Share on Facebook

Main News Page

ਹੇਮਕੁੰਟ - 1
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 18

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਅਬ ਮੈਂ ਆਪਣੀ ਕਥਾ ਬਖਾਨੋ। ਤਪ ਸਾਧਤ ਜਿਹ ਬਿਧ ਮੋਹਿ ਆਨੋ।……
ਹੇਮ ਕੁੰਟ ਪਰਬਤ ਹੈ ਜਹਾਂ। ਸਪਤ ਸ੍ਰਿੰਗ ਸੋਬਤ ਹੈ ਤਹਾਂ।…………

ਦਸਮ ਗ੍ਰੰਥ ਵਿਚਲੇ ਬਚਿਤ੍ਰ ਨਾਟਕ ਦੇ ਛੇਵੇਂ ਅਧਿਆਇ ਵਿਚਲੀ ਉਪਰੋਕਤ ਕਵੀ ਰਚਨਾ ਨੂੰ ਕਈ ਅੰਜਾਣ ਸ਼ਰਧਾਲੂਆਂ ਨੇ ਦਸ਼ਮੇਸ਼ ਬਾਣੀ ਸਮਝ ਕੇ ਨਿਸਚੇ ਕਰ ਲਿਆ ਹੈ, ਕਿ ਗੁਰੂ ਕਲਗੀਧਰ ਜੀ ਨੇ ਪਿਛਲੇ ਜਨਮ ਦੁਸ਼ਟ ਦਮਨ ਰੂਪ ਵਿੱਚ ਹੇਮਕੁੰਟ ਪਰਬਤ ਉੱਤੇ ਤਪ ਕੀਤਾ ਸੀ।

ਤਦੇ ਹੀ ਕਈ ਅੰਜਾਣ ਸ਼ਰਧਾਲੂ ਹੇਮਕੁੰਟ ਨੂੰ ਗੁਰੂ ਜੀ ਦਾ ਤਪ ਅਸਥਾਨ ਮਿੱਥ ਕੇ ਵੇਖੋ-ਵੇਖੀ ਵੱਡੀਆਂ ਵੱਡੀਆਂ ਖੇਚਲਾਂ ਅਤੇ ਖਰਚ ਕਰਕੇ ਯਾਤਰਾ ਕਰਦੇ … ਚੜ੍ਹਾਵੇ ਚਾੜ੍ਹਦੇ… ਕਈ ਪ੍ਰਕਾਰ ਦੀਆਂ ਸੁਖਣਾਂ ਸੁਖਦੇ ਹਨ।

ਉਪਰੋਕਤ ਮਨੌਤ ਅਨੁਸਾਰ ਹੀ ਯਾਤਰੂਆਂ ਹਿੱਤ ਕਈ ਸਹੂਲਤੀ ਸਕੀਮਾਂ ਬਣੀਆਂ ਅਤੇ ਹੋਰ ਵੀ ਬਣ ਰਹੀਆਂ ਹਨ ਜਿਨ੍ਹਾਂ ਉੱਤੇ ਲੱਖਾਂ-ਕਰੋੜਾਂ ਤੱਕ ਖਰਚ ਹੋ ਚੁੱਕਾ ਹੈ, ਤੇ ਅਜੇ ਵੀ ਹੋ ਰਿਹਾ ਹੈ।

ਦੂਜੇ ਪਾਸੇ, ਸਿੱਖ ਪੰਥ ਦੇ ਅਨੇਕਾਂ ਮੰਨੇ-ਪ੍ਰਮੰਨੇ ਵਿਦਵਾਨ ਦਸਮ ਗ੍ਰੰਥ ਵਿਚਲੀ ਰਚਨਾ ਰੂਪੀ ਵਸਤੂ ਪਛਾਨਣ ਵਾਲੇ ਉਕਤ ਯਾਤਰਾ ਨੂੰ ਇੱਕ ਮਹਾਨ ਭੁੱਲ ਅਤੇ ਨਿਰੋਲ ਮਨਮਤ ਸਮਝਦੇ ਹਨ, ਜਿਵੇਂ ਕਿ ਸ਼ਮਸ਼ੇਰ ਸਿੰਘ ਜੀ ਅਸ਼ੋਕ, ਸ.ਰਤਨ ਸਿੰਘ ਜੀ ਜੱਗੀ, ਡਾਕਟਰ ਕਰਤਾਰ ਸਿੰਘ ਜੀ ਬਾੜੀ, ਸ੍ਰੀਮਾਨ ਭਾ.ਸਾ.ਭਾ. ਅਰਦਮਨ ਸਿੰਘ ਬਾਗੜੀਆ ਆਦਿਕਾਂ ਨੇ ਆਪਣੀਆਂ ਲਿਖਤਾਂ ਰਾਹੀਂ ਵੀ ਦਰਸਾਇਆ ਹੈ।

ਅਵੱਸ਼ ਮੰਨਣਾ ਪਵੇਗਾ ਕਿ ਹੇਮਕੂੰਟ ਨੂੰ ਗੁਰੂ ਸਾਹਿਬ ਦਾ ਤਪ ਅਸਥਾਨ ਮੰਨਣ ਵਾਲੇ ਗੁਰਸਿੱਖਾਂ ਨੂੰ ਭੁਲੇਖਾ ਪੈਣ ਦਾ ਕਾਰਣ ਉੱਤੇ ਦਰਸਾਈ ‘ਅਬ ਮੈ ਆਪਨੀ ਕਥਾ ਬਖਾਨੋ’ ਵਾਲੀ ਰਚਨਾ ਹੈ, ਜੋ ਮਹਾਂਕਾਲ ਅਤੇ ਕਾਲਕਾ (ਮਹਾਂਕਾਲੀ) ਦੇ ਅਰਾਧਕ ਇੱਕ ਸਾਕਤ ਮਤੀਏ ਕਵੀ ਵਲੋਂ ਰਚੀ ਹੋਈ ਰਚਨਾ ਹੈ, ਜਿਸਦੀ ਖੋਜ ਕੀਤਿਆਂ ਗੁਰੂ ਦਸ਼ਮੇਸ਼ ਜੀ ਜੋਤੀ ਜੋਤਿ ਸਮਾਉਣ ਬਲਕਿ ਬਾਬਾ ਬੰਦਾ ਸਿੰਘ (ਗੁਰਬਖਸ਼ ਸਿੰਘ) ਜੀ ਦੀ ਸ਼ਹਾਦਤ ਤੋਂ ਵੀ ਪਿੱਛੋਂ ਦੀ ਰਚਨਾ ਸਿੱਧ ਹੁੰਦੀ ਹੈ।

ਉੱਤੇ ਦਰਸਾਏ ਮਹਾਂਕਾਲ ਦੇ ਉਪਾਸ਼ਕ ਕਵੀ ਦੀ ਆਪਣੀ ਰਚਨਾ ਨੂੰ ਗੁਰੂ ਕਲਗੀਧਰ ਜੀ ਵਲੋਂ ਉਚਰੀ ਦਰਸਾਉਣ ਤੋਂ ਮਨੋਰਥ ਇਹ ਸੀ, ਕਿ ਸਿੱਖ ਪੰਥ ਨੂੰ ਇਹ ਨਿਸ਼ਚਾ ਹੋ ਜਾਵੇ ਕਿ ਦਸਮ ਪਾਤਸ਼ਾਹ ਪਿਛਲੇ ਜਨਮ ਵਿੱਚ ਵੀ ਮਹਾਂਕਾਲ ਅਤੇ ਕਾਲਿਕਾ ਦੇ ਅਰਾਧਕ ਸਨ।

ਉਪਰੋਕਤ ਚਾਲਾਕ ਕਵੀ ਵਲੋਂ ਚਲੀ ਗਈ ਡੂੰਘੀ ਚਾਲ ਹੋਰ ਵੀ ਕਈ ਗ੍ਰੰਥਾਕਾਰ ਆਪੋ-ਆਪਣੀਆਂ ਗ੍ਰੰਥਾਂ ਨੂੰ ਪ੍ਰਮਾਣੀਕ ਦਰਸਾਉਣ ਲਈ ਪ੍ਰੰਪਰਾ ਤੋਂ ਚੱਲਦੇ ਆਏ ਹਨ, ਭਾਵ ਆਪੋ-ਆਪਣੀਆਂ ਪੁਸਤਕਾਂ ਨੂੰ ਮਹਾਨ ਵਿਅਕਤੀਆਂ ਵਲੋਂ ਦੱਸਦੇ ਆਏ ਹਨ, ਜਿਵੇਂ ਕਿ-

ਰਮਾਇਣ-ਯਿਹ ਰਾਮਾਇਣ ਤ੍ਰਿਕਾਲਗ ਰਿਸ਼ੀ ਬਾਲਮੀਕ ਜੀ ਨੇ ਭਗਵਾਨ ਰਾਮ ਜੀ ਕੇ ਅਵਤਾਰ ਧਾਰਨ ਸੇ ਭੀ ਦਸ ਹਜ਼ਾਰ ਬਰਸ ਪਹਿਲੇ ਭਵਿਸ਼ ਬਾਣੀ ਕੇ ਰੂਪ ਮੇਂ ਉਚਾਰਨ ਕੀ ਥੀ।

ਯਹੀ ਅਮਰ ਕਥਾ (ਰਾਮਾਇਣ) ਅਮਰਕੁੰਡ ਅਸਥਾਨ ਪਰ ਸ਼ਿਵਜੀ ਮਹਾਰਾਜ ਨੇ ਪਾਰਬਤੀ ਕੋ ਸਰਵਾਨ ਕਰਾਈ। ਯਹੀ ਰਾਮਾਇਣ ਸਪਤਰਿਸ਼ੀ ਨੇ ਨੈਮਿਖਾਰ ਤੀਰਥ ਪਰ ਕਈ ਹਜ਼ਾਰ ਰਿਸ਼ਿਓਂ ਕੋ ਬੋਧ ਕਰਾਈ।

ਗਰੁੜ ਪੁਰਾਣ-ਯਿਹ ‘ਗਰੁੜ ਪੁਰਾਣ’ ਵਿਸ਼ਨੂੰ ਜੀ ਨੇ ਆਪਣੇ ਵਾਹਨ ਗਰੁੜ ਪ੍ਰਤੀ ਬੋਧ ਕਰਾਇਆ।

ਭਵਿਖਤ ਪੁਰਾਣ-ਯਿਹ ਮਹਾ-ਪਾਵਨ ‘ਭਵਿਖਯਤ ਪੁਰਾਣ’ ਬ੍ਰਹਮਾ ਜੀ ਨੇ ਨਾਰਦ ਕੋ ਨਿਸਚੈ ਕਰਾਇਆ।

ਜਨਮ ਸਾਖੀ-ਜਿਵੇਂ ਬਿਧੀ ਚੰਦ ਹਿੰਦਾਲੀਏ ਨੇ ਆਪਣੇ ਵਲੋਂ ਜਨਮ-ਸਾਖੀ ਵਿੱਚ ਅਨੇਕਾਂ ਮਨ-ਮਰਜ਼ੀ ਦੀਆਂ ਝੂਠੀਆਂ-ਸੱਚੀਆਂ ਸਾਖੀਆਂ ਲਿਖ ਕੇ ਪ੍ਰਮਾਣੀਕ ਦਰਸਾਉਣ ਹਿੱਤ ਭੂਮਿਕਾ ਵਿੱਚ ਇਹ ਲਿਖ ਦਿੱਤਾ ਕਿ ਇਹ ਸਾਖੀਆਂ ਭਾਈ ਬਾਲੇ ਨੇ ਗੁਰੂ ਅੰਗਦ ਦੇਵ ਜੀ ਨੂੰ ਸੁਣਾਈਆਂ ਤੇ ਪੈੜੇ ਮੋਖੇ ਨੇ ਲਿਖੀਆਂ।

ਕਥਾ ਪੂਰਨਮਾਸ਼ੀ-ਜਿਵੇਂ ਪਿੰਡ ਬਲਕਸਰ, ਤਹਿਸੀਲ ਚਕਵਾਲ, ਜ਼ਿਲਾ ਜਿਹਲਮ ਦੇ ਵਸਨੀਕ ਸੰਤ ਪੂਰਨ ਸਿੰਘ ਨੇ ਕਥਾ ਪੂਰਨਮਾਸ਼ੀ (ਕਪੋਲ ਕਲਪਨਾ) ਰਚ ਕੇ ਲਿਖਿਆ ਸੀ, ਕਿ ਦਸ਼ਮੇਸ਼ ਜੀ ਨੇ ਇੱਕ ਰਾਤ ਵਿੱਚ ਇੱਕ ਸੌ ਯਾਰਾਂ ਸ਼ੇਰ ਮਾਰੇ… ਅੰਨ੍ਹਾਂ ਖੂਹ ਸਜਾਖਾ ਹੋ ਗਿਆ… ਇਤਿਆਦਿਕ ਤੋਲੇ ਹੋਏ ਕੁਫਰ ਨੂੰ ਭਾਈ ਦਇਆ ਸਿੰਘ ਅਤੇ ਭਾਈ ਮਨੀ ਸਿੰਘ ਵਲੋਂ ਦਰਸਾਇਆ ਯਥਾ ਦਇਆ ਸਿੰਘ ਕੋ ਸਿੱਖ ਥਾ ਮਨੀ ਸਿੰਘ ਬੁੱਧੀਮਾਨ। (ਕਥਾ ਪੂਰਨਮਾਸ਼ੀ ਛੰਦੋਬੰਦੀ)

ਨੋਟ-ਪਾਠਕਾਂ ਨੂੰ ਇਹ ਵੀ ਪਤਾ ਹੋਵੇ ਕਿ ਇਸੇ ਸੰਤ ਪੂਰਨ ਸਿੰਘ ਨੇ ਸੰਨ 1909 ਪਿੰਡ ਮੁਰੀਦ, ਜਿਲਾ ਜੇਹਲਮ ਵਿੱਚ ਸਜੇ ਖਾਲਸਾ ਦੀਵਾਨ ਸਮੇਂ ਆਪਣੀ ਰਚੀ ਕਥਾ ਪੂਰਨਮਾਸੀ ਬਾਬਤ ਭੁੱਲ ਮੰਨਦਿਆਂ ਹੋਇਆਂ ਕੂਕ-ਕੂਕ ਕੇ ਕਿਹਾ ਸੀ ਕਿ ਸੱਜਣੋਂ, ਮੈਂ ਝੂਠ ਲਿਖਿਆ… ਮੈਂ ਕੁਫਰ ਤੋਲਿਆ… ਮੈਨੂੰ ਬਖਸ਼ਿਆ ਜਾਵੇ। ਕੋਈ ਪੁੱਛੇ ਕਿ ਸੰਤ ਪੂਰਨ ਸਿੰਘ ਵਲੋਂ ਭੁੱਲ ਮੰਨਣ ਦਾ ਕੀ ਸਬੂਤ ਹੈ, ਤੇ ਉਥੋਂ ਦੇ ਹੀ ਵਸਨੀਕ ਕੈਪਟਨ ਮਿਹਰ ਸਿੰਘ ਜੀ ਜੋ ਦੀਵਾਨ ਵਿੱਚ ਮੌਜੂਦ ਸਨ ਅਤੇ ਹੁਣ ਅੰਬਾਲਾ ਛਾਉਣੀ ਵਿੱਚ ਰਹਿੰਦੇ ਹਨ ਅਤੇ ਪੰਜਾਬੀ ਗੁਰਦੁਆਰੇ ਦੇ ਪ੍ਰਧਾਨ ਹਨ, ਨਾਲ ਹੀ ਕਥਾ ਕੀਰਤਨ ਦੇ ਰਸੀਏ ਵਿਦਵਾਨ ਹਨ, ਉਨ੍ਹਾਂ ਤੋਂ ਪੁੱਛਿਆ ਜਾ ਸਕਦਾ ਹੈ।

ਚੱਲਦਾ …


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top