Share on Facebook

Main News Page

ਦੇਹ ਸ਼ਿਵਾ ਬਰ ਮੋਹਿ ਇਹੈ - 5
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 10

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਦੇਹ ਸ਼ਿਵਾ ਬਰ ਮੋਹਿ ਇਹੈ... ਸਬੰਧੀ ਆਮ ਵਰਤੀ ਜਾਂਦੀ ਇੱਕ ਫੋਕੀ ਵਿਚਾਰ

ਇੱਕ ਰਾਗੀ ਸਜਣ ਨਾਲ ਦੇਹ ਸ਼ਿਵਾ ਵਾਲੇ ਸਵਈਏ ਸਬੰਧੀ ਬਚਨ ਬਿਲਾਸ ਹੋਣ ਉਪਰੰਤ ਉਸਨੇ ਇਹ ਤਾਂ ਮੰਨ ਲਿਆ ਕਿ ਸ਼ਿਵਾ ਸ਼ਬਦ ਅਕਾਲ ਪੁਰਖ ਨਹੀਂ ਤੇ ਨਾ ਹੀ ਇਹ ਸਵਈਆ ਦਸ਼ਮੇਸ਼ ਕ੍ਰਿਤ ਹੈ, ਪਰ ਨਾਲ ਹੀ ਉਸ ਨੇ ਇਹ ਵਿਚਾਰ ਪ੍ਰਗਟ ਕੀਤੀ ਕਿ ਇਹ ਸਵਈਆ ਹੁਣ ਆਮ ਪ੍ਰਚੱਲਤ ਹੋ ਜਾਣ ਤੇ ਲੋਕੀਂ ਇਸ ਨੂੰ ਦਸ਼ਮੇਸ਼ ਰਚਨਾ ਸਮਝਦੇ ਹੋਏ, ਅਥਾਹ ਸ਼ਰਧਾ ਅਤੇ ਅਟੱਲ ਵਿਸ਼ਵਾਸ਼ ਨਾਲ ਪੜ੍ਹਦੇ ਹਨ, ਇਸ ਲਈ ਇਸ ਦੇ ਉਲਟ ਹੁਣ ਕੁੱਝ ਲਿਖਣ-ਬੋਲਣ ਨਾਲ ਲੋਕਾਂ ਦੀ ਸ਼ਰਧਾ-ਵਿਸ਼ਵਾਸ਼ ਟੁੱਟ ਜਾਵੇਗਾ।

ਉਪਰੋਕਤ ਫੋਕੀ ਜਿਹੀ ਵਿਚਾਰ ਦਾ ਉੱਤਰ ਵਿਸ਼ਥਾਰ ਭੈ ਕਾਰਣ ਸੰਖੇਪਕੀ ਰੂਪ ਵਿੱਚ ਇਹ ਦੇਣਾ ਪਿਆ ਕਿ ਅਥਾਹ ਸ਼ਰਧਾ ਦੇ ਨਾਲ ਅਥਾਹ ਸੂਝ ਦਾ ਹੋਣਾ ਉਸ ਤੋਂ ਵੀ ਜਰੂਰੀ ਹੈ, ਨਹੀਂ ਤਾਂ ਸੂਝਹੀਨ ਸ਼ਰਧਾ ਨੂੰ ਅੰਧ ਵਿਸ਼ਵਾਸ਼ ਕਿਹਾ ਜਾਵੇਗਾ।

ਭਲਾ! ਕੋਈ ਵੀਰ ਸ਼ਰਧਾ ਤੇ ਅਟੱਲ ਵਿਸ਼ਵਾਸ਼ ਵਾਲ ਮੁਲੇਮੇ ਨੂੰ ਸੋਨਾ ਸਮਝ ਕੇ ਖ੍ਰੀਦ ਲਵੇ ਤਾਂ ਕੀ ਉਹ ਸ਼ਰਧਾ ਮੁਲੇਮੇ ਨੂੰ ਸੋਨਾ ਬਣਾ ਦੇਵੇਗੀ ? ਹਰਗਿਜ਼ ਨਹੀਂ। ਤਾਂ ਤੇ ਉਸ ਅੰਧ ਵਿਸ਼ਵਾਸ਼ੀ ਨੂੰ ਮੁਲੱਮੇ ਦਾ ਯਥਾਰਥ ਬੋਧ ਕਰਾਉਣਾ ਇੱਕ ਵੱਡਾ ਉਪਕਾਰ ਹੋਵੇਗਾ, ਨਹੀਂ ਤਾਂ ਉਹ ਵੀਰ ਲੁੱਟਿਆ ਜਾਵੇਗਾ।

ਇੱਕ ਹੋਰ ਹਾਸੋ-ਹੀਣੀ ਦਲੀਲ

ਇੱਕ ਵੇਰੀਂ ਗੁਰਦੁਆਰਾ ਕਾਲੀ ਮਸਜਦ ਬਾਜ਼ਾਰ ਸੀਤਾਰਾਮ, ਦਿੱਲੀ ਵਿੱਚ ਇੱਕ ਰਾਗੀ ਸੱਜਣ ਦੇਹ ਸ਼ਿਵਾ ਸਵਈਆ ਪੜ੍ਹਨ ਸਮੇਂ ਸੰਗਤ ਨੂੰ ਇਹ ਪ੍ਰੇਰਨਾ ਦਿੰਦਾ ਸੀ ਕਿ ਸਤਿ-ਸੰਗੀਓ, ਕਲਗੀਧਰ ਜੀ ਕਿੱਡੇ ਪਿਆਰ ਤੇ ਉਤਸ਼ਾਹ ਨਾਲ ਸ਼ਿਵਾ (ਵਹਿਗੁਰੂ) ਤੋਂ ਵਰ ਮੰਗ ਰਹੇ ਹਨ, ਆਓ ਅਸੀਂ ਵੀ ਸਾਰੇ ਸਤਿਸੰਗੀ ਮਾਈ-ਭਾਈ ਰੱਲ ਮਿਲ ਕੇ ਸ਼ਿਵਾ (ਅਕਾਲ ਪੁਰਖ) ਤੋਂ ਮੰਗ ਕਰੀਏ ਕਿ ਦੇਹ ਸ਼ਿਵਾ ਬਰ ਮੋਹਿ ਇਹੋ.

ਕੀਰਤਨ ਉਪਰੰਤ ਕਥਾ ਕਰਨ ਸਮੇਂ ਇਸ ਲਿਖਾਰੀ (ਮੈਂ) ਉਪਰੋਕਤ ਸਵਈਏ ਸਬੰਧੀ ਦ੍ਰਿਸ਼ਟਾਂਤਾਂ-ਪ੍ਰਮਾਣਾਂ ਦੁਆਰਾ ਬੇਨਤੀ ਕੀਤੀ ਕਿ ਇਹ ਸਵਈਆ ਗੁਰੂ ਦਸਮ ਪਾਤਸ਼ਾਹ ਦੀ ਬਾਣੀ ਨਹੀਂ, ਤੇ ਨਾ ਹੀ ਦਸ਼ਮੇਸ਼ ਪਿਤਾ ਜੀ ਨੇ ਸ਼ਿਵਾ ਦੇਵੀ ਤੋਂ ਕੋਈ ਵਰ ਮੰਗਿਆ ਅਤੇ ਸਿਵਾ ਦਾ ਅਰਥ ਵੀ ਵਾਹਿਗੁਰੂ ਨਹੀਂ, ਭਾਵ ਇਹ ਵਰ ਸਿਵਾ (ਦੁਰਗਾ) ਦੇ ਅਰਾਧਕ ਕਵੀ ਨੇ ਮੰਗਿਆ ਹੈ ਇਤਿਆਦਿਕ।

ਕਥਾ ਸਮਾਪਤੀ ਤੋਂ ਪਿੱਛੋਂ ਗੁਰਦੁਆਰੇ ਦੇ ਇੱਕ ਪ੍ਰਬੰਧਕ ਨੇ ਮੈਨੂੰ ਕਿਹਾ ਕਿ ਜੋ ਕੁਝ ਤੁਸਾਂ ਦਰਸਾਇਆ ਹੈ, ਉਹ ਬਿਲਕੁੱਲ ਠੀਕ ਹੈ ਜਿਸ ਨੂੰ ਮੰਨ ਕੇ ਅਸੀਂ ਅਨੁਭਵ ਕਰ ਲਿਆ ਹੈ ਕਿ ਸ਼ਿਵਾ ਸ਼ਬਦ ਅਕਾਲ ਪੁਰਖ ਬੋਧਕ ਨਹੀਂ, ਬਲਕਿ ਸਿਵਾ ਇੱਕ ਦੇਵੀ ਦਾ ਨਾਮ ਹੈ, ਪਰ ਅਸੀਂ ਜੇਕਰ ਸ਼ਿਵਾ(ਦੇਵੀ) ਨੂੰ ਅਕਾਲ ਪੁਰਖ ਸਮਝ ਕੇ ਪੜ੍ਹਦੇ ਰਹੀਏ ਤਾਂ ਕੀ ਹਰਜ਼ ਹੈ।

ਉਪਰੋਕਤ ਹਾਸੋ-ਹੀਣੀ ਅਤੇ ਨਿਪੁੰਸਕ ਜਿਹੀ ਦਲੀਲ ਦਾ ਉੱਤਰ ਹਰ ਸੂਰਤ ਸੰਕੋਚਵੇਂ ਅਖਰਾਂ ਵਿੱਚ ਇਹ ਦੇਣਾ ਪਿਆ, ਕਿ ਜੇਕਰ ਕੋਈ ਵੀਰ ਘੁਲਿਆ ਹੋਇਆ ਚੂਨਾ ਜਾਂ ਝਗਿਆ ਹੋਇਆ ਸਾਬੁਨ ਦੁੱਧ ਸਮਝ ਕੇ ਪੀਣਾ ਚਾਹੇ ਤੇ ਉਸ ਨੂੰ ਅਸਲੀਅਤ ਦੱਸ ਕੇ ਸੁਚੇਤ ਕੀਤਾ ਜਾਵੇ ਕਿ ਸੱਜਨਾ, ਇਹ ਦੁੱਧ ਨਹੀਂ, ਝਗਿਆ ਹੋਇਆ ਸਾਬੁਨ ਹੈ ਪਰ ਮੈਂ ਇਸ ਨੂੰ ਦੁਧ ਸਮਝ ਕੇ ਪੀ ਲਵਾਂ ਤਾਂ ਕੀ ਹਰਜ਼ ਹੈ। ਵਾਰੇ ਜਾਈਏ ਇਹੋ ਜਿਹੀਆਂ ਦਲੀਲਾਂ ਤੋਂ...

ਇਥੇ ਹੀ ਬੱਸ ਨਹੀਂ ਕਈ ਵੀਰ ਸੂਝ-ਹੀਣ ਸ਼ਰਧਾ (ਅੰਧ-ਵਿਸ਼ਵਾਸ਼) ਦੇ ਪ੍ਰਭਾਵ ਹੇਠ ਉੱਤੇ ਲਿਖੀਆਂ ਫੋਕੀਆਂ ਅਤੇ ਹਾਸੋ-ਹੀਣੀਆਂ ਦਲੀਲਾਂ ਰਾਹੀਂ ਉਪਰੋਕਤ ਪ੍ਰਬਲ ਅਤੇ ਅਕੱਟਵੇਂ ਪ੍ਰਮਾਣਾਂ ਨੂੰ ਕੱਟਣ ਦਾ ਬਿਰਥਾ ਹੱਠ ਕਰਨੋਂ ਵੀ ਨਹੀਂ ਸੰਗਦੇ।

ਅੰਤਕਾ

ਜੋ ਵੀਰ ਸ਼ਿਵਾ (ਸ਼ਿਵ ਪਤਨੀ) ਅਰਥਾਤ ਦੁਰਗਾ ਭਵਾਨੀ ਦੇ ਉਪਾਸ਼ਕ ਅਤੇ ਗੁਰਬਾਣੀ ਤੋਂ ਅਗਿਆਤ ਹਨ ਭਾਵ ਜਿਨ੍ਹਾਂ ਨੂੰ ਗੁਰਬਾਣੀ ਵਰਗੀ ਅਲੌਕਿਕ ਦਾਤ ਪ੍ਰਾਪਤ ਨਹੀਂ ਹੋਈ, ਉਹ ਸੱਜਣ ਤਾਂ ਬੇਸ਼ਕ ਇਸ ਦੇਹ ਸ਼ਿਵਾ ਵਾਲੇ ਗੀਤ ਰਾਹੀਂ ਸਿਵਾ (ਦੁਰਗਾ) ਤੋਂ ਵਰ ਮੰਗਣ ਅਤੇ ਜਗਰਾਤੇ ਕਰਨ ਜਾਂ ਸਿਵਾ (ਦੇਵੀ) ਦੀਆਂ ਭੇਟਾਂ ਵੀ ਪੜ੍ਹਣ, ਕੋਈ ਹਰਜ਼ ਨਹੀਂ। ਪਰ ਸ਼ੋਕ! ਉਹਨਾਂ ਰਾਗੀ ਸੱਜਣਾਂ ਅਤੇ ਪ੍ਰਚਾਰਕ ਗੁਰਮੁਖਾਂ ਉੱਤੇ ਹੈ ਜੋ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਦੀ ਦੇਹ ਮੰਨਦੇ ਹੋਏ ਉਸ ਬਾਣੀ ਰੂਪ ਗੁਰੂ ਦਾ ਹੁਕਮ ਸੁਣਦੇ ਹਨ ਕਿ

ਦੇਵੀ ਦੇਵਾ ਮੂਲ ਹੈ ਮਾਇਆ॥ (ਮਾਝ ਮਹਲਾ 3,129)
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ॥ (ਸੋਰਟ ਮ: 1, ਅਸਟਪਦੀਆਂ 639)

ਅਥਵਾ-

ਮਹਾ ਮਾਈ ਕੀ ਪੂਜਾ ਕਰੈ॥ ਨਰ ਸੈ ਨਾਰਿ ਹੋਇ ਅਉਤਰੈ॥ ਤੂ ਕਹੀਅਤ ਹੀ ਅਦਿ ਭਵਾਨੀ॥ ਮੁਕਤਿ ਕੀ ਬਰੀਆ ਕਹਾ ਛਪਾਨੀ॥ (ਗੋਂਡ ਨਾਮ ਦੇਉ, 874)

ਪਰ ਦੂਜੇ ਪਾਸੇ ਉਸੇ ਹੀ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦੇਹ ਸ਼ਿਵਾ ਬਰ ਮੋਹਿ ਵਾਲਾ ਗੀਤ (ਕਵੀ ਦੀ ਰਚਨਾ) ਰਾਹੀਂ ਝੂਮ-ਝੂਮ ਕੇ ਦੁਰਗਾ ਭਵਾਨੀ ਤੋਂ ਵਰ ਮੰਗਦੇ ਹੋਏ ਆਪਣੀ ਸੂਝ ਅਤੇ ਸਿਦਕ ਦਾ ਪ੍ਰਗਟਾਵਾ ਕਰਦੇ ਹਨ।

ਸਭ ਤੋਂ ਵਧੇਰੇ ਅਨਰਥ ਇਹ ਕਿ ਜਿਹੜਾ ਗੁਰੂ ਕਲਗੀਧਰ ਸ੍ਰੀ ਮੁਖਵਾਕ ਚੌਪਈ ਵਿੱਚ ਇਹ ਸੰਕੇਤ ਦਿੰਦਾ ਹੈ ਕਿ

ਅਨਹਦ ਰੂਪ ਅਨਾਹਦ ਬਾਨੀ॥ ਚਰਨ ਸਰਨ ਜਿਹ ਬਸਤ ਭਵਾਨੀ॥

ਉਸ ਪਾਤਸ਼ਾਹ ਵਲੋਂ ਦੇਹ ਸ਼ਿਵਾ ਰਚਨਾ ਦੱਸ ਕੇ ਗੁਰੂ ਪਾਤਸ਼ਾਹ ਦੀ ਨਿਰਾਦਰੀ ਕੀਤੀ ਜਾਂਦੀ ਹੈ ਬਲਕਿ ਸਤਿਗੁਰੂ ਜੀ ਉੱਤੇ ਦੂਸ਼ਣ ਇਹ ਲਾਇਆ ਜਾਂਦਾ ਹੈ ਕਿ ਗੁਰੂ ਪਾਤਸ਼ਾਹ ਕਹਿੰਦੇ ਕੁਝ ਹੋਰ ਤੇ ਕਰਦੇ ਕੁਝ ਹੋਰ ਸਨ।

ਅਟੱਲ ਵਿਸ਼ਵਾਸ਼ ਹੈ ਕਿ ਉਪਰੋਕਤ ਪ੍ਰਬਲ ਅਤੇ ਅਕੱਟ ਪ੍ਰਮਾਣਾਂ ਨੂੰ ਵੀਚਾਰ ਕੇ ਗੁਰਮਤਿ ਅਵਲੰਬੀ ਸਿਦਕਵਾਨ ਰਾਗੀ ਅਤੇ ਪ੍ਰਚਾਰਕ ਵੀਰ ਇਹ ਦ੍ਰਿੜ ਨਿਸ਼ਚਾ ਕਰ ਲੈਣਗੇ ਕਿ ਦੇਹ ਸ਼ਿਵਾ ਵਾਲੇ ਸਵੈਯੇ ਵਿੱਚ ਲਿਖੇ ਸ਼ਿਵਾ ਦਾ ਅਰਥ ਅਕਾਲ ਪੁਰਖ ਬੋਧਕ ਨਹੀਂ ਬਲਕਿ ਸ਼ਿਵ-ਪਤਨੀ ਦੇਵੀ ਹੈ ਜਿਸ ਦੇ ਮਹਾਂਕਾਲੀ, ਸੀਤਲਾ, ਸਿਵਾ ਆਦਿਕ ਹੋਰ ਵੀ ਅਨੇਕਾਂ ਨਾਮ ਹਨ ਅਤੇ ਇਸ ਵਰ ਮੰਗਣ ਵਾਲਾ ਸਾਕਤ ਮਤੀਆ ਅਰਥਾਤ ਮਹਾਂਕਾਲ ਅਤੇ ਕਾਲੀ ਦਾ ਉਪਾਸ਼ਕ ਕਵੀ ਹੈ।

ਅੰਤਿਮ ਬੇਨਤੀ

ਜਿਨ੍ਹਾਂ ਰਾਗੀ ਸੱਜਣਾਂ, ਗ੍ਰੰਥੀਆਂ ਅਤੇ ਪ੍ਰਚਾਰਕਾਂ ਨੂੰ ਹਰ ਸੂਰਤ ਦੇਹ ਸ਼ਿਵਾ ਵਾਲਾ ਗੀਤ ਪੜ੍ਹਣ ਦੀ ਲਾਲਸਾ ਅਥਵਾ ਚਸਕਾ ਪਿਆ ਹੋਇਆ ਹੋਵੇ, ਉਹ ਵੀਰ ਬੇਸ਼ਕ ਸਿਵਾ ਦੇ ਮੰਦਰ (ਦੇਵੀ-ਦੁਆਰਿਆਂ) ਵਿੱਚ ਪੜ੍ਹ ਲੈਣ, ਪਰ ਗੁਰੂ ਗੰ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੜ੍ਹਣਾ ਤੱਤਕਾਲ ਛੱਡ ਦੇਣਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top