Share on Facebook

Main News Page

ਹੇਮਕੁੰਟ - 3
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 18

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਨੋਟ- ਕਈ ਵਿਦਵਾਨਾਂ ਨੇ ਮਹਾਂਕਾਲ ਦਾ ਅਰਥ ਦੀਰਘ ਕਾਲ (ਬਹੁਤ ਸਮਾਂ) ਅਤੇ ਕਾਲਾਂ ਦਾ ਕਾਲ ਤਥਾ ਕਾਲਿਕਾ ਦਾ ਅਰਥ ਈਸ਼ਵਰੀ ਸ਼ੰਘਾਰ ਸ਼ਕਤੀ ਵੀ ਕੀਤੇ ਹਨ, ਪ੍ਰੰਤੂ ਅਵੱਧਾਬ੍ਰਿਤੀ (ਅਸਥਾਨ ਭੇਦ) ਅਨੁਸਾਰ ਪ੍ਰਕਰਣਕ ਰੂਪ ਵਿੱਚ ਇਥੇ ਸਾਕਤਾਂ ਦਾ ਮੰਨਿਆਂ ਮਹਾਂਕਾਲ ਦੇਵਤਾ ਹੈ, ਜਿਸ ਦਾ ਸਰੂਪ ਦਸਮ ਗ੍ਰੰਥ ਵਿੱਚ ਪਾਖਯਾਨ ਚਰਿਤ੍ਰ ਅਰਥਾਤ ਤ੍ਰਿਯਾ ਚਰਿਤ੍ਰਾਂ ਦੇ ਪਹਿਲੇ ਅਧਿਆਏ ਦੇ 17 ਵੇਂ ਅੰਕ ਵਿੱਚ ਹੇਠ ਲਿਖੇ ਅਨੁਸਾਰ ਹੈ, ਯਥਾ-

ਮੁੰਡ ਕੀ ਮਾਲ, ਦਿਸਾਨ ਕੋ ਅੰਬਰ,
ਬਾਮ ਕਰਯੋ ਗਲ ਮੈ ਅਸਿ ਭਾਰੋ।
ਲੋਚਨ ਲਾਲ ਕਰਾਲ ਦਿਪੈ ਦੋਊ,
ਭਾਲ ਬਿਰਾਜਤ ਹੈ ਅਨਿਯਾਰੋ।
ਛੂਟੇ ਹੈਂ ਬਾਲ, ਮਹਾਂ ਬਿਕਰਾਲ,
ਬਿਸਾਲ ਲਸੈ ਰਦ ਪੰਤਿ ਉਜਯਾਰੋ।
ਛਾਡਤ ਜੁਆਲ, ਲਏ ਕਰ ਬਯਾਲ,
ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ।

ਭਾਵ- ਗਲ ਵਿੱਚ ਖੋਪਰੀਆਂ ਦੀ ਮਾਲਾ, ਸਰੀਰੋਂ ਨਗਨ, ਗਲੇ ਵਿੱਚ ਵਜ਼ਨੀ ਤਲਵਾਰ ਖੱਬੇ ਪਾਸੇ ਕੀਤੀ ਹੋਈ, ਦੋਵੇਂ ਅੱਖਾਂ ਭਿਆਨਕ ਲਾਲੀ ਨਾਲ ਲਿਸ਼ਕਦੇ ਮੱਥੇ ਤੇ ਨੋਕਦਾਰ ਭਵ੍ਹਾਂ ਚੜ੍ਹੀਆਂ ਹੋਈਆਂ, ਸਿਰ ਦੇ ਖੁੱਲ੍ਹੇ ਭਿਆਨਕ ਵਾਲ, ਵੱਡੇ-ਵੱਡੇ ਚਿੱਟਿਆਂ ਦੰਦਾਂ ਦੀਆਂ ਪਾਲਾਂ, ਸਰਪ ਦੀ ਹਿਲਦੀ ਜੀਭ ਵਾਂਗੂ ਮੂੰਹ ਵਿੱਚੋਂ ਜੁਆਲਾ (ਅੱਗ) ਛੱਡਦਾ ਹੈ। ਐਸਾ ਕਾਲ ਅਥਵਾ ਮਹਾਂਕਾਲ ਤੁਹਾਡੀ ਸਦਾ ਪ੍ਰਤਿਪਾਲਣਾ ਕਰਦਾ ਹੈ।

ਸਿਰਫ ਇਥੇ ਹੀ ਨਹੀਂ, ਉਪਰੋਕਤ ਮਹਾਂਕਾਲ ਦਾ ਸਰੂਪ ਸਾਕਤ ਕਵੀਆਂ ਨੇ ਹੋਰ ਵੀ ਕਈ ਥਾਈਂ ਚਿਤਰਿਆ ਹੈ ਜਿਸ ਸਬੰਧੀ ਵਿਸਥਾਰ ਭੈ ਕਾਰਣ ਕੇਵਲ ਬਚਿਤ੍ਰ ਨਾਟਕ ਦੇ ਪਹਿਲੇ ਅਧਿਆਏ ਵਿੱਚੋਂ ਕੁਝ ਸੰਖੇਪਕੀ ਟੂਕਾਂ ਹੇਠ ਦਿੱਤੀਆਂ ਹਨ, ਯਥਾ-

ਕਰੰ ਬਾਮ ਚਾਪਿਯੰ ਕ੍ਰਿਪਾਣੰ ਕਰਾਲੰ।
ਮਹਾਂ ਤੇਜ ਤੇਜੰ ਬਿਰਾਜੈ ਰਸਾਲੰ।
ਮਹਾਂ ਦਾੜ੍ਹ ਦਾੜੰ ਸੁ ਸੋਭੰ ਅਪਾਰੰ।
ਜਿਨੈ ਚਰਬੀਯੰ ਜੀਵ ਜੱਗਯੰ ਹਜ਼ਾਰੰ।
ਅੰਕ 18

ਚਮੱਕਯੰ ਕ੍ਰਿਪਾਣੰ ਅਭੂਤੰ ਭਇਆਣੰ।
ਧੁਨੰ ਨੇਵਰਾਯੰ ਘੁਰੰ ਘੁੰਘਰਾਯੰ।
ਚਤੁਰਬਾਂਹ ਚਾਰੰ, ਨਿਜੂਟੰ ਸੁਧਾਰੰ।
ਅੰਕ 31

ਗਦਾ, ਪਾਸ ਸੋਹੰ ਜਮੰ ਮਾਨ ਮੋਹੰ। ਅੰਕ 32

ਸਿਰੰ ਸੇਤ ਛੱਤਰੰ, ਸੁ ਸੁਭੰ ਬਿਰਾਜੈ।
ਲਖੈ ਛੈਲ ਛਾਇਆ ਕਰੇਂ ਤੇਜ ਲਾਜੈ।
ਬਿਸਾਲਾਲ ਨੈਨੰ ਮਹਾਰਾਜ ਸੋਹੰ।
ਢਿਗੰ ਅੰਸਪਾਲੰ ਹਸੈ ਕੋਟ ਕ੍ਰੋਹੰ।
ਅੰਕ 35

ਮਦਰਾ ਕਰ ਮੱਤ ਭੱਭਕੰ।
ਬਨ ਮੈ ਮਨੋ ਬਾਘ ਬੱਬਕੰ।
ਅੰਕ 53

ਭਾਵ- ਮਹਾਂਕਾਲ ਜੀ ਦੇ ਖੱਬੇ ਹੱਥ ਵਿੱਚ ਧਨੁੱਖ ਅਤੇ ਵੱਡੀ ਕ੍ਰਿਪਾਨ ਲਟਕਦੀ ਹੈ। ਲੰਮੀਆਂ-ਲੰਮੀਆਂ ਦਾੜ੍ਹਾਂ ਜਿਨ੍ਹਾਂ ਨਾਲ ਹਜ਼ਾਰਾਂ ਜੀਵ ਚੱਬ ਜਾਂਦਾ ਹੈ।

ਪੈਰਾਂ ਵਿੱਚ ਨੇਵਰਾਂ (ਝਾਜਰਾਂ) ਤੇ ਘੁੰਘਰੂਆਂ ਦੀ ਛਣਕਾਰ,ਚਾਰ ਬਾਹਾਂ, ਸਿਰ ਤੇ ਜੂੜਾ, ਹੱਥਾਂ ਵਿੱਚ ਗਦ੍ਹਾ (ਮੁਗਦਰ) ਅਤੇ ਪਾਸ (ਫਾਹੀ) ਹੈ।

ਵੱਡੀਆਂ-ਵੱਡੀਆਂ ਲਾਲ ਅੱਖਾਂ ਸੂਰਜ ਦੀਆਂ ਕਿਰਨਾਂ ਨੂੰ ਵੀ ਲੱਜਿਤ ਕਰਦੀਆਂ ਹਨ। ਸ਼ਰਾਬ ਪੀ ਕੇ ਮਸਤੀ ਵਿੱਚ ਇੰਜ ਭੱਭਕਦੇ ਹਨ ਜਿਵੇਂ ਜੰਗਲ ਵਿੱਚ ਸ਼ੇਰ ਦਾ ਬੱਚਾ ਬੁੱਕਦਾ ਹੈ।

ਉਜੈਨ ਵਿੱਚ ਉੱਤੇ ਦੱਸੇ ਸਰੂਪ ਵਾਲਾ ਮਹਾਂਕਾਲ ਦਾ ਸਰੂਪ ਅਕਾਲ ਪੁਰਖ ਲਖਾਇਕ ਨਹੀਂ ਹੋ ਸਕਦਾ ਤੇ ਨਾ ਹੀ ਲੱਛਣਾਂ ਬ੍ਰਿਤੀ ਦੁਆਰਾ ਅਥਵਾ ਕਿਸੇ ਅੰਤਰੀਵ ਅਰਥ ਦਾ ਆਸਰਾ ਲੈ ਕੇ ਇਸਦਾ ਅਰਥ ਅਕਾਲ ਪੁਰਖੀ ਵੈਰਾਟ ਸਰੂਪ ਕੀਤਾ ਜਾ ਸਕਦਾ ਹੈ ਕਿਉਂਕਿ ਉੱਤੇ ਲਿਖੇ ਅਨੁਸਾਰ ਕਵੀ ਕਲਪਤ ਮਹਾਂਕਾਲ ਦੇ ਚਾਰ ਹੱਥਾਂ ਵਿੱਚ ਧਨੁੱਖ,ਤਲਵਾਰ,ਗਦਾ ਤੇ ਫਾਹੀ ਹੈ, ਸਿਰ ਉੱਤੇ ਜੂੜਾ, ਲੰਮੀਆਂ-ਲੰਮੀਆਂ ਦਾੜ੍ਹਾਂ ਅਤੇ ਵੱਡੀਆਂ-ਵੱਡੀਆਂ ਲਾਲ ਅੱਖਾਂ ਹਨ। ਸ਼ਰਾਬ ਪੀ ਕੇ ਸ਼ੇਰ ਦੇ ਬੱਚੇ ਵਾਂਗੂ ਭੱਭਕਦਾ ਹੈ।

ਦੂਜੇ ਪਾਸੇ ਦਸ਼ਮੇਸ਼ ਜੀ ਦਾ ਅਕਾਲ ਪੁਰਖ (ਮਹਾਂਕਾਲ) ਪੰਚਮ ਪਾਤਸ਼ਾਹ ਵਲੋਂ ਸਹਸਕ੍ਰਿਤੀ ਸਲੋਕਾਂ ਅੰਦਰ 57 ਵੇਂ ਸਲੋਕ ਵਿੱਚ ਹੇਠ ਲਿਖੇ ਅਨੁਸਾਰ ਹੈ, ਯਥਾ-

ਨ ਸੰਖੰ, ਨ ਚਕ੍ਰੰ, ਨ ਗਦਾ, ਨ ਸਿਆਮੰ॥ ਅਸਚਰਜ ਰੂਪੰ ਰਹੰਤ ਜਨਮੰ॥
ਨੇਤ ਨੇਤ ਕਥੰਤਿ ਬੇਦਾ॥ ਊਚ ਮੂਚ ਅਪਾਰ ਗੋਬਿੰਦਾ॥

ਹੋਰ ਵੇਖੋ ਦਸਮ ਪਿਤਾ ਜੀ ਦੀ ਆਪਣੀ ਬਾਣੀ ਜਾਪੁ ਵਿੱਚੋਂ, ਯਥਾ-

ਕਾਲਹੀਨ, ਕਲਾ ਸੰਜੁਗਤਿ ਅਕਾਲ ਪੁਰਖ, ਅਦੇਸ।
ਧਰਮ, ਧਾਮ ਸੁ ਭਰਮ ਰਹਿਤ ਅਭੂਤ, ਅਲੱਖ ਅਭੇਸ।
ਅੰਗ ਰਾਗ ਨ ਰੰਗ ਜਾ ਕਹਿ, ਜਾਤਿ ਪਾਤ ਨ ਨਾਮ।
ਗਰਬ ਗੰਜਨ, ਦੁਸ਼ਟ ਭੰਜਨ, ਮੁਕਤਿ ਦਾਇਕ ਕਾਮ।
ਅੰਕ 84

ਅਕਾਲ, ਦਿਆਲ, ਅਲਖ, ਅਭੇਖ।
ਅਨਾਮ, ਅਕਾਮ, ਅਗਾਹ, ਅਢਾਹ।
ਨਾ ਰਾਗੇ, ਨਾ ਰੰਗੇ, ਨ ਰੂਪੇ ਨਾ ਰੇਖੇ।
ਅਕਰਮੰ, ਅਭਰਮੰ, ਅਗੰਜੇ, ਅਲੇਖੇ।
ਅੰਕ 195

ਹੋਰ ਵੇਖੋ ਸ੍ਰੀ ਮੁਖਵਾਕ ਪਾਤਸਾਹੀ 10 ਚੌਪਈ
ਕਾਲ ਰਹਿਤ, ਅਨਕਾਲ ਸਰੂਪਾ। ਅਲਖ ਪੁਰਖੁ ਅਬਿਗਤ ਅਵਿਧੂਤਾ।
ਜਾਤਿ ਪਾਤਿ ਜਿਹ ਚਿਹਨ ਨ ਬਰਨਾ।
ਅਬਿਗੱਤ ਦੇਵ ਅਛੈ ਅਨ ਭਰਮਾ।

ਉਪਰੋਕਤ ਮਹਾਂਕਾਲ ਦਾ ਸਰੂਪ ਬਿਨਾਂ ਸੰਦੇਹ ਨਿਸਚਾ ਕਰਾਉਂਦਾ ਹੈ ਕਿ ਇਸ ਕਾਲ ਅਥਵਾ ਮਹਾਂਕਾਲ ਦਾ ਅਰਥ ਅਕਾਲ ਪੁਰਖ ਨਹੀਂ ਹੋ ਸਕਦਾ ਤੇ ਨਾ ਹੀ ਇਸਦਾ ਕੋਈ ਹੋਰ ਅਰਥ ਨਿਰੰਕਾਰ ਆਦਿਕ ਹੋ ਸਕਦਾ ਹੈ।

ਅਧਿਆਇ ਸਮਾਪਤ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top