Share on Facebook

Main News Page

ਗਿਆਨ ਪ੍ਰਬੋਧ - 1
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 11

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਉਪਰੋਕਤ ਸਿਰਲੇਖ ਨੂੰ ਸਾਧਾਰਨ ਦ੍ਰਿਸ਼ਟੀ ਨਾਲ ਵੇਖਿਆਂ ਇਹ ਭਾਸਦਾ ਹੈ ਕਿ ਇਸ ਰਚਨਾ ਵਿੱਚ ਈਸ਼ਵਰੀ ਗਿਆਨ ਪ੍ਰਬੋਧਿਆ ਹੈ ਅਤੇ ਪਾਤਸ਼ਾਹੀ 10 ਹੋਣ ਤੋਂ ਇਹ ਪਰਤੀਤ ਹੁੰਦਾ ਹੈ ਕਿ ਇਹ ਬਾਣੀ ਦਸ਼ਮੇਸ਼ ਕ੍ਰਿਤ ਹੈ, ਪਰ ਦ੍ਰੀਘ ਵਿਚਾਰ ਕੀਤਿਆਂ ਇਸ ਰਚਨਾ ਵਿਚਲੀ ਸਮਗਰੀ ਈਸ਼ਵਰੀ ਗਿਆਨ ਸਿੱਧ ਨਹੀਂ ਹੁਮਦਿ, ਤੇ ਨਾ ਹੀ ਇਹ ਰਚਨਾ ਦਸ਼ਮੇਸ਼ ਕ੍ਰਿਤ ਹੈ। ਕਾਰਣ ਇਹ ਕਿ ਉਪਰੋਕਤ ਸਿਰਲੇਖ ਨਾਲ ਸ੍ਰੀ ਭਗੌਤੀ ਸਹਾਇ ਵੀ ਲਿਖਿਆ ਹੈ ਜਿਸ ਤੋਂ ਸਪੱਸ਼ਟ ਹੋਇਆ ਹੁੰਦਾ ਹੈ ਕਿ ਇਹ ਰਚਨਾ ਉਸ ਕਵੀ ਦੀ ਹੈ ਜੋ ਮਹਾਂਕਾਲ ਅਤੇ ਭਗੌਤੀ ਦੇਵੀ ਦਾ ਉਪਾਸ਼ਕ ਹੈ, ਜਿਸਨੇ ਇਹ ਰਚਨਾ ਦੀ ਸਫਲਤਾ ਹਿੱਤ ਅਰੰਭ ਵਿੱਚ ਸ੍ਰੀ ਭਗੌਤੀ ਜੀ ਸਹਾਇ ਲਿਖ ਕੇ ਆਪਣੇ ਇਸ਼ਟ ਭਗੌਤੀ ਤੋਂ ਸਹਾਇਤਾ ਮੰਗੀ ਹੈ।

ਪਿੱਛੇ ਰਹੀ ਪਾਤਸ਼ਾਹੀ 10 ਬਾਬਤ ਵੀਚਾਰ, ਉਸ ਸਬੰਧੀ ਇਸੇ ਪੁਸਤਕ ਦੇ ਮੁੱਖ ਪ੍ਰਯੋਜਨ (ਭੂਮਿਕਾ) ਵਿੱਚ ਦੱਸਿਆ ਗਿਆ ਹੈ ਕਿ ਦਸਮ ਗ੍ਰੰਥ ਦੀ ਸੰਪਾਦਨਾ ਗੁਰੂ ਕਲਗੀਧਰ ਜੀ ਨੇ ਆਪ ਨਹੀਂ ਕੀਤੀ ਤੇ ਨਾ ਹੀ ਕਰਨੀ ਜਾਂ ਕਰਾਉਣਾ ਚਾਹੁੰਦੇ ਸਨ।

ਇਹ ਵੀ ਦੱਸ ਆਏ ਹਾਂ ਕਿ ਦਸਮ ਗ੍ਰੰਥ ਦਸਵੇਂ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਵੀ ਬਹੁਤ ਸਮਾਂ ਪਿੱਛੋਂ ਵਜੂਦ ਵਿੱਚ ਆਇਆ ਹੈ, ਜਿਸ ਵਿੱਚ ਅੱਡੋ-ਅੱਡ ਲਿਖਾਰੀਆਂ ਨੇ ਵੱਖੋ-ਵੱਖ ਬੀੜਾਂ ਅੰਦਰ ਆਪੋ ਆਪਣੀ ਰੁਚੀ ਅਤੇ ਸੂਝ ਅਨੁਸਾਰ ਜਿੱਥੇ ਅਨੇਕ ਪਾਠਾਂ ਵਿੱਚ ਅੰਤਰੇ ਪਾ ਦਿੱਤੇ, ਉਥੇ ਸਿਰਲੇਖ ਦੇਣ ਵੇਲੇ ਵੀ ਜੋਗ-ਅਜੋਗ ਥਾਵਾਂ ਦੀ ਵੀਚਾਰ ਨਹੀਂ ਕੀਤੀ, ਪਰ ਸ੍ਰੀ ਭਗੌਤੀ ਜੀ ਸਹਾਇ ਜਾਂ ਸ੍ਰੀ ਭਗੌਤੀ ਏ ਨਮਹ ਮੂਲਕ ਸਿਰਲੇਖਾਂ ਤੋਂ ਅਵੱਸ਼ ਹੀ ਪ੍ਰਤੱਖ ਹੋ ਜਾਂਦਾ ਹੈ, ਕਿ ਇਹ ਕ੍ਰਿਤੀਆਂ ਭਗੌਤੀ ਉਪਾਸ਼ਕ ਸਾਕਤ ਕਵੀਆਂ ਦੀਆਂ ਹਨ।

ਪਾਠਕਾਂ ਦੀ ਗਿਆਤ ਲਈ ਸੰਖੇਪਕੀ ਵੇਰਵਾ ਇਹ ਹੈ ਕਿ ਇਸ ਰਚਨਾ ਦੇ ਕੁੱਲ 336 ਅੰਕ ਹਨ ਅਤੇ ਦੋ ਭਾਗਾਂ ਵਿੱਚ ਇਨ੍ਹਾਂ ਦੀ ਵੰਡ ਹੈ ਜਿਨ੍ਹਾਂ ਵਿੱਚੋਂ ਮਹਾਂਕਾਲ ਅਤੇ ਕਾਲੀ ਦੇਵੀ ਦੇ ਉਪਾਸ਼ਕ ਸਾਕਤ ਕਵੀ ਨੇ 126 ਅੰਕ ਤੱਕ ਮਹਾਂਕਾਲ ਦੀ ਉਸਤਤਿ ਕੀਤੀ ਹੈ ਜਿਵੇਂ ਕਿ-

ਸਿਰ ਕ੍ਰੀਟ ਧਾਰੀਯੰ। ਦਿਨਸ ਕ੍ਰੇਤ ਹਾਰੀਯੰ। (ਅੰਕ 18)

ਬਿਸਾਲ ਲਾਲ ਲੋਚੰਨੇ। ਮਨੋ ਜਮਾਨ ਮੋਚਨੰ।
ਸੁਭੰਤ ਸੀਸ ਸੁ ਪ੍ਰਭਾ। ਚਕ੍ਰਿਤ ਚਾਰ ਚੰਡਕਾ। (ਅੰਕ 19)

ਕੰਜਲਕ ਨੈਨ, ਕੰਬ ਗ੍ਰੀਵ ਕਟਿ ਕੇਹਰ ਕੁਜਿੱਰ ਗਵਨ।
ਕਦਲੀ, ਕਰੰਕ, ਕਰਪੂਰ ਗਤਿ ਬਿਨਿ ਅਕਾਲ ਦੂਜੋ ਕਵੱਨ। (ਅੰਕ 37)

ਸੁਭੰਤ ਦੰਤ ਪਤਕੰ। ਜਲੰਤ ਸਾਮ ਸੁ ਘਟੰ। (ਅੰਕ 84)

ਸ੍ਰੀ ਸੁ ਸੀਸ ਸੁਭਯੰ। ਘਟਾਕ ਬਾਨ ਉਭੀਯੰ।
ਚਲੰਤ ਦੰਤ ਪੰਤਕ । ਭਜੰਤ ਦੇਖ ਸੁ ਸਲੰ।
(ਅੰਕ 86)

ਭਾਵ: ਮਹਾਂਕਾਲ ਜੀ ਦਾ ਮੁਕਟ ਵੇਖ ਸੂਰਜ ਦੀਆਂ ਕਿਰਨਾਂ ਲਜਿੱਤ ਹੁੰਦੀਆਂ ਹਨ ਅਤੇ ਵੱਡੇ-ਵੱਡੇ ਲਾਲ ਨੇਤਰ ਹਨ ਕੰਵਲ ਫੁੱਲ ਵਰਗੀਆਂ ਅੱਖਾਂ, ਸੰਖ ਵਰਗੀ ਗ੍ਰੀਵ (ਗਰਦਨ), ਸ਼ੇਰ ਵਰਗਾ ਲੱਕ, ਹਾਥੀ ਵਰਗੀ ਚਾਲ, ਕਪੂਰ ਜਿਹੀ ਸੁਗੰਧੀ, ਹਰਨ ਵਰਗੀਆਂ ਛਾਲਾਂ, ਚਿੱਟੇ-ਚਿੱਟੇ ਵੱਡੇ-ਵੱਡੇ ਦੰਦਾਂ ਦੀਆਂ ਪਾਲਾਂ, ਜਦੋਂ ਮਹਾਂਕਾਲ ਜੀ ਦੰਦ ਕਰੀਚਦੇ ਹਨ, ਉਦੋਂ ਭੈ ਖਾ ਕੇ ਫੌਜ਼ਾਂ ਨੱਸ ਜਾਂਦੀਆਂ ਹਨ ਆਦਿਕ।

ਹੁਣ ਵੇਖਣਾ ਹੈ ਕਿ ਉੱਤੇ ਦੱਸੀਆਂ ਨਿਸ਼ਾਨੀਆਂ ਕਿਸੇ ਸਰੀਰਧਾਰੀ ਵਿਅਕਤੀ ਦੀਆਂ ਹੋ ਸਕਦੀਆਂ ਹਨ, ਜਾਂ ਗੁਰੂ ਅਕਾਲ ਪੁਰਖ ਨਿਰੰਕਾਰ ਦੀਆਂ।

ਅਵੱਸ਼ ਮੰਨਣਾ ਪਵੇਗਾ ਕਿ ਇਹ ਨਿਸ਼ਾਨੀ ਸਾਕਤ ਮਤੀਏ ਕਵੀਆਂ ਦੇ ਇਸ਼ਟ ਮਹਾਂਕਾਲ ਦੀਆਂ ਹਨ ਅਤੇ ਇਸੇ ਮਹਾਂਕਾਲ ਨੂੰ ਸਾਕਤ ਲੋਕ ਨਿਰੰਕਾਰ, ਨਿਰਵਿਕਾਰ, ਅਕਾਲ ਅਸਕੇਤ, ਖੜਗਪਾਨ ਆਦਿਕ ਨਾਵਾਂ ਨਾਲ ਸੰਬੋਧਦੇ ਜਿਵੇਂ ਕਿ ਹਮਰੀ ਕਰੋ ਹਾਥ ਦੈ ਰੱਛਾ ਵਾਲੀ ਚੌਪਈ ਅਤੇ ਹੋਰ ਕਈ ਥਾਂਈ ਇਸੇ ਪੁਸਤਕ ਵਿੱਚ ਦੱਸਿਆ ਗਿਆ ਹੈ।

ਇਸ ਤੋਂ ਅੱਗੇ 126 ਵੇਂ ਬੰਦ ਤੋਂ 130 ਵੇਂ ਅੰਕ ਤੱਕ ਆਤਮਾ ਰਾਮ ਦੀਆਂ ਪ੍ਰਮਾਤਮਾ ਤੋਂ ਭਗਵਤ ਗੀਤਾ ਦੇ ਇਸ਼ਾਰਿਆਂ ਉੱਤੇ ਅਧਾਰਤ ਕਵੀ ਵਲੋਂ ਪੁੱਛਾਂ ਹਨ-ਉਪਰੰਤ ਯੁਧਿਸ਼ਟਰ ਆਦਿਕ ਪਾਂਡਵਾਂ ਵਲੋਂ ਰਾਜਸੂਅ ਅਤੇ ਆਸਵਮੇਧ ਜੱਗ ਲਿਖੇ ਹਨ, ਫਿਰ ਰਾਜਾ ਪ੍ਰੀਛਤ ਵਲੋਂ ਗੱਜਮੇਧ ਅਤੇ ਉਸਦੇ ਪੁੱਤਰ ਰਾਜਾ ਜਨਮੇਜਾ ਵਲੋਂ ਅਹਿ (ਸਰੱਪ) ਦਾ ਵਰਨਣ ਹੈ।

ਨੋਟ - ਉਪਰੋਕਤ ਜੱਗਾਂ ਸਬੰਧੀ ਇਸੇ ਪੁਸਤਕ ਵਿੱਚ ਚਾਰ ਜੱਗ ਹੇਠ ਸੰਕੋਚਵਾਂ ਵੇਰਵਾ ਹੈ।

ਫਿਰ ਜਨਮੇਜਾ ਦੇ ਪੁੱਤਰਾਂ ਵਲੋਂ ਕੀਤੇ ਪਸੂਮੇਧ ਜੱਗ ਅਤੇ ਆਪੋ ਵਿਚਲੀ ਲੜਾਈ-ਭਿੜਾਈ ਦਰਸਾ ਕੇ 336 ਅੰਕ ਉਤੇ ਕਵੀ ਨੇ ਗਿਆਨ ਪ੍ਰਬੋਧ ਵਾਲੀ ਰਚਨਾ ਦੀ ਸਮਪਾਤੀ ਕੀਤੀ ਹੈ। ਜਿਸ ਤੋਂ ਸਪਸ਼ਟ ਹੋਇਆ ਕਿ ਗਯਾਨ ਪ੍ਰਬੋਧ ਵਾਲੀ ਰਚਨਾ ਈਸ਼ਵਰੀ ਗਯਾਨ ਨਹੀਂ ਤੇ ਨਾ ਹੀ ਗੁਰੂ ਦਸ਼ਮੇਸ਼ ਜੀ ਇਸ ਦੇ ਰਚਿਤਾ ਹਨ।

ਗਯਾਨ ਪ੍ਰਬੋਧ ਵਿਚਲੇ ਜੱਗਯ

ਗੁਰੂ ਘਰ ਵਿੱਚ ਅਸੜਮੇਧ ਗਜਮੇਧ ਆਦਿਕ ਫੋਕਟ ਕਰਮ ਮਿਥੇ ਗਏ ਹਨ, ਜਿਨ੍ਹਾਂ ਦਾ ਸਬੂਤ ਪਾਠਕ ਗੁਰਬਾਣੀ ਵਿੱਚੋਂ ਅਨੇਕਾਂ ਥਾਂਈਂ ਵੇਖ ਸਕਦੇ ਹਾਂ, ਯਥਾ-

ਅਸੁਮੇਧ ਜਗਨੇ॥ ਤੁਲਾ ਪੁਰਖ ਦਾਨੇ॥ ਪ੍ਰਾਗ ਇਸਨਾਨੇ॥1॥ ਤਉ ਨ ਪੁਜਹਿ ਹਰਿ ਕੀਰਤ ਨਾਮਾ॥ ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ॥1॥ਰਹਾਉ॥
(ਰਾਗ ਗੋਂਡ ਬਾਣੀ ਨਾਮ ਦੇਉ ਜੀ ਕੀ ਘਰ 1,873)

ਬਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ॥ ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਨਾਮ ਨਾਮੁ ਸਰਿ ਤਊ ਨ ਪੂਜੈ॥
(ਰਾਮਕਲੀ ਨਾਮ ਦੇਉ ਜੀ ਕੀ, 973)

ਪੁਨਾ

ਸਭਿ ਤੀਰਥ ਵਰਤ ਜਗੁ ਪੁੰਨ ਤੋੁਲਾਹਾ॥ ਹਰਿ ਹਰਿ ਨਾਮ ਨ ਪੁਜਹਿ ਪੁਜਾਹਾ॥
(ਜੈਤਸਰੀ ਮ: 4,699)

ਹੋਮ, ਜੱਗ, ਭੋਗ, ਨਈਵੇਦ ਕੈ ਅਨੇਕ ਪੂਜਾ, ਜਪੁ, ਤਪੁ, ਸੰਜਮ, ਅਨੇਕ ਪੁੰਨ ਦਾਨ ਕੈ॥
ਜਲ, ਥਲ, ਗਿਰ, ਤਰ, ਤੀਰਥ, ਭਵਨ ਭੂਅ, ਹਿਮਾਚਲ ਧਾਰਾ ਅਗ੍ਰ ਅਰਪਨ ਪਰਾਣ ਕੈ॥
ਸਿਮਰਤ, ਪੁਰਾਨ, ਬੇਦ, ਸ਼ਾਸਤਰ, ਸੰਗੀਤ ਬਹੁ, ਸਹਜ ਸਮਾਧ ਸਾਧ ਕੋਟ ਜੋਗ ਧਿਆਨ ਕੈ॥
ਗੁਰਸਿੱਖ ਸਾਧ ਸੰਗ ਨਿਮਖਿਕ ਪ੍ਰੇਮ ਪਰੈ, ਵਾਰ ਡਰਿਉਂ ਨਿਗ੍ਰ ਹਿ ਹੱਠ ਕੋਟਨ ਕੋਟਾਨ ਕੈ॥

(ਭਾਈ ਗੁਰਦਾਸ ਜੀ)

ਇਤਿਆਦਿਕ ਜੱਗ ਅਤੇ ਕਰਮ-ਕਾਂਡਾਂ ਦਾ ਗੁਰੂ ਘਰ ਵਿੱਚ ਮੁੱਲ ਕੱਚੀ ਕੌਡੀ ਵੀ ਨਹੀਂ, ਪ੍ਰੰਤੂ ਦਸਮ ਗ੍ਰੰਥ ਵਿਚਲੀ ਗਿਆਨ ਪ੍ਰਬੋਧ ਨਾਮ ਦੀ ਰਚਨਾ (ਜੋ ਸਫਾ 127 ਤੋਂ ਅਰੰਭ ਹੋ ਕੇ 155 ਤੇ ਮੁੱਕਦੀ ਹੈ, ਜਿਸ ਦੇ 336 ਅੰਕ ਹਨ) ਵਿੱਚ ਰਾਜਸੂਅ ਅਤੇ ਅਸਵਮੇਧ ਤਥਾ ਗੱਜਮੇਧ ਪੁਨਾ ਅਹਿ (ਸਰਪ) ਮੇਧ ਚਾਰ ਜੱਗ ਲਿਖੇ ਹਨ ਜੋ ਪੁਰਾਣਿਕ ਗਪੌੜਿਆਂ ਨੂੰ ਵੀ ਪਿੱਛੇ ਸੁੱਟਦੇ ਹਨ, ਜਿਨ੍ਹਾਂ ਦਾ ਵੇਰਵਾ ਕੇਵਲ ਵੰਨਗੀ ਮਾਤ੍ਰ ਹੀ ਹੇਠ ਦਿੱਤਾ ਜਾਂਦਾ ਹੈ।

ਚੱਲਦਾ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top