Share on Facebook

Main News Page

ਹਿਕਾਇਤਾਂ - 3
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 17

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਹੁਣ ਵੇਖੋ ਤ੍ਰਿਯਾ ਚਰਿਤ੍ਰਾਂ ਵਿੱਚੋਂ 267 ਵਾਂ ਚਰਿਤ੍ਰ ਜਿਸ ਦੇ 22 ਬੰਦ ਹਨ ਅਤੇ ਇੰਨ-ਬਿੰਨ ਉੱਤੇ ਲਿਖੀ ਚੌਥੀ ਹਕਾਇਤ ਦਾ ਹਿੰਦੀ ਭਾਸ਼ਾ ਵਿੱਚ ਰੂਪ ਚਿਤਰਿਆ ਹੈ ਤੇ ਨਾਲ ਹੀ ਉਸ ਰਾਜੇ ਦਾ ਨਾਮ ਵੀ ਰੂਪ ਸੈਨ ਲਿਖਿਆ ਹੋਇਆ ਹੈ।

ਸ਼ੋਕ ਕਿ ਇਹੋ ਜਿਹੇ ਗਾਪੋੜ (ਜਿਨ੍ਹਾਂ ਤੋਂ ਵੱਡੇ ਵੱਡੇ ਗਪੋੜੀ ਵੀ ਨੱਕ ਵੱਟ ਲੈਣ) ਵੀ ਅਰਸ਼ੀ ਪ੍ਰੀਤਮ ਦਸ਼ਮੇਸ਼ ਵਲੋਂ ਔਰੰਗਜ਼ੇਬ ਨੂੰ ਲਿਖ ਭੇਜਣੇ ਦਰਸਾਉਣ ਵਾਲੇ ਵਿਦਵਾਨ ਸੱਜਣ ਜ਼ਫਰਨਾਮੇ ਤੋਂ ਪਿਛਲੀਆਂ ਹਕਾਇਤਾਂ ਅਤੇ ਤ੍ਰਿਯਾ ਚਰਿਤ੍ਰਾਂ ਦਾ ਪਾਜ ਉਘੇੜਨ ਦੀ ਥਾਵੇਂ ਉਲਟੀ ਦਸ਼ਮੇਸ਼ ਬਾਣੀ ਸਿੱਧ ਕਰਨ ਉੱਤੇ ਤੁੱਲੇ ਹੋਏ ਹਨ।

ਜ਼ਫਰਨਾਮੇ ਤੋਂ ਬਿਨਾਂ 11 ਵੀਂ ਅੰਤਲੀ ਹਿਕਾਇਤ ਦੇ 21 ਬੰਦ ਹਨ ਜਿਨ੍ਹਾਂ ਦਾ ਸਿੱਟਾ ਇਹ ਹੈ ਕਿ ਇੱਕ ਖਾਨ ਪਠਾਣ ਦੀ ਔਰਤ ਆਪਣੇ ਯਾਰ ਹਸਨ ਖਾਨ ਨੂੰ ਘਰ ਬੁਲਾ ਕੇ ਵਿਭਚਾਰ ਕਰਦੀ ਹੈ. ਕੋਈ ਆਦਮੀ ਰਹੀਮ ਨੂੰ ਖਬਰ ਦਿੰਦਾ ਹੈ ਉਹ ਗੁੱਸੇ ਭਰਿਆ ਤਲਵਾਰ ਫੜ ਕੇ ਘਰ ਆਉਂਦਾ ਹੈ ਪਠਾਣੀ ਆਪਣੇ ਯਾਰ ਨੂੰ ਵੱਢ ਕੇ ਦੇਗ ਅੰਦਰ ਗੋਸ਼ਤ ਰਿੰਨ੍ਹ ਕੇ ਰਹੀਮ ਖਾਨ ਨੂੰ ਖੁਆ ਕੇ ਖੁਸ਼ ਕਰ ਦਿੰਦੀ ਹੈ,ਉਹ ਖਬਰ ਦੇਣ ਵਾਲੇ ਨੂੰ ਉਲਟਾ ਝੂਠਾ ਸਮਝ ਕੇ ਵੱਢ ਛੱਡਦਾ ਹੈ।

ਕੁਰਬਾਨ ਜਾਈਏ ਇਸ ਸ਼ਇਰ ਤੋਂ ਜੋ ਅੱਖ ਦੇ ਪਲਕਾਰੇ ਵਿੱਚ ਹਸਨ ਖਾਨ ਨੂੰ ਵੱਢ ਕੇ ਉਸ ਦਾ ਖੂਨ ਅਤੇ ਹੱਡੀ ਪਸਲੀ ਜਾਂ ਵਾਲ ਆਦਿਕ ਉਸ ਵੇਲੇ ਕਿਨਾਰੇ ਲਾ ਕੇ ਗੋਸ਼ਤ ਵੀ ਖੁਆ ਦਿੰਦਾ ਹੈ, ਹਾਲਾਂਕਿ ਇਹ ਘਟਣਾ ਸੁਪਨੇ ਵਿੱਚ ਵੀ ਵੇਖੀ ਜਾਵੇ ਤਾਂ ਕੁਝ ਨਾ ਕੁਝ ਵਕਤ ਜਰੂਰ ਲੱਗ ਜਾਂਦਾ ਹੈ।

ਹੁਣ ਵੇਖੋ ਤ੍ਰਿਯਾ ਚਰਿਤ੍ਰ 221 ਜਿਸਦੇ ਕੇਵਲ 7 ਬੰਦ ਹਨ ਪਰ ਹਿੰਦੀ ਭਾਸ਼ਾ ਦੇ ਲਿਬਾਸ ਵਿੱਚ ਪ੍ਰਤੱਖ ਹੀ ਉਪਰਲੀ ਹਿਕਾਇਤ ਦਿੱਸਦੀ ਹੈ।

ਹਾਂ ,ਕੁਝ ਨਾਵਾਂ ਵਿੱਚ ਅਦਲਾ-ਦਬਲੀ ਹੈ ਜਿਵੇਂ ਹਕਾਇਤ ਵਿੱਚ ਪਠਾਣ ਦਾ ਨਾਮ ਰਹੀਮ ਖਾਨ ਲਿਖਿਆ ਹੈ, ਪਰ ਇਥੇ ਸੰਮਨ ਖਾਨ ਹੈ ਅਤੇ ਪਠਾਣੀ ਦਾ ਨਾਮ ਹਿਕਾਇਤ ਵਿੱਚ ਤਾਂ ਹੈ ਈ ਨਹੀਂ ਪਰ ਇਥੇ ਸ੍ਰੀ ਮ੍ਰਿਗਰਾਜਮਤੀ ਲਿਖਿਆ ਹੈ ( ਵਾਹ ਰੇ ਕਵੀ ਜੀ ਮਹਾਰਾਜ) ਘਰ ਵਾਲੇ ਦਾ ਨਾਮ ਸੰਮਨ ਖਾਨ ਪਰ ਘਰਵਾਲੀ ਦਾ ਨਾਮ ਸ੍ਰੀ ਮ੍ਰਿਗਰਾਜਮਤੀ ਮੂੰਹ ਗਊ ਦਾ,ਧੜ ਗਧੇ ਦਾ ਵਾਲੀ ਕਹਾਵਤ ਵਾਂਗੂ ਕਿਹਾ ਢੁਕਵਾਂ ਜੋੜ ਹੈ।ਪਠਾਣੀ ਦੇ ਯਾਰ ਦਾ ਹਿਕਾਇਤ ਵਿੱਚ ਹਸਨ ਖਾਨ ਹੈ ਪਰ ਇਥੇ ਸ਼ਾਦੀ ਖਾਨ ਲਿਖਿਆ ਹੈ।

8 ਵੀਂ ਹਿਕਾਇਤ ਦੇ 47 ਬੰਦ ਹਨ ਪਰ ਕਹਾਣੀ 40 ਬੰਦਾਂ ਉੱਤੇ ਮੁੱਕ ਜਾਂਦੀ ਹੈ,ਬਾਕੀ ਦੇ ਅੰਕ ਅਉਕਵੇਂ ਜਿਹੇ ਹਨ ਭਾਵ ਹਿਕਾਇਤ ਨਾਲ ਮੇਲ ਨਹੀਂ ਖਾਂਦੇ।

ਹਿਕਾਇਤ ਦਾ ਸੰਕੋਚਵਾਂ ਸਾਰ ਇਹ ਹੈ ਕਿ ਬਾਦਸ਼ਾਹ ਆਜ਼ਮਸ਼ਾਹ ਦੀ ਬੇਗਮ ਆਪਣੇ ਯਾਰ ਨੂੰ ਘਰ ਬੁਲਾਉਂਦੀ ਹੈ, ਜਿਸ ਦੇ ਦੋ-ਦੋ ਨੌਜਵਾਨ ਹਾਥੀਆਂ ਵਰਗੀ ਡੀਲ-ਡੌਲ ਵਾਲੇ ਪੁੱਤਰਾਂ ਨੂੰ ਸੁੱਤਿਆਂ ਵੇਖ ਉਹ ਘਬਰਾ ਕੇ ਕਹਿੰਦਾ ਹੈ ਕਿ ਇਨ੍ਹਾਂ ਨੂੰ ਜਾਗ ਆ ਗਈ ਤਾਂ ਮੈਂਨੂੰ ਮਾਰ ਸੁੱਟਣਗੇ, ਇਸ ਲਈ ਇਸਦਾ ਕੋਈ ਬੰਦੋਬਸਤ ਕਰਕੇ ਫਿਰ ਮੈਨੂੰ ਬੁਲਾਈਂ, ਇਹ ਕਹਿ ਕੇ ਵਾਪਸ ਚਲਾ ਜਾਂਦਾ ਹੈ।

ਬੇਗਮ ਦੋਹਾਂ ਪੁੱਤਰਾਂ ਨੂੰ ਸ਼ਰਾਬ ਰਾਹੀਂ ਮਸਤ ਕਰਕੇ ਵੱਢ ਸੁੱਟਣ ਉਪਰੰਤ ਰੋਣ-ਪਿੱਟਣ ਲੱਗ ਜਾਂਦੀ ਹੈ ਲੋਕਾਂ ਦਾ ਇਕੱਠ ਵੇਖ ਕੇ ਇਹ ਦੱਸਦੀ ਹੈ ਕਿ ਇਨ੍ਹਾਂ ਦੋਹਾਂ ਸ਼ਰਾਬ ਪੀ ਕੇ ਬੇਹੋਸ਼ੀ ਵਿੱਚ ਇੱਕ-ਦੂਜੇ ਨੂੰ ਕਤਲ ਕਰ ਦਿੱਤਾ ਹੈ ਫਿਰ ਫਟੇ ਪੁਰਾਣੇ ਕੱਪੜੇ ਪਾ ਕੇ ਫਕੀਰਨੀ ਰੂਪ ਵਿੱਚ ਜੰਗਲ ਚਲੀ ਜਾਂਦੀ ਹੈ ਉਜਾੜ ਵਿੱਚ ਸ਼ਿਵ ਜੀ ਮਹਾਰਾਜ ਦਰਸ਼ਨ ਦੇ ਕੇ ਪੁੱਛਦੇ ਹਨ ਕਿ ਤੂੰ ਹੂਰ ਹੈਂ ਜਾਂ ਪਰੀ ਅਥਵਾ ਆਕਾਸ਼ੋਂ ਉਤਰਿਆ ਚੰਦਰਮਾ ਹੈਂ ਉੱਤਰ ਦਿੰਦੀ ਹੈ ਕਿ ਮੈਂ ਬਿਲਸ਼ਿਤਾਂ ਦੇਸ਼ ਦੇ ਬਾਦਸ਼ਾਹ ਦੀ ਬੇਟੀ ਹਾਂ ਸ਼ਿਵ ਜੀ ਪ੍ਰਸੰਨ ਹੋ ਕੇ ਕਹਿੰਦੇ ਹਨ ਕਿ ਵਰ ਮੰਗ ਵਰ ਇਹ ਮੰਗਦੀ ਹੈ ਕਿ ਮੈਂ ਬੁਢਿਉਂ ਜਵਾਨ ਹੋ ਕੇ ਆਪਣੇ ਯਾਰ ਨੂੰ ਮਿਲ ਪਵਾਂ।

ਵਰ ਦੀ ਪ੍ਰਾਪਤੀ ਉਪਰੰਤ ਯਾਰ ਦੇ ਖੂਹ ਉੱਤੇ ਜਾ ਬੇਠਦੀ ਹੈ ਯਾਰ ਨੂੰ ਆਉਂਦਿਆਂ ਵੇਖ ਬਾਰ੍ਹਾਂ ਸਿੰਗੇ ਦਾ ਰੂਪ ਧਾਰ ਕੇ ਦੌੜਦੀ ਹੈ ਯਾਰ ਵੀ ਉਸਦੇ ਪਿੱਛੇ ਪਿੱਛੇ ਘੋੜਾ ਦੜਾਉਂਦਾ ਹੈ ਬਹੁਤ ਦੂਰ ਜਾ ਕੇ ਖੂਬਸੂਰਤ ਨੌਜਵਾਨ ਬਣ ਜਾਂਦੀ ਹੈ ਅਤੇ ਯਾਰ ਨਾਲ ਚਲੀ ਜਾਂਦੀ ਹੈ।

ਹੁਣ ਉੱਤੇ ਲਿਖੇ ਕੋਰੇ ਦੇ ਕੋਰੇ ਝੂਠ ਨੂੰ ਸੱਚ ਮੰਨਿਆਂ ਜਾਵੇ ਤਾਂ ਇਹ ਵੀ ਮੰਨਣਾ ਪਵੇਗਾ ਕਿ ਬਾਦਸ਼ਾਹ ਦੀ ਬੇਗਮ ਨੇ ਬੁਢਾਪੇ ਵਿੱਚ ਹੁੰਦਿਆਂ ਵੀ ਯਾਰ ਦੀ ਪ੍ਰਸੰਨਤਾ ਲਈ ਆਪਣੇ ਪਾਲੇ-ਪੋਸੇ ਵੱਡੀ ਡੀਲ-ਡੌਲ ਵਾਲੇ ਦੋਹਾਂ ਪੁੱਤਰਾਂ ਨੂੰ ਆਪਣੇ ਹੱਥੀਂ ਕੋਹ ਸੁੱਟਿਆ ਫਿਰ ਹਾਲ ਪਾਹਰਿਆ ਸੁਣ ਕੇ ਆਏ ਲੋਕਾਂ ਵਿੱਚੋਂ ਕਿਸੇ ਨੂੰ ਵੀ ਉਸਦੀ ਕੋਝੀ ਕਰਤੂਤ ਦਾ ਪਤਾ ਨਾ ਲੱਗਾ ਫਿਰ ਉਜਾੜ ਵਿੱਚ ਜਾਂਦੀ ਹੋਈ ਵਿਭਚਾਰਣ ਨੂੰ ਸ਼ਿਵ ਜੀ ਮਹਾਰਾਜ ਦੇ ਦਰਸ਼ਨ ਹੋ ਜਾਣ ਵਾਲੀ ਗੱਪ ਵੀ ਮੰਨਣੀ ਪਵੇਗੀ, ਇਤਨਾ ਹੀ ਨਹੀਂ ਇਹ ਨਿਸਚਾ ਵੀ ਕਰਨਾ ਪਵੇਗਾ ਕਿ ਤ੍ਰਿਕਾਲਿਗ (ਭੂਤ ਭਵਿੱਖ ਵਰਤਮਾਨ ਦੇ ਗਿਆਤਾ ) ਸ਼ਿਵ ਜੀ ਭਗਵਾਨ ਨੂੰ ਵੀ ਉਸ ਦੇ ਘੋਰ ਪਾਪ ਦੀ ਗਿਆਤ ਨਾ ਹੋਈ ਜਿਸ ਲਈ ਉਨ੍ਹਾਂ ਨੇ ਪੁੱਛਿਆ ਕਿ ਤੂੰ ਹੂਰ ਹੈਂ ਜਾਂ ਪਰੀ ਅਥਵਾ

ਇਥੇ ਹੀ ਬੱਸ ਨਹੀਂ, ਇਹ ਪਰਤੀਤ ਵੀ ਕਰਨੀ ਪਵੇਗੀ ਕਿ ਉਸ ਕਾਮਾਗਨੀ ਵਿੱਚ ਸੜੀ-ਭੁੱਜੀ ਵਿਭਚਾਰਣ ਉੱਤੇ ਸ਼ਿਵ ਸੰਕਰ ਇਤਨਾ ਰੀਝੇ ਜੋ ਉੁਸ ਦੀ ਇਛਿਆ ਅਨੁਸਾਰ ਜੋ ਕੁਝ ਬਨਣਾ ਚਾਹੇ, ਉਹ ਰੂਪ ਧਾਰ ਕੇ ਯਾਰ ਨੂੰ ਮਿਲ ਪੈਣ ਦਾ ਵਰ ਦੇਣ ਤੱਕ ਵੀ ਤਿਆਰ ਹੋ ਗਏ ਜਿਸ ਕਰਕੇ ਉਸ ਨੇ ਪਹਿਲਾਂ ਬਾਰ੍ਹਾਂ ਸਿੰਗ੍ਹੇ ਦਾ ਰੂਪ ਧਾਰ ਲਿਆ, ਫਿਰ ਨੌਜਵਾਨ ਕੁੜੀ ਵੀ ਬਣ ਗਈ ਇਤਿਆਦਿਕ ਉਪਰੋਕਤ ਸਾਰੇ ਦੇ ਸਾਰੇ ਗਪੋੜੇ ਸੱਤ-ਸੱਤ ਕਰਕੇ ਮੰਨਣੇ ਪੈਣਗੇ।

ਸੱਚ ਪੁੱਛੋ ਤਾਂ ਇਨ੍ਹਾਂ ਹਿਕਾਇਤਾਂ ਵਿੱਚ ਸ਼ਾਇਰ ਨੇ ਫਾਰਸੀ ਜ਼ਬਾਨ ਵਰਤ ਕੇ ਹੇਠ ਲਿਖੀ ਪ੍ਰਚੱਲਤ ਕਹਾਵਤ ਪ੍ਰਤੱਖ ਕਰਕੇ ਵਿਖਾ ਦਿੱਤੀ ਕਿ-

ਝੂਠ ਬੋਲੋ ਰੱਜ ਰੱਜ ਕੇ, ਫਿਰ ਸੌਂ ਜਾਵੋ ਮੂੰਹ ਕੱਜ ਕੇ।

ਸ਼ੋਕ ਕਿ ਸਾਡੇ ਪੂਜਯ ਅਤੇ ਮੰਨੇ-ਪ੍ਰਮੰਨੇ,ਉੱਚ-ਕੋਟੀ ਦੇ ਪ੍ਰਸਿੱਧ ਵਿਦਵਾਨ, ਮਹੰਤ ਸਾਹਿਬ, ਮਹੰਤ ਕ੍ਰਿਪਾਲ ਸਿੰਘ ਜੀ ਨੇ ਉੱਤੇ ਦਰਸਾਈ ਅਸੰਭਵ ਤੋਂ ਵੀ ਅਸੰਭਵ ਬਲਕਿ ਸੁਪਨੇ ਵਿੱਚ ਵੀ ਨਾ ਵਾਪਰਨ ਵਾਲੀ ਹਿਕਾਇਤ (ਕਹਾਣੀ) ਨੂੰ ਵੀ ਆਪਣੇ ਵਿਦਿਅਕ ਬਲ ਦੇ ਆਸਰੇ ਯਥਾਰਥਤਾ ਦਾ ਰੂਪ ਦੇਣ ਹਿੱਤ ਦਸਮ ਪਿਤਾ ਜੀ ਵਲੋਂ ਦਰਸਾਉਣ ਦਾ ਯਤਨ ਕਰਕੇ ਅਨੋਖਾ ਜਿਹਾ ਸਬੂਤ ਦਿੱਤਾ ਹੈ, ਉਹ ਉਨ੍ਹਾਂ ਦੇ ਉੱਚੀ-ਸੁੱਚੀ ਸ਼ਾਨ ਦੇ ਉੱਕਾ ਹੀ ਪ੍ਰਤੀਕੂਲ ਹੈ।

ਚੱਲਦਾ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top