Share on Facebook

Main News Page

ਸਿਆਮ ਅਤੇ ਰਾਮ ਕਵੀ
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 12

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਬਲਿਹਾਰ ਜਾਈਏ ਉਨ੍ਹਾਂ ਲਿਖਾਰੀ ਸੱਜਣਾਂ ਤੋਂ ਜਿਨ੍ਹਾਂ ਸ਼ਿਆਮ, ਰਾਮ ਆਦਿਕ ਕਵੀਆਂ ਦੀ ਦਸਮ ਗ੍ਰੰਥ ਵਿੱਚ ਆਈਆਂ ਰਚਨਾਵਾਂ ਜੋ ਅਨੇਕਾਂ ਥਾਂਈਂ ਪੁਨਰ ਉਕਤੀ ਦੋਸ਼, ਅਸੰਭਵ ਦੋਸ਼, ਅਸ਼ਲੀਲ ਅਤੇ ਕਾਲ-ਭੰਗ ਅਦਿਕ ਅਨੇਕਾਂ ਦੋਸ਼ਾਂ ਨਾਲ ਭਰੀਆਂ ਪਿਟਾਰੀਆਂ ਨਿਰੀ-ਪੁਰੀਆਂ ਕਪੋਲ ਕਲਪਨਾਵਾਂ ਨੂੰ ਵੀ ਗੁਰੂ ਕਲਗੀਧਰ ਜੀ ਦੀ ਬਾਣੀ ਸਿੱਧ ਕਰਨ ਹਿੱਤ ਕੁਫਰਗੋ ਕੁਫਰਾਣੈ ਗੁਰੂ ਵਾਕ ਅਨੁਸਾਰ ਹੇਠ ਲਿਖਿਆ ਕੁਫਰ ਤੋਲਿਆ ਕਿ ਸਿਆਮ ਅਤੇ ਰਾਮ ਗੁਰੂ ਗੋਬਿੰਦ ਰਾਇ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਤਖੱਲਸ ਭਾਵ ਉਪਨਾਮ ਸੀ।

ਉੱਤੇ ਲਿਖੇ ਹਿਮਾਲਾ ਜਿੱਡੇ ਝੂਠ ਨੂੰ ਸੱਚ ਦਰਸਾਉਣ ਹਿੱਤ ਇੱਕ ਅਜ਼ੀਬ ਅਤੇ ਹਾਸੋ-ਹੀਣੀ ਨਿਪੁੰਸਕ ਜਿਹੀ ਦਲੀਲ ਇਹ ਘੜੀ ਕਿ ਜਿਵੇਂ ਹਿੰਦੂ ਤੀਵੀਆਂ ਆਪਣੇ ਪਤੀ ਅਤੇ ਜੇਠ ਤਥਾ ਸਹੁਰੇ ਦਾ ਨਾਮ ਸਪਸ਼ਟ ਰੂਪ ਵਿੱਚ ਨਹੀਂ ਲੈਂਦੀਆਂ, ਤਿਵੇਂ ਮਾਤਾ ਨਾਨਕੀ ਜੀ ਦੇ ਪਤੀ ਅਤੇ ਮਾਤਾ ਗੁਜਰੀ ਜੀ ਦੇ ਸਹੁਰੇ ਦਾ ਨਾਮ ਹਰਗੋਬਿੰਦ ਹੋਣ ਕਰਕੇ ਗੋਬਿੰਦ ਸਿੰਘ ਜਾਂ ਗੋਬਿੰਦ ਰਾਇ ਨਾਮ ਵੀ ਹਰਿਗੋਬਿੰਦ ਨਾਲ ਮਿਲਦਾ-ਜੁਲਦਾ ਸੀ, ਤਦੇ ਮਾਤਾ ਨਾਨਕੀ ਅਤੇ ਗੁਜਰੀ ਜੀ ਗੋਬਿੰਦ ਰਾਇ ਨੂੰ ਸਿਆਮ ਅਤੇ ਰਾਮ ਕਹਿ ਕੇ ਬੁਲਾਉਂਦੀਆਂ ਸਨ।

ਨਿਰਣਾ

ਉਪਰੋਕਤ ਵਿਦਵਾਨ ਸੱਜਣਾਂ ਨੇ ਇਹ ਨਹੀਂ ਸੋਚਿਆ ਕਿ ਪਹਿਲਾਂ ਤਾਂ ਹਿੰਦੂ ਤੀਵੀਆਂ ਦੀ ਵੇਖੋ-ਵੇਖੀ ਸਹੁਰੇ ਆਦਿਕ ਦਾ ਨਾਮ ਲੈਣਾ ਸਿੱਖ ਮਤਿ ਅਨੁਸਾਰ ਨਿਰੋਲ ਭਰਮ ਅਤੇ ਵਹਿਮ ਹੈ।

ਦੂਜਾ ਹਿੰਦੂ ਤੀਵੀਆਂ ਸਹੁਰੇ ਆਦਿਕ ਦਾ ਨਾਮ ਸਪਸ਼ਟ ਰੂਪ ਵਿੱਚ ਨਹੀਂ ਸਨ ਲੈਂਦੀਆਂ, ਪ੍ਰੰਤੂ ਥੋੜਾ-ਬਹੁਤਾ ਅੰਤਰ ਪਾ ਕੇ ਮਿਲਦਾ-ਜੁਲਦਾ ਨਾਮ ਲੈਂਦੀਆਂ ਹਨ, ਪਰ ਹਰਿਗੋਬਿੰਦ ਅਤੇ ਗੋਬਿੰਦ ਰਾਇ ਵਿੱਚ ਤਾਂ ਪਹਿਲਾਂ ਹੀ ਫਰਕ ਹੈ।

ਤੀਜਾ, ਗੋਬਿੰਦ ਰਾਇ ਨਾਮ ਦੋਹਾਂ ਮਤਾਵਾਂ ਨੇ ਆਪ ਹੀ ਰੱਖਿਆ ਸੀ। ਜੇ ਮਾਤਾਵਾਂ ਨੂੰ ਹਿੰਦੂ ਤੀਵੀਆਂ ਵਾਂਗ ਗੋਬਿੰਦ ਰਾਇ ਨਾਮ ਬੁਲਾਉਣ ਵਿੱਚ ਅਜੋਗਤਾ ਭਾਸਦੀ ਤਾਂ ਉਹ ਕੋਈ ਹੋਰ ਨਾਮ ਵੀ ਰੱਖ ਸਕਦੀਆ ਸਨ, ਭਾਵ ਉਨ੍ਹਾਂ ਨੇ ਗੋਬਿੰਦ ਰਾਇ ਨਾਮ ਰੱਖਣਾ ਹੀ ਨਹੀਂ ਸੀ।

ਚੌਥਾ, ਜੇ ਦੁਰਜਨ ਤੋਸ਼ ਨਿਯਾਇ ਅਨੁਸਾਰ ਉਪਰੋਕਤ ਕਲਪਨਾ ਯਥਾਰਥ ਹੀ ਸਮਝ ਲਈ ਜਾਵੇ ਤਾਂ ਸਿਆਮ ਅਤੇ ਰਾਮ ਦੋ ਨਾਵਾਂ ਦੀ ਕੀ ਲੋੜ ਸੀ?

ਨੋਟ- ਇਹ ਤਾਂ ਹੋ ਹੀ ਨਹੀਂ ਸਕਦਾ ਕਿ ਸਿਆਮ ਤੋਂ ਅਪਭ੍ਰੰਸ ਹੋ ਕੇ ਰਾਮ ਜਾਂ ਰਾਮ ਤੋਂ ਸਿਆਨ ਬਣ ਜਾਵੇ, ਕਿਉਂਕਿ ਸਿਆਮ ਤੋਂ ਸਾਮ ਤਾਂ ਬਣ ਸਕਦਾ ਹੈ ਪਰ ਸਿਆਮ ਤੋਂ ਰਾਮ ਜਾਂ ਰਾਮ ਤੋਂ ਸਿਆਮ ਕਦਾਚਿਤ ਨਹੀਂ ਬਣ ਸਕਦਾ।

ਪੰਜਵਾਂ, ਸਿਆਮ ਅਤੇ ਰਾਮ ਦੋਹਾਂ ਕਵੀਆਂ ਨੂੰ ਹੀ ਗੁਰੂ ਜੀ ਦਾ ਉਪਨਾਮ ਦੱਸਣ ਵਾਲੀ ਕਲਪਨਾ (ਜੋ ਉੱਕਾ ਹੀ ਅਯੋਗ ਅਤੇ ਹਾਸੋ-ਹੀਣੀ ਹੈ) ਕਦੇ ਥੋੜੇ ਚਿਰ ਲਈ ਮੰਨ ਵੀ ਲਈ ਜਾਵੇ ਤਾਂ ਵੀ ਉਪਰੋਕਤ ਲਿਖਾਰੀ ਵਿਦਵਾਨਾਂ ਨੂੰ ਸਫਲਤਾ ਨਹੀਂ ਹੋ ਸਕਦੀ। ਕਾਰਣ ਇਹ ਕਿ ਉਪਰੋਕਤ ਸਿਆਮ ਅਤੇ ਰਾਮ ਤੋਂ ਵੱਖਰਾ ਇੱਕ ਕਾਲਿ ਨਾਮ ਕਰਕੇ ਹੋਰ ਤੀਜਾ ਕਵੀ ਵੀ ਹੈ (ਵੇਖੋ ਤ੍ਰਿਆ ਚਰਿਤ੍ਰ 195, ਅੰਕ 29)

ਅਤਿ ਬੱਰ ਕੈ ਭਾਰੀ ਜੁਝਯੋ ਤਨਕ ਨ ਮੋਰਯੋ ਅੰਗ।
ਸੁ ਕਵਿ ਕਾਲਿ ਪੂਰਨ ਭਯੋ ਤਬ ਹੀ ਕਥਾ ਪ੍ਰਸੰਗ।

ਛੇਵਾਂ, ਜਦ ਦਸ਼ਮੇਸ਼ ਜੀ ਦੀ ਬਾਣੀ ਦੀ ਕਾਵਿ ਸੰਕੇਤੀ ਮੋਹਰ ਛਾਪ ਪ੍ਰਤੱਖ ਹੀ ਸ੍ਰੀ ਮੁੱਖਵਾਕ ਪਾਤਸ਼ਾਹੀ 10 ਹੈ, ਤਾਂ ਹੋਰ ਕਿਸੀ ਕਲਪਨਾ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ।

ਸਤਵਾਂ, ਸਿਆਮ-ਰਾਮ ਆਦਿਕ ਕਵੀਆਂ ਦੀ ਹੋਂਦ ਦੇ ਅਨੇਕਾਂ ਇਤਿਹਾਸਿਕ ਸਬੂਤ ਵੀ ਮਿਲਦੇ ਹਨ ਜਿਵੇਂ ਕਿ ਮਹਿਮਾ ਪ੍ਰਕਾਸ਼ ਵਾਰਤਕ (ਜੋ ਸੰਮਤ 1798 ਇਹ ਲਿਖਿਆ ਗਿਆ ਸੀ) ਵਿੱਚ ਸਿਆਮ,ਰਾਮ ਅਤੇ ਕਾਲਿ ਤਥਾ ਨਨੂਆਂ ਬੈਰਾਗੀ ਆਦਿਕ ਕਵੀਆਂ ਦੇ ਨਾਮ ਸਪਸ਼ਟ ਹਨ।

ਫਿਰ ਸੰਮਤ 1833 ਨੂੰ ਛੰਦੋ-ਬੰਦੀ ਵਿੱਚ ਲਿਖੇ ਮਹਿਮਾ ਪ੍ਰਕਾਸ਼ ਅੰਦਰ ਵੀ ਬਾਵਾ ਸਰੂਪ ਦਾਸ ਭੱਲਾ ਨੇ ਉਪਰੋਕਤ ਕਵੀਆਂ ਦੀ ਹੋਂਦ ਦੀ ਪੁਸ਼ਟੀ ਕੀਤੀ ਹੈ।

ਗੁਰਮਤਿ ਸੁਧਾਕਰ ਅਤੇ ਮਹਾਨ ਕੋਸ਼ ਜੋ ਦੂਜੀ ਵਾਰ ਬਰੀਕ ਟਾਈਪ ਵਿੱਚ ਛੱਪੇ, ਦੇ ਪੰਨਾ 894 ਵਿੱਚ 13 ਨੰਬਰ ਤੇ ਸਿਆਮ, 49 ਵੇਂ ਨੰਬਰ ਤੇ ਰਾਮ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਉਪਰੋਕਤ ਸਿਆਮ, ਰਾਮ ਆਦਿਕ ਕਵੀ ਮੰਨੇ ਹਨ।

ਕੇਵਲ ਇਤਨਾ ਹੀ ਨਹੀਂ ਸੰਮਤ 1900 ਤੇ 1905 ਦੇ ਲਾਗੇ-ਚਾਗੇ ਵਿਲਸਨ ਕਨਿੰਘਮ ਆਦਿਕ ਲਿਖਾਰੀਆਂ ਨੇ ਵੀ ਆਪੋ-ਆਪਣੀਆਂ ਰਚਨਾਵਾਂ ਵਿੱਚ ਸਿਆਮ, ਰਾਮ ਆਦਿਕ ਕਵੀ ਸਿੱਧ ਕੀਤੇ ਹਨ।

ਇਥੇ ਹੀ ਬੱਸ ਨਹੀਂ, ਰੋਪੜ ਨਿਵਾਸੀ ਰਾਮ ਕਵੀ (ਜਿਸਨੇ ਕਾਵਿ ਤਰੰਗ ਆਦਿਕ ਹੋਰ ਵੀ ਕਈ ਰਚਨਾਵਾਂ ਕੀਤੀਆਂ ਹਨ ਅਤੇ ਗੁਰੂ ਜੀ ਦਾ ਸਮਕਾਲੀ ਵੀ ਸੀ) ਨੇ ਆਪਣੇ ਕਾਵਿ ਤਰੰਗ ਵਿੱਚ ਆਪਣੀ ਹੋਂਦ ਦਾ ਸਬੂਤ ਵੀ ਦਿੱਤ ਹੈ ਕਿ:-

ਬ੍ਰਾਹਮਣ ਤਿ੍ਰਖਾ ਬੰਸ ਮੈ ਕੇਸਵ ਸੁਤ ਕਵਿ ਰਾਮ।
ਰੋਪੜ ਮੈਂ ਭਾਖਾ ਕਰੀ ਕਵਿ ਤ੍ਰੰਗ ਧਰਿ ਨਾਮ।

ਜੇ ਅਜੇ ਵੀ ਕਸਰ ਬਾਕੀ ਹੈ ਤਾਂ ਵੇਖੋ ਤ੍ਰਿਆ ਚਰਿਤ੍ਰ 18 ਵਾਂ:

ਕਥਾ ਸਤ੍ਰਹਵੀਂ ਰਾਮ ਕਵਿ, ਉਚਰੀ ਹਿੱਤ ਚਿੱਤ ਲਾਇ।
ਬਹੁਤ ਕਥਾ ਬੰਧਨ ਨਮਿਤ ਮਨ ਮੋ ਕਰਯੋ ਉਪਾਇ।
ਇਹ ਛਲ ਛਲੀ ਛੈਲ ਸੁ ਛਲਿ ਪਤਿ ਕੋ ਗਈ।
ਸੁ ਕਵਿ ਸਿਆਮ ਇਹ ਕਥਾ ਤਬੈ ਪੂਰਨ ਭਈ।

(ਚਰਿਤ੍ਰ 227 ਅੰਕ 1)

ਸਿਆਮ ਕਵੀ ਨੇ ਵੀ ਕ੍ਰਿਸ਼ਨਾਵਤਾਰੇ ਛੰਦਾਂ ਵਿੱਚ 2489 ਵੇਂ ਛੰਦ ਅੰਦਰ ਖੁੱਲ੍ਹੇ-ਡੁੱਲ੍ਹੇ ਰੂਪ ਵਿੱਚ ਦੱਸ ਦਿੱਤਾ ਕਿ:

ਛੱਤ੍ਰੀ ਕੋ ਪੂਤ ਹੌਂ ਬਾਮਨ ਕੋ ਨਾਹਿ
ਕੈ ਤਪੁ ਆਵਤ ਹੈ ਜੁ ਕਰੋਨ.

ਜੇ ਅਜੇ ਵੀ ਸਮੁੱਚਾ ਦਸਮ ਗ੍ਰੰਥ ਦਸ਼ਮੇਸ਼ ਕ੍ਰਿਤ ਦਰਸਾਉਣ ਵਾਲੇ ਸਤਿਕਾਰ ਯੋਗ ਵਿਦਵਾਨਾਂ ਦੀ ਤਸੱਲੀ ਨਾ ਹੋਵੇ ਤਾਂ ਬਾਬਾ ਸੁਮੇਰ ਸਿੰਘ ਦੇ ਲਿਖੇ ਗੁਰੂ ਪਦ ਪ੍ਰੇਮ ਪ੍ਰਕਾਸ਼ ਦਾ ਪੰਨਾ 332 ਅੰਕ 9 ਵਿੱਚ ਹੇਠ ਲਿਖਿਆ ਪ੍ਰਮਾਣ ਪੜ੍ਹ ਵੇਖ ਲੈਣ:

ਸਯਾਮ ਰਾਮ ਸਤਿਗੁਰ ਕੇ ਪਿਆਰੇ।
ਅੰਤ ਰੰਗ ਸਭ ਗੁਨ ਨਿਰਧਾਰੇ।

ਮੁੱਕਦੀ ਗੱਲ ਇਹ ਕਿ ਇਤਿਹਾਸਿਕ ਪੱਖੋਂ ਉਲਟ ਅਤੇ ਸਿੱਖ ਮਤਿ ਵਿਰੁੱਧ ਉਪਰੋਕਤ ਕੱਚੀ-ਪਿੱਲੀ ਦਲੀਲ ਰਾਹੀਂ ਮਾਤਾ ਨਾਨਕੀ ਅਤੇ ਗੁਜਰੀ ਜੀ ਵਲੋਂ ਦਸ਼ਮੇਸ਼ ਜੀ ਨੂੰ ਸਿਆਮ ਅਤੇ ਰਾਮ ਕਹਿ ਕੇ ਬੁਲਾਉਣ ਵਾਲੀ ਕਾਢ ਉਨ੍ਹਾਂ ਚਤੁਰ ਲਿਖਾਰੀਆਂ ਵਲੋਂ ਇਸ ਲਈ ਹੈ ਕਿ ਕਿਸੇ ਨਾ ਕਿਸੇ ਤਰੀਕੇ ਦਸਮ ਗ੍ਰੰਥ ਵਿਚਲੀ ਕਵੀਆਂ ਦੀ ਸਾਰੀ ਦੀ ਸਾਰੀ ਰਚਨਾ (ਬਿਰਥਾ ਕਪੋਲ ਕਲਪਣਾ) ਦਸ਼ਮੇਸ਼ ਕ੍ਰਿਤ ਮੰਨੀ ਜਾਵੇ ਕਿਉਂਕਿ ਸਿਆਮ, ਰਾਮ ਆਦਿਕ ਕਵੀਆਂ ਦੀ ਵੱਖਰੀ ਹੋਂਦ ਦੇ ਹੁੰਦਿਆਂ ਇਹ ਬ੍ਰਿਥਾ ਉਦਮ ਸਿਰੇ ਨਹੀਂ ਸੀ ਚੜ੍ਹ ਸਕਦਾ ਭਾਵ ਸਮੁੱਚਾ ਦਸਮ ਗ੍ਰੰਥ ਦਸ਼ਮੇਸ਼ ਕ੍ਰਿਤ ਸਿੱਧ ਨਹੀਂ ਹੋ ਸਕਦਾ।

ਪਾਠਕਾਂ ਦੀ ਗਿਆਤ ਹਿੱਤ ਇਹ ਦੱਸਣਾ ਵੀ ਜਰੂਰੀ ਹੈ ਕਿ ਉਪਰੋਕਤ ਕਵੀਆਂ ਨੇ ਵਰਣਕ, ਮਾਤ੍ਰਿਕ ਅਤੇ ਸਮਸਯਾ ਪੂਰਤੀ ਆਦਿਕ ਅਨੇਕਾਂ ਛੰਦਾਂ ਦੁਆਰਾ ਜਿੱਥੇ ਆਪਣੀ ਕਾਵਿ ਨਿਪੁੰਨਤਾ ਦਰਸਾਈ ਹੈ, ਉਥੇ ਪੁਨਰੁਕਤੀ ਅਤੇ ਅਸੰਭਵ ਤਥਾ ਵਿਸ਼ੇਸ਼ ਕਰਕੇ ਕਾਲਭੰਗ (ਸਮੇਂ ਦੇ ਉਲਟ ਆਦਿਕ ਦੋਸ਼ਾਂ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਜਿਵੇਂ ਕਿ ਸਤਿਯੁਗ ਦੀ ਲੜਾਈ ਸਮੇਂ ਸਵਾਸ ਬੀਰਜ਼ ਦੈਂਤ ਦੇ ਵਿਚਲੀ ਹਵਾੜ ਵਿੱਚੋਂ ਕਲਯੁਗ ਵਿੱਚ ਹੋਏ ਸ਼ੇਖਾਂ, ਮੁਗਲਾਂ ਅਤੇ ਪਠਾਣਾਂ ਆਦਿਕਾਂ ਦਾ ਪੈਦਾ ਹੋਣਾ ਅਤੇ ਤਰੇਤਾ ਵਿੱਚ ਹੋ ਗੁਜ਼ਰੇ ਰਾਜਾ ਰਘੁ ਸਬੰਧੀ ਅਤੇ ਮੁਹੰਮਦ ਸਾਹਿਬ ਤਥਾ ਭਗਤ ਰਾਮਾ ਨੰਦ ਆਦਿਕਾਂ ਦੇ ਹਵਾਲੇ ਦੇਣ ਤੋਂ ਸਪਸ਼ਟ ਹੈ)।

ਸੱਚ ਪੁੱਛੋ ਤਾਂ ਉਪਰੋਕਤ ਹਵਾਲੇ ਇਹੋ ਜਿਹੇ ਅਸੰਭਵ ਅਤੇ ਇਤਿਹਾਸਿਕ ਪਖੋਂ ਉਲਟ ਇਹੋ ਜਿਹੇ ਹਾਸੋ-ਹੀਣੇ ਹਨ, ਜਿਵੇਂ ਕੋਈ ਪੋਸਤੀ ਅਮਲ ਵਿੱਚ ਗੁੱਟ ਹੋ ਕੇ ਇਹ ਕਹੇ ਕਿ ਜਦੋਂ ਮੇਰੇ ਵਡੇ-ਵਡੇਰੇ ਜੰਮੇ ਸਨ, ਉਦੋਂ ਮੈਂ ਕਾਰ ਵਿੱਚ ਬੈਠ ਕੇ ਸੈਰ ਕਰਨ ਜਾਂਦਾ ਸਾਂ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top