Share on Facebook

Main News Page

ਦੁਸ਼ਟ ਦਮਨ
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 19

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਆਓ, ਹੁਣ ਹੇਮਕੁੰਟ ਉਤੇ ਤਪ ਅਸਥਾਨ ਵਾਲੇ ਦੁਸ਼ਟ ਦਮਨ ਦੇ ਖਲੜੀ ਵਾਲੇ ਆਸਨ ਵਿੱਚੋਂ ਪੈਦਾ ਹੋਣ ਸਬੰਧੀ ਵਿਚਾਰ ਕਰੀਏ

ਪੁਰਾਣਿਕ ਗਪੌੜਿਆਂ ਰਾਹੀਂ ਸਿੱਧ ਹੁੰਦਾ ਹੈ ਕਿ ਇੱਕ ਰਿਗ ਰਿੱਛ ਤੋਂ ਬਣੀ ਸੁੰਦਰ ਇਸਤਰੀ ਉੱਤੇ ਮੋਹਿਤ ਹੋ ਕੇ ਇੰਦਰ ਦੇਵਤਾ ਦਾ ਵੀਰਜ਼ ਉਸ ਇਸਤਰੀ ਦੇ ਬਾਲਾਂ (ਵਾਲਾਂ) ਵਿੱਚ ਗਿਰਿਆ, ਜਿਸ ਤੋਂ ਬੰਦਰ ਦੀ ਸ਼ਕਲ ਵਾਲਾ ‘ਬਾਲੀ’ ਜੰਮਿਆਂ, ਉਪਰੰਤ ਉਸੇ ਇਸਤਰੀ ਨੂੰ ਵੇਖ ਕੇ ਕਾਮ ਵੱਸ ਹੋਏ ਸੂਰਜ ਦਾ ਬੀਰਜ ਉਸਦੀ ਗ੍ਰੀਵ (ਗਰਦਨ) ਉੱਤੇ ਡਿੱਗਾ ਤਾਂ ਸੁਗਰੀਵ ਦਾ ਜਨਮ ਹੋਇਆ।

ਪਰਾਸ਼ਰ ਰਿਸ਼ੀ ਦਾ ਬੀਰਜ ਮੱਛੀ ਦੇ ਉਦਰ (ਪੇਟ) ਵਿੱਚ ਗਿਆ ਤਾਂ ਉਸਦੇ ਉਦਰੋਂ ਮਛੋਦਰੀ ਨਿਕਲ ਪਈ।

ਰੰਭਾ ਅਪੱਸਰਾ ਨੂੰ ਤੱਕ ਕੇ ਕਪਲਮੁਨੀ ਦਾ ਪਤਾ ਹੋਇਆ ਬਿੰਦੂ (ਬੀਰਜ) ਡਿੱਗਾ, ਤਾਂ ਰੰਭਾ ਦੀ ਕੁਖੋਂ ਉਸ ਵੇਲੇ ਇੱਕ ਸੱਸੀ (ਚੰਨ ਵਰਗੀ) ਕੰਨਿਆਂ ਜੰਮ ਪਈ, ਜਿਸਦਾ ਵਿਸਥਾਰ ਇਸੇ ਦਸਮ ਗ੍ਰੰਥ ਵਿਚਲੇ ਤ੍ਰਿਯਾ ਚਰਿਤ੍ਰਾਂ ਦੇ 108 ਵੇਂ ਚਰਿਤ੍ਰ ਵਿੱਚ ਹੈ, ਇਤਿਆਦਿਕ।

ਨੋਟ- ਕੋਈ ਜਾਣੇ ਬੀਰਜਪਾਤ ਹੋਣ ਦੀ ਬੀਮਾਰੀ ਉਪਰੋਕਤ ਮਹਾਨ ਵਿਅਕਤੀਆਂ ਉੱਤੇ ਹੀ ਰੀਝੀ ਹੋਈ ਸੀ। ‘ਖੈਰ ਵਾਹ ਵਾਹ’।

ਗੁਰਬਾਣੀ ਤੋਂ ਵਿਦੱਤ ਹੁੰਦਾ ਹੈ ਕਿ -

ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ॥” (ਗੋਂਡ ਕਬੀਰ ਜੀ)

ਜਿਸ ਨਾਲ ਉਪਰੋਕਤ ਮਿਥਿਆਸਿਕ ਢਕੌਂਸਲੇ ਭਾਵੇਂ ਮੇਲ ਨਹੀਂ ਖਾਂਦੇ ਪਰ ਫਿਰ ਵੀ ਬਿੰਦੂ (ਵੀਰਜ) ਸਪਰਸ਼ ਹੋਣ ਕਰਕੇ ਕੁਝ ਨਾ ਕੁਝ ਨੇੜ-ਤੇੜ ਰਖਦੇ ਹਨ, ਪ੍ਰੰਤੂ ਸੂਰਜ ਪ੍ਰਕਾਸ਼ ਵਿੱਚ ਲਿਖੇ ਅਨੁਸਾਰ ਹੇਮਕੁੰਟ ਉੱਤੇ ਬੈਠੇ ਇੱਕ ਬ੍ਰਾਹਮਣ ਤਪਸੱਵੀ ਦੇ ਆਸਣ ਵਿੱਚੋਂ ਦੁਸ਼ਟ ਦਮਨ ਦਾ ਜੰਮ ਪੈਣਾ ਕੇਵਲ ਅਸੰਭਵ ਹੀ ਨਹੀਂ ਬਲਕਿ ਉਪਰੋਕਤ ਪੁਰਾਣਿਕ ਢਕੌਂਸਲਿਆਂ ਨੂੰ ਵੀ ਮਾਤ ਪਾ ਦੇਣ ਵਾਲਾ ਇੱਕ ਅਜ਼ੀਬ ਢਕੌਂਸਲਾ ਹੈ।

ਭਲਾ, ਜੇ ਕੋਈ ਸੂਝਵਾਨ ਜਗਿਆਸੂ ਸਾਡੇ ਕੋਲੋਂ ਇਹ ਪੁੱਛ ਕਰੇ ਕਿ ਪਿਛਲੇ ਜਨਮ ਵਿੱਚ ਤਪ ਕਰਨ ਵਾਲਾ ਤੁਹਾਡਾ ਦੁਸ਼ਟ ਦਮਨ ਹੇਮਕੁੰਟ ‘ਤੇ ਆਉਣ ਤੋਂ ਪਹਿਲਾਂ ਉਹ ਕਿਥੋਂ ਦਾ ਵਸਨੀਕ ਤੇ ਕਿਸ ਰੂਪ ਵਿੱਚ ਸੀ, ਤਾਂ ਉਸ ਨੂੰ ਇਹੋ ਉੱਤਰ ਦੇਵਾਂਗੇ ਕਿ ਇੱਕ ਤਪਸਵੀ ਬ੍ਰਾਹਮਣ ਨੇ ਆਪਣਾ ਸ਼ੇਰ ਦੀ ਖੱਲੜੀ ਵਾਲਾ ਆਸਣ ਝਾੜ ਕੇ ਉਸ ਵਿੱਚੋਂ ਇੱਕ ਜੋਧਾ ਕੱਢਿਆ ਸੀ, ਜਿਸਦਾ ਨਾਮ ਦੇਵੀ ਭਗਵਤੀ ਨੇ ਪ੍ਰਸੰਨ ਹੋ ਕੇ ਦੁਸ਼ਟ ਦਮਨ ਰੱਖਿਆ ਸੀ।

ਜੇ ਉਪਰੋਕਤ ਜਗਿਆਸੂ ਇਸ ਅਖੌਤੀ ਦੁਸ਼ਟ ਦਮਨ ਦੀ ਉੱਤੇ ਦਰਸਾਈ ਹਾਸੋ-ਹੀਣੀ ਉਤਪਤੀ ਸੁਣ ਕੇ, ਇਹ ਕਹਿ ਦੇਵੇ ਕਿ ਉਕਤ ਬ੍ਰਾਹਮਣ ਦਾ ਆਸਣ ਕਿਸੇ ਮਦਾਰੀ ਦਾ ਥੈਲਾ ਸੀ, ਜਿਸਨੂੰ ਝਾੜਦਿਆਂ ਹੋਇਆਂ ਉਸ ਵਿੱਚੋਂ ਬੱਚੇ ਜਮੂਰੇ ਵਾਂਗ ਕੋਈ ਦੁਸ਼ਟ ਦਮਨ ਨਿਕਲ ਆਇਆ ਸੀ, ਤਾਂ ਉਸਦਾ ਉੱਤਰ ਸਾਡੇ ਕੋਲ ਬਿਨਾ ਚੁਪ ਸਾਧਨ ਦੇ ਹੋਰ ਕੀ ਹੋ ਸਕਦਾ ਹੈ।

ਹਾਂ, ਇਹ ਜਰੂਰ ਹੋ ਸਕਦਾ ਹੈ ਕਿ ਭੁੱਲ ਮੰਨਣ ਅਤੇ ਲੱਜਿਤ ਹੋਣ ਦੀ ਥਾਵੇਂ ਉਲਟਾ ਇਹ ਕਹਿ ਦੇਈਏ ਕਿ ਤੂੰ ਸਾਨੂੰ ਟਿੱਚਰ ਕੀਤੀ ਹੈ, ਹਾਲਾਂਕਿ ਇਸ ਨੂੰ ਟਿੱਚਰ ਕਹਿਣਾ ਉਤਲੀ ਭੁੱਲ ਤੋਂ ਵੀ ਵਡੇਰੀ ਭੁੱਲ ਹੈ, ਕਿਉਂਕਿ ਇਹ ਟਿੱਚਰ ਨਹੀਂ, ਬਲਕਿ ਹੇਮਕੁੰਟੀ ਪਹਾੜਾਂ ਦੀਆਂ ਠੋਕਰਾਂ ਖਾਣ ਵਾਲੀ ਨਿਰੋਲ ਮਨਮਤਿ ਨੂੰ ਤਾੜਨਾ ਦੇ ਰੂਪ ਅੰਦਰ ਅਨੁਭਵ ਕਰਾਉਣ ਵਾਲਾ ਇੱਕ ਨਿੱਗਰ ਉਪਕਾਰ ਹੈ।

ਹੇਮਕੁੰਟੀ ਸ਼ਰਧਾਲੂਆਂ ਵਿੱਚੋਂ ਕਈ ਸੱਜਣ ਇਹ ਕਹਿੰਦੇ ਹਨ ਕਿ ਰਾਜਾ ਸੋਢੀ ਰਾਇ ਦੇ ਪੋਤਰੇ, ਪ੍ਰਿਥੀ ਰਾਇ ਦੇ ਪੁੱਤਰ, ਰਾਜਾ ਵੱਛਲ ਰਾਇ (ਆਪਣੇ ਆਪ ਨੂੰ ਦੁਸ਼ਟ ਦਮਨ ਅਖਾਉਣ ਵਾਲਾ ਵੱਡਾ ਸੂਰਮਾ) ਨੇ ਇੱਕ ਜੋਗੀ ਦੇ ਪ੍ਰਭਾਵ ਹੇਠ ਰਾਜ-ਸਾਜ ਛੱਡ ਕੇ ਹੇਮਕੁੰਟ ਉੱਤੇ ਤਪੱਸਿਆ ਸਾਧੀ ਸੀ।

ਉੱਤਰ: ਪਹਿਲਾਂ ਤਾਂ ਸੂਰਜ ਪ੍ਰਕਾਸ਼ ਅਤੇ ਉਪਰੋਕਤ ਹਵਾਲੇ ਦਾ ਆਪਸ ਵਿੱਚ ਦਿਨ-ਰਾਤ ਜਿੱਡਾ ਵਿਰੋਧਾਭਾਵ ਹੈ, ਦੂਜਾ ਕਾਲ ਭੰਗ (ਸਮੇਂ ਦੇ ਉਲਟ) ਦੋਸ਼ ਕਾਰਣ ਇਹ ਹਵਾਲਾ ਸੂਰਜ ਪ੍ਰਕਾਸ਼ ਤੋਂ ਵੀ ਹਾਸੋ-ਹੀਣਾ ਹੈ ਕਿਉਂਕਿ ਰਾਜਾ ਸੋਢੀ ਰਾਇ ਲਵੀ ਕੁਲ ਦੇ ਰਾਜੇ ਕਾਲ ਰਾਇ ਦਾ ਪੁੱਤਰ ਦੁਆਪਰ ਜੁਗ ਦੇ ਅੰਤ ਵਿੱਚ ਹੋਇਆ ਹੈ, ਪ੍ਰੰਤੂ ਕਵੀ ਕਲਪਤ ਦੁਸ਼ਟ ਦਮਨ ਹੇਮਕੁੰਟ ਉੱਤੇ ਸੂਰਜ ਪ੍ਰਕਾਸ਼ ਵਿੱਚ ਲਿਖੇ ਅਨੁਸਾਰ ਸਤਯੁਗ ਤੋਂ ਤਪੱਸਿਆ ਕਰਦਾ ਰਿਹਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top