗੋਂ "ਸੁਖ ਨਿਧਾਨ" ਦੀ ਪਦਵੀ ਦੇਣੋਂ ਵੀ ਲਜਿੱਤ ਸ਼ਰਮਸਾਰ ਨਹੀਂ ਹੁੰਦੇ।

ਉਪਰੋਕਤ ਅਘੋੜ ਪੰਥੀਆਂ ਅਤੇ ਵਾਮ ਮਾਰਗੀਆਂ ਤਥਾ ਤਾਂਤ੍ਰਿਕੀ ਮੱਤ ਨਾਲ ਮਿਲਦਾ-ਜੁਲਦਾ ਇੱਕ ਸਾਕਤ ਚੱਲਿਆ ਸੀ, ਜੋ ਮਹਾਂਕਾਲ ਅਤੇ ਮਹਾਂਕਾਲੀ (ਕਾਲਿਕਾ) ਦਾ ਉਪਾਸ਼ਕ ਹੋਣ ਕਰਕੇ ਮਦਰਾ (ਸ਼ਰਾਬ) ਆਦਿਕ ਨਸ਼ਿਆਂ ਨੂੰ ਪਾਪ ਦੀ ਥਾਵੇਂ ਪੁੰਨ ਸਮਝਦਾ ਹੈ, ਕਾਰਣ ਇਹ ਕਿ ਇਸ ਮੱਤ ਦੇ ਮੰਨੇ ਹੋਏ ਧਰਮ ਪੁਸਤਕ ਕੁਲ ਪ੍ਰਦੀਪ ਤੰਤ ਵਿੱਚ ਲਿਖਿਆ ਹੈ, ਕਿ ਤਾਂਤ੍ਰਿਕ ਮੱਤ ਅਵਲੰਬੀਆਂ ਨੂੰ ਮਦਰਾ ਆਦਿਕ ਨਸ਼ਿਆਂ ਦੀ ਕਦੇ ਵੀ ਨਿੰਦਾ ਨਹੀਂ ਕਰਨੀ ਚਾਹੀਦੀ ਕਿਉਂਕਿ ਮਦਰਾ ਪੰਜ ਮੁਕਾਰਾਂ (ਮੰਮੇ ਅੱਖਰ ਨਾਲ ਬੋਲੇ ਜਾਣ ਵਾਲੀਆਂ ਪੰਜ ਵਸਤੂਆਂ ਮਦਰਾ,ਮਤਸੱਯ,(ਮੱਛੀ) ਮਾਸ, ਮੈਥਨ (ਜਿਨਸੀ ਮਿਲਾਪ), ਮਦ੍ਰਾ (ਭੁੱਜੇ ਹੋਏ ਚਿੜਵੇ ਅਤੇ ਕਣਕ ਛੋਲੇ ਆਦਿਕ ਬੇਰੜਾ ਵਿੱਚੋਂ ਇੱਕ ਮੁਕਾਰ ਹੈ।

ਇਹ ਫਿਰਕਾ ਮੂਰਤੀ ਪੂਜਾ ਨਹੀਂ ਕਰਦਾ, ਬਲਕਿ ਮੂਰਤੀ ਪੂਜਾ ਦੀ ਥਾਵੇਂ ਪ੍ਰਤੱਖ ਹੀ ਇਸਤਰੀ-ਪੁਰਸ਼ ਦੇ ਰੂਪ ਵਿੱਚ ਵੀਰਜ਼ ਦਿੱਤਾ ਜਾਂਦਾ ਹੈ, ਭਾਵ ਇਹ ਕਿ ਸਾਕਤ ਮੱਤ ਵੀ ਵਾਮ ਮਾਰਗੀਆਂ ਨਾਲ ਮਿਲਦਾ-ਜੁਲਦਾ ਨਸ਼ੱਈ ਅਤੇ ਵਿਭਚਾਰੀ ਫਿਰਕਾ ਹੈ।

ਤਦੇ ਹੀ ਇਹ ਲੋਕ ਗਜ-ਵੱਜ ਕੇ ਕਹਿੰਦੇ ਹਨ ਕਿ ਪੀਤਵਾ, ਪੀਤਵਾ, ਪੁਨ ਪਤਿਵਾ ਯਾ ਵਤ ਵਤ ਪਤਤੀ ਭੂਤ ਲੈ ਭਾਵ: ਸ਼ਰਾਬ ਪੀਓ, ਫਿਰ ਪੀਓ, ਮੁੜ ਪੀਓ ਜਦੋਂ ਤੱਕ ਧਰਤੀ ਉੱਤੇ ਡਿੱਗ ਨਾ ਪਵੋ ਉਦੋਂ ਤੱਕ ਪੀਤੀ ਹੀ ਜਾਓ।

ਇਨ੍ਹਾਂ ਦੇ ਨਿਸ਼ਚੇ ਅਨੁਸਾਰ ਸੰਸਾਰ ਦੀ ਕੋਈ ਵਸਤੂ ਵੀ ਘਿਰਣਾਯੋਗ ਨਹੀਂ ਅਤੇ ਕੋਈ ਅਜਿਹਾ ਸ਼ਬਦ ਨਹੀਂ ਜਿਸਦੇ ਬੋਲਣ ਵਿੱਚ ਸ਼ਰਮ ਕਰਨੀ ਪਵੇ, ਸਗੋਂ ਜੋ ਮਨੁੱਖ ਘਿਰਣਾ ਜਾਂ ਸ਼ਰਮ ਕਰੇ, ਉਸ ਨੂੰ ਪਸ਼ੂ ਗਿਣਿਆਂ ਜਾਂਦਾ ਹੈ।

ਇਥੇ ਹੀ ਬੱਸ ਨਹੀਂ, ਦਸਮ ਗ੍ਰੰਥ ਵਿੱਚ ਲਿਖੇ ਅਨੁਸਾਰ ਸਾਕਤ ਮਤੀਆਂ ਕਵੀ ਨਸ਼ੇ ਰਹਿਤ ਪ੍ਰਾਣੀ ਨੂੰ ਖੋਤੇ (ਗਧੇ) ਦੀ ਬਰਾਬਰੀ ਦਿੰਦਾ ਹੈ, ਯਥਾ:

ਬਾਹਨ ਸੀਤਲਾ ਸੀ ਸੋਫੀ ਕੀ ਗਤਿ।

ਉਪਰੋਕਤ ਸਾਕਤ ਮੱਤ ਕਬੀਰ ਜੀ ਦੇ ਸਮੇਂ ਬਹੁਤ ਫੈਲਿਆ ਹੋਇਆ ਸੀ, ਤਦੇ ਹੀ ਭਗਤ ਜੀ ਨੇ ਕਿਹਾ ਸੀ :
ਕਬੀਰ ਬੈਸਨਊ ਕੀ ਕੂਕਰਿ ਭਲੀ ਸਾਕਤ ਕੀ ਬੁਰੀ ਮਾਇ॥
ਓਹ ਨਿਤ ਸੁਨੈ ਹਰਿ ਨਾਮ ਜਸੁ ਉਹ ਪਾਪ ਬਿਸਾਹਨ ਜਾਇ॥

(ਸਲੋਕ ਭਗਤ ਕਬੀਰ ਜੀਉ, 1367)

ਕਬੀਰ ਸਾਕਤ ਨ ਸੰਗੁ ਕੀਜੀਐ ਦੂਰਹਿ ਜਾਈਐ ਭਾਗਿ॥
ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ॥

(ਸਲੋਕ ਭਗਤ ਕਬੀਰ ਜੀਉ, 1371)

ਕਬੀਰ ਸਾਕਤ ਤੇ ਸੂਕਰ ਭਲਾ, ਰਾਖੈ ਆਛਾ ਗਾਉ॥
ਉਹ ਸਾਕਤੁ ਬਾਪੁਰਾ ਮਰਿ ਗਇਆ ਕੋਇ ਨ ਲੈਹੈ ਨਾਉ॥

(ਸਲੋਕ ਕਬੀਰ ਜੀਉ, 1372)

ਗੁਰੂ ਅਰਜਨ ਦੇਵ ਜੀ ਨੇ ਵੀ ਗਉੜੀ ਰਾਗ ਵਿੱਚ ਫੁਰਮਾਇਆ ਹੈ:
ਹਰਿ ਕੇ ਦਾਸ ਸਿਉ ਸਾਕਤ ਨਹੀਂ ਸੰਗ॥ ਓਹੁ ਬਿਖਈ ਓਸੁ ਰਾਮ ਕੋ ਰੰਗੁ॥(198)

ਫਿਰ ਦੇਵਗੰਧਾਰੀ ਵਿੱਚ ਵੀ ਕਹਿੰਦੇ ਹਨ ਕਿ
ਉਲਟੀ ਰੇ ਮਨ ਉਲਟੀ ਹੈ॥ਸਾਕਤ ਸਿਉ ਕਰਿ ਉਲਟੀ ਰੇ॥ (535)

ਬੱਸ! ਉੱਤੇ ਲਿਖੇ ਅਨੁਸਾਰ ਸਾਕਤ ਮੱਤੀਏ ਸਿਆਮ ਅਦਿਕ ਕਵੀਆਂ ਦੀ ਰਚਨਾ ਦਸਮ ਗ੍ਰੰਥ ਅੰਦਰ ਬਚਿਤ੍ਰ ਨਾਟਕ, ਚੰਡੀ ਚਰਿਤ੍ਰ, ਕ੍ਰਿਸ਼ਨਾਵਤਾਰੇ ਛੰਦ, ਤ੍ਰਿਆ ਚਰਿਤ੍ਰ ਆਦਿਕ ਵਿੱਚੋਂ ਵੇਖ ਕੇ ਪਾਠਕਾਂ ਨੂੰ ਆਪਣੇ ਆਪ ਹੀ ਨਿਸਚਾ ਹੋ ਜਾਵੇਗਾ ਕਿ ਇਹ ਰਚਨਾਵਾਂ ਦਸ਼ਮੇਸ਼ ਪਿਤਾ ਦੀਆਂ ਨਹੀਂ, ਬਲਕਿ ਉਪਰੋਕਤ ਸਾਕਤ ਮਤੀਏ ਕਵੀਆਂ ਦੀਆਂ ਹਨ, ਜੋ ਨਿਰੋਲ ਨਸ਼ੇ ਪ੍ਰੇਰਕ ਹੀ ਸਨ।
ਜਿਨ੍ਹਾਂ ਸੱਜਣਾਂ ਨੂੰ ਦਸਮ ਗ੍ਰੰਥ ਵੇਖਣ ਦਾ ਸਮਾਂ ਨਾ ਮਿਲੇ ਜਾਂ ਸਮਝ ਨਾ ਸਕਣ, ਉਹ ਵੀਰ ਸੰਖੇਪ ਰੂਪ ਵਿੱਚ ਹੇਠ ਲਿਖੇ ਅਨੁਸਾਰ ਜਾਣਕਾਰੀ ਲੈ ਸਕਦੇ ਹਨ, ਯਥਾ-
ਕਵੀ ਆਪਣੇ ਇਸ਼ਟ ਮਹਾਂਕਾਲੀ (ਕਾਲਿਕਾ) ਦਾ ਸਰੂਪ ਵਰਨਣ ਕਰਨ ਸਮੇਂ ਲਿਖਦਾ ਹੈ, ਕਿ ਮਹਾਂਕਾਲ ਜੀ ਆਪਣੀ ਪਤਨੀ ਮਹਾਂਕਾਲੀ ਸਮੇਤ ਸ਼ਰਾਬ ਪੀ ਕੇ ਮਸਤ ਹੋਏ ਇੰਜ ਭੱਬਕਦੇ ਹਨ ਜਿਵੇਂ ਜੰਗਲ ਵਿੱਚ ਸ਼ੇਰ ਦਾ ਬੱਚਾ ਭੱਭਕਦਾ ਹੈ, ਯਥਾ-

ਮਦਰਾ ਕਰ ਮੱਤ ਮਹਾਂ ਭਭੱਕੰ।ਬਨ ਮੈ ਮਨੋ ਬਾਘ ਬਚਾ ਬੱਬਕੰ।
(ਬਚਿਤ੍ਰ ਨਾਟਕ, ਧਿਆਇ 1, ਅੰਕ 53)


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top