Share on Facebook

Main News Page

ਹਿਕਾਇਤਾਂ - 2
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 17

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਨਿਰਣਾ

ਮੰਨਿਆਂ ਕਿ ਮੂੰਗੀ ਅਤੇ ਛੋਲੇ ਦਾ ਇੱਕ-ਇੱਕ ਦਾਣਾ ਬੀਜਣ ਤੋਂ 12 ਸਾਲਾਂ ਵਿੱਚ ਸ਼ਾਇਦ ਮਨਾਂ ਮੂੰਹੀ ਫਸਲ ਤਾਂ ਹੋ ਗਈ ਹੋਵੇ, ਪਰ ਉੱਤੇ ਦੱਸੇ ਅਨੁਸਾਰ ਸੋਨੇ-ਚਾਂਦੀ ਨਾਲ ਲੱਦੇ ਹੋਏ ਅਨਗਿਣਤ ਹਾਥੀ-ਘੋੜੇ ਅਤੇ ਮੋਹਰਾ ਆਦਿਕ (ਜਿਨ੍ਹਾਂ ਦਾ ਅੰਦਾਜ਼ਾ ਕੇਵਲ ਕਠਿਨ ਹੀ ਨਹੀਂ ਬਲਕਿ ਅਸੰਭਵ ਹੈ) ਦੱਸਣਾ, “ਰਾਈ ਦਾ ਪਹਾੜ” ਦੱਸਣ ਵਾਂਗੂ ਅਤਿ-ਕਥਨੀ ਬਲਕਿ ਨਿਰੋਲ ਗੱਪ ਨਹੀਂ ਤਾਂ ਹੋਰ ਕੀ ਹੈ ?

ਫਿਰ ਰੱਬ ਜਾਣੇ,ਇਸ ਅਕਲ ਦੇ ਕੋਟ ਸ਼ਾਇਰ ਨੇ ਕਿਸ ਵਿਆਕਰਣ ਦਾ ਆਸਰਾ ਲੈ ਕੇ ਦਲੇ ਹੋਏ ਛੋਲੇ ਭਾਵ ‘ਦਾਲ’ ਸ਼ਬਦ ਤੋਂ ਦਿੱਲੀ ਦੱਸਿਆ ਹੈ।

ਵਿਆਕਰਣ ਸੂਝ ਤਾਂ ਕਿਤੇ ਰਹੀ, ਇਹ ਸ਼ਾਇਰ ਇਤਿਹਾਸਕ ਪੱਖੋਂ ਵੀ ਕੋਰਾ ਹੈ ਜੋ ਕਿ ਰਾਜਾ ਦਲੀਪ ਸਿੰਘ ਨੂੰ ਰਾਜੇ ਮਾਨਧਾਤਾ ਦਾ ਪੁੱਤਰ ਲਿਖ ਰਿਹਾ ਹੈ, ਹਾਲਾਂਕਿ ਮਾਨਧਾਤਾ ਤੋਂ ਕਿਤਨੀਆਂ ਹੀ ਪੁਸ਼ਤਾਂ ਪਿੱਛੋਂ ਰਾਜੇ ਦਲੀਪ ਦਾ ਜਨਮ ਹੋਇਆ ਹੈ। ਵੇਖੋ ਸ੍ਰੀ ਮਦ ਭਾਗਵਤ ਪੁਰਾਣ, ਸਕੰਧ 9 ਵਾਂ ਅਧਿਆਇ 8 ਤੇ 9, ਜਿਸ ਦਾ ਅਤੀ ਸੰਕੋਚਵਾਂ ਬਿਊਰਾ (ਵੇਰਵਾ) ਇਹ ਹੈ ਕਿ ਸੂਰਜਬੰਸੀ ਰਾਜਾ ਮਾਨਧਾਤਾ ਦਾ ਪੁੱਤ੍ਰ ਅੰਮ੍ਰਿਤ, ਅੰਮ੍ਰਿਤ ਦਾ ਪੁੱਤਰ ਹਰੀਤ, ਹਰੀਤ ਦਾ ਪੁੱਤਰ ਤ੍ਰਿਸ਼ੰਕੂ, ਫਿਰ ਰਾਜਾ ਹਰੀ ਚੰਦ, ਹਰੀ ਚੰਦ ਦਾ ਪੁੱਤਰ ਰੋਹਤ, ਰੋਹਤ ਦੀ ਕੁੱਲ ਵਿੱਚ ਰਾਜਾ ਸਗਰ, ਸਗਰ ਦੇ ਲੜਕੇ ਅੰਸਮਾਨ ਦਾ ਪੁੱਤਰ ਰਾਜਾ ਦਲੀਪ ਹੋਇਆ ਜਿਸਦੀ ਸੰਤਾਨ ਵਿੱਚ ਭਗੀਰਥ ਆਦਿਕ…

ਹੁਣ ਸਤਿਕਾਰ ਜੋਗ ਮਹੰਤ ਸਾਹਿਬ ਜੀ ਆਪ ਹੀ ਦੱਸਣ ਕਿ ਇਹੋ ਜਿਹੀ ਹਿਕਾਇਤ (ਕਹਾਣੀ) ਦਸਮ ਪਿਤਾ ਵਲੋਂ ਔਰੰਗਜ਼ੇਬ ਨੂੰ ਲਿਖ ਭੇਜਣੀ ਦੱਸਣ ਵਾਲਾ ਅਭੁੱਲ ਗੁਰਦੇਵ ਜੀ ਦੀ ਉੱਚੀ-ਸੁੱਚੀ ਸ਼ਾਨ ਨੂੰ ਵੱਟਾ ਨਹੀਂ ਲਾ ਰਿਹਾ ਤਾਂ ਹੋਰ ਕੀ ਹੈ।

ਦੂਜੀ ਹਿਕਾਇਤ ਦੇ 139 ਬੰਦ ਹਨ ਜਿਨ੍ਹਾਂ ਦਾ ਸੰਖੇਪਕ ਸਾਰ ਇਹ ਹੈ ਕਿ ਇੱਕ ਉੱਤਰ ਦੇਸ਼ ਦਾ ਰਾਜਾ ਹਰਿਦੁਆਰ ਆ ਕੇ ਕੰਨਿਆਂ ਬਚਿਤ੍ਰਮਤੀ ਦਾ ਸਵਯੰਬਰ ਰਚਦਾ ਹੈ।

ਉਹ ਅਨੇਕਾਂ ਰਾਜਕੁਮਾਰਾਂ ਵਿੱਚੋਂ ਇੱਕ ਸੂਰਮਾ ਸੁਭਟ ਸਿੰਘ ਪਸੰਦ ਕਰਦੀ ਹੈ……..ਸੁਭਟ ਸਿੰਘ ਕਹਿੰਦਾ ਹੈ ਕਿ ਮੇਰੀ ਇੱਕ ਰਾਣੀ ਅੱਗੇ ਹੈ, ਇਸ ਲਈ ਮੈ ਦੂਜਾ ਵਿਆਹ ਨਹੀਂ ਕਰਾਉਂਦਾ…………ਰਾਜੇ ਵਲੋਂ ਇੱਕ ਮੰਨਿਆਂ-ਪ੍ਰਮੰਨਿਆਂ ਕਰਮ-ਕਾਂਡੀ ਬ੍ਰਾਹਮਣ ਜਾ ਕੇ ਸੁਭਟ ਸਿੰਘ ਨੂੰ ਬਚਿਤ੍ਰਮਤੀ ਲਈ ਮਜਬੂਰ ਕਰਦਾ ਹੈ… ਸੁਭਟ ਸਿੰਘ ਕੁਰਾਨ ਅਤੇ ਰਸੂਲ ਦੀ ਕਸਮ ਚੁੱਕ ਕੇ ਕਹਿੰਦਾ ਹੈ ਕਿ ਮੈਂ ਦੂਜਾ ਵਿਆਹ ਨਹੀਂ ਕਰਾਉਣਾ, ਜਿਵੇਂ ਕਿ-

ਕਿ ਈਂ ਰਾ ਮਨ ਹਰਗਿਜ਼ ਨ ਕਰਦਮ ਕਬੂਲ,
ਕਿ ਕਉਲੇ ਕੁਰਾਨਸਤ ਕਸਮੇ ਰਸੂਲ।
(ਬੰਦ 35)

ਬਚਿਤ੍ਰਮਤੀ ਗੁੱਸੇ ਵਿੱਚ ਆ ਕੇ ਕਹਿੰਦੀ ਹੈ ਕਿ ਹੁਣ ਮੈਂ ਉਸ ਨੂੰ ‘ਵਰ੍ਹਾਂਗੀ’ ਜੋ ਮੇਰੇ ਨਾਲ ਜੁੱਧ ਕਰਕੇ ਮੈਨੂੰ ਹਰਾਵੇ…… ਜੰਗ ਛਿੜਦੀ ਹੈ ਜਿਸ ਵਿੱਚ ਬੂੰਦੀ, ਜੋਧਪੁਰ, ਅੰਬੇਰ, ਚੀਨ ਆਦਿਕ ਵੱਡਿਆਂ-ਵੱਡਿਆਂ ਮੁਲਕਾਂ ਦੇ ਅਨੇਕਾਂ ਰਾਜੇ ਇਕੱਲੀ ਬਚਿਤ੍ਰਮਤੀ ਦੇ ਹੱਥੋਂ ਮਾਰੇ ਜਾਂਦੇ ਹਨ। ਸੁਭਟ ਸਿੰਘ ਦੀ ਵਾਰੀ ਆਉਂਦੀ ਹੈ ਜਿਸ ਨੂੰ ਮੱਥੇ ਵਿੱਚ ਤੀਰ ਮਾਰ ਕੇ ਡੇਗਦੀ ਹੈ… ਇੱਕ ਹੋਰ ਤੀਰ ਉਸਦੀ ਸ਼ਾਹਰੱਗ ਵਿੱਚ ਮਾਰ ਕੇ ਬੇਹੋਸ਼ ਕਰ ਦਿੰਦੀ ਹੈ, ਫਿਰ ਉਸਦੀ ਪਹਿਲੀ ਰਾਣੀ ਦਾ ਰੂਪ ਬਣਾ ਕੇ ਪਾਣੀ ਪਿਲਾਉਂਦੀ ਹੋਈ, ਉਸ ਨੂੰ ਹੋਸ਼ ਵਿੱਚ ਲਿਆਉਂਦੀ ਹੈ.. ਸੁਭਟ ਸਿੰਘ ਉਸਨੂੰ ਪਹਿਲੀ ਰਾਣੀ ਸਮਝ ਕੇ ਆਉਣ ਦਾ ਕਾਰਣ ਪੁੱਛਦਾ ਹੈ, ਜਿਸ ਦਾ ਉੱਤਰ ਇਹ ਦਿੰਦੀ ਹੈ ਕਿ ਤੁਸੀਂ ਜਿਉਂਦੇ ਹੋਵੋ ਤਾਂ ਮਲ੍ਹਮ-ਪੱਟੀ ਆਦਿਕ ਦੀ ਸੇਵਾ ਕਰਾਂਗੀ ਨਹੀਂ ਤਾਂ ਤੁਹਾਡੀ ਲਾਸ਼ ਲੈ ਜਾਵਾਂਗੀ… ਸੁਭਟ ਸਿੰਘ ਪ੍ਰਸੰਨ ਹੋ ਕੇ ਕਹਿੰਦਾ ਹੈ ਕਿ ਕੁਝ ਮੰਗ … ਉੱਤਰ ਦਿੰਦੀ ਹੈ ਕਿ ਤੁਸੀਂ ਮਰ ਕੇ ਨਵੇਂ ਸਿਰ ਜਨਮ ਲਿਆ ਹੈ, ਇਸ ਲਈ ਤੁਸੀਂ ਮੇਰੇ ਨਾਲ ਨਵੇਂ ਸਿਰਿਓਂ ਲਾਵਾਂ ਲੈ ਲਵੋ। ਫਿਰ ਅਗਨੀ ਪ੍ਰਚੰਡ ਕਰਕੇ ਚਾਰ ਫੇਰੇ ਲੈਣ ਉਪਰੰਤ (ਹਿੰਦੂ ਧਰਮ ‘ਚ 7 ਹੁੰਦੇ ਨੇ) ਰਥ ਵਿੱਚ ਬਿਠਾ ਕੇ ਆਪਣੇ ਡੇਰੇ ਲਿਆਂਉਂਦੀ ਹੈ। ਸੁਭਟ ਸਿੰਘ ਚੰਗੀ ਹੋਸ਼ ਆ ਜਾਣ ਤੇ ਪੁੱਛਦਾ ਹੈ ਕਿ ਹੁਣ ਮੈਂ ਕਿੱਥੇ ਹਾਂ ਅਤੇ ਤੂੰ ਕੌਣ ਹੈ, ਜਿਸਦਾ ਉੱਤਰ ਇਹ ਦਿੰਦੀ ਹੈ ਕਿ ਮੈਂ ਬਚਿਤ੍ਰਮਤੀ ਹਾਂ ਜਿਸਨੇ ਤੁਸਾਨੂੰ ਜੰਗ ਵਿੱਚ ਬੇਹੋਸ਼ ਕਰਨ ਉਪਰੰਤ ਤੁਸਾਡੇ ਨਾਲ ਫੇਰੇ ਲੈ ਕੇ ਵਿਆਹ ਕਰਾ ਲਿਆ ਹੈ…………… ਇਸ ਤੋਂ ਅੱਗੇ ਜੋ ਅਸ਼ਲੀਲਕ ਵਰਨਣ ਹੈ,ਉਹ ਲਿਖਣ ਤੋਂ ਲੇਖਣੀ ਕੰਬਦੀ ਹੈ…

ਪਾਠਕ ਆਪ ਵੇਖ ਸਕਦੇ ਹਨ।

ਨੋਟ- ਇਸ ਹਿਕਾਇਤ ਅਤੇ 52 ਵੇਂ ਤ੍ਰਿਯਾ ਚਰਿਤ੍ਰ ਵਿੱਚ ਕੋਈ ਭਿੰਨ-ਭੇਦ ਨਹੀਂ, ਕੇਵਲ ਹਿੰਦੀ ਭਾਸ਼ਾ ਅਤੇ ਫਾਰਸੀ ਜ਼ਬਾਨ ਦਾ ਅੰਤਰ ਹੈ। ਤ੍ਰਿਯਾ ਚਰਿਤ੍ਰ ਵਿੱਚ ਬਚਿਤ੍ਰਮਤੀ ਦੇ ਪਿਤਾ ਦਾ ਨਾਮ ਬਿਜੈ ਸਿੰਘ ਹੈ ਅਤੇ ਉਸਨੂੰ ਸੂਰਜਬੰਸੀ ਲਿਖਿਆ ਹੈ ਪਰ ਕੁਰਾਨ ਆਦਿਕ ਦੀ ਉਥੇ ਸੌਗੰਧ ਨਹੀਂ ਲਿਖੀ। ਕਦੇ ਇਸ ਹਿਕਾਇਤ ਦੇ ਸ਼ਾਇਰ ਤੋਂ ਪੁੱਛਿਆ ਜਾਵੇ ਕਿ ਹਿੰਦੂ ਧਰਮ ਦੇ ਇੱਕ ਮੰਨੇ-ਪ੍ਰਮੰਨੇ ਮਹਾਨ ਤੀਰਥ ਹਰਿਦੁਆਰ ਉੱਤੇ ਇੱਕ ਸੂਰਜਬੰਸੀ ਹਿੰਦੂ ਰਾਜੇ ਵਲੋਂ ਸੁਅੰਬਰ ਹੈ ਅਤੇ ਇੱਕ ਕਰਮਕਾਂਡੀ ਬ੍ਰਾਹਮਣ ਵਿਚੋਲਗੀ ਕਰ ਰਿਹਾ ਹੈ, ਪਰ ਇੱਕ ਹਿੰਦੂ ਸੁਭਟ ਸਿੰਘ ਕੁਰਾਨ ਸ਼ਰੀਫ ਅਤੇ ਹਜ਼ਰਤ ਮੁਹੰਮਦ ਸਾਹਿਬ ਦੀ ਕਸਮ ਚੁੱਕਦਾ ਹੈ ਤਾਂ ਕੀ ਉੱਤਰ ਦੇਵੇਗਾ।(ਕੀ ਸੂਰਜਬੰਸੀ ਰਾਜਿਆਂ ਦਰ ਸਮੇਂ ਇਸਲਾਮ ਧਰਮ ਸੀ ਹੋਂਦ ‘ਚ ਸੀ ?)

ਮੁੱਕਦੀ ਗੱਲ ਇਹ ਕਿ ਇਹ ਹਿਕਾਇਤ ਜੋ ਤ੍ਰਿਯਾ ਚਰਿਤ੍ਰਾਂ ਵਿੱਚੋਂ 52 ਵੇਂ ਚਰਿਤ੍ਰ ਦਾ ਦੂਜਾ ਰੂਪ ਹੈ ਨਿਰਾ ਕੁਫਰ ਤੋਲਿਆ ਹੋਇਆ ਹੈ, ਉਸ ਦਸਵੇਂ ਗੁਰਦੇਵ ਵਲੋਂ ਔਰੰਗਜ਼ੇਬ ਨੂੰ ਚਿੱਠੀ ਲਿਖ ਭੇਜਣੀ ਸਿੱਧ ਕਰਨ ਵਾਲਾ ਜਾਣ-ਬੁੱਝ ਕੇ ਗੁਰਸਿੱਖਾਂ ਨੂੰ ਧੋਖਾ ਨਹੀਂ ਦੇ ਰਿਹਾ ਤਾਂ ਹੋਰ ਕੀ ਹੈ।

ਹਿਕਾਇਤ ਚੌਥੀ ਦੇ ਕੁੱਲ 51 ਬੰਦ ਹਨ ਜਿਨ੍ਹਾਂ ਦਾ ਨਿਚੋੜ ਇਹ ਹੈ ਕਿ ਇੱਕ ਕਾਜ਼ੀ ਦੀ ਔਰਤ ਇੱਕ ਰਾਜੇ ਉੱਤੇ ਮੋਹਿਤ ਹੋ ਕੇ ਆਪਣੀ ਮਲੀਨ ਵਾਸ਼ਣਾ ਪ੍ਰਗਟ ਕਰਦੀ ਹੈ… ਰਾਜਾ ਕਹਿੰਦਾ ਹੈ ਕਿ ਤੂੰ ਪਹਿਲਾਂ ਆਪਣੇ ਘਰਵਾਲੇ ਦਾ ਸਿਰ ਵੱਢ ਕੇ ਲਿਆਵੇਂ ਤਾਂ ਮੈਂ ਤੈਨੂੰ ਆਪਣੇ ਘਰ ਰੱਖ ਲਵਾਂਗਾ……… ਤੁਰਕਨੀ ਘਰ ਆ ਕੇ ਸੁੱਤੇ ਪਏ ਕਾਜ਼ੀ ਦਾ ਸਿਰ ਵੱਢ ਕੇ ਲਹੂ ਲਿਬੜਿਆ ਸਿਰ ਰਾਜੇ ਨੂੰ ਲਿਆ ਕੇ ਵਿਖਾਉਂਦੀ ਹੈ.. ਰਾਜਾ ਸਿਰ ਵੇਖ ਕੇ ਡਰਦਾ ਹੋਇਆ ਕਹਿੰਦਾ ਹੈ ਕਿ ਤੂੰ ਆਪਣੇ ਖਸਮ ਨੂੰ ਵੱਢ ਛੱਡਿਆ ਹੈ, ਰੱਬ ਜਾਣੇ ਕਿ ਤੂੰ ਮੇਰੇ ਨਾਲ ਕੀ ਕੁਝ ਕਰੇਂਗੀ, ਇਸ ਲਈ ਇਥੋਂ ਚਲੀ ਜਾ।

ਤੁਰਕਨੀ ਗੁੱਸੇ ਨਾਲ ਭਰੀ ਹੋਈ ਰਾਜੇ ਦੀ ਅੱਖੋਂ ਬਚਾ ਕੇ ਵੱਢਿਆ ਹੋਇਆ ਸਿਰ ਉਥੇ ਹੀ ਰੱਖ ਦਿੰਦੀ ਹੈ ਤੇ ਘਰ ਆ ਕੇ ਰੋਣ ਪਿੱਟਣ ਲੱਗ ਜਾਂਦੀ ਹੈ… ਲੋਕਾਂ ਦਾ ਇਕੱਠ ਹੋ ਜਾਣ ਤੇ ਕਹਿੰਦੀ ਹੈ ਕਿ ਕੋਈ ਜ਼ਾਲਮ ਕਾਜ਼ੀ ਸਾਹਿਬ ਦਾ ਸਿਰ ਵੱਢ ਕੇ ਲੈ ਗਿਆ ਹੈ… ਫਿਰ ਵੱਢੇ ਹੋਏ ਸਿਰ ਵਿੱਚੋਂ ਡੁੱਲ੍ਹਦੇ ਲਹੂ ਦੇ ਨਿਸ਼ਾਨਾਂ ਉੱਤੇ ਲੋਕਾਂ ਨੂੰ ਲਿਜਾ ਕੇ ਸਿਰ ਵਿਖਾਂਉਂਦੀ ਹੈ …… ਲੋਕ ਵੱਢੇ ਹੋਏ ਸਿਰ ਸਮੇਤ ਰਾਜੇ ਨੂੰ ਜਹਾਂਗੀਰ ਦੇ ਪੇਸ਼ ਕਰਦੇ ਹਨ… ਜਹਾਂਗੀਰ ਰਾਜੇ ਨੂੰ ਤੁਰਕਨੀ ਦੇ ਹਵਾਲੇ ਕਰ ਦਿੰਦਾ ਹੈ। ਤੁਰਕਨੀ ਉਸ ਨੂੰ ਜਲਾਦਾਂ ਦੇ ਹਵਾਲੇ ਕਰਨ ਲੱਗਦੀ ਹੈ ਤਾਂ ਰਾਜੇ ਵਲੋਂ ਅੱਖ ਦੇ ਇਸ਼ਾਰੇ ਰਾਹੀਂ ਤੁਰਕਨੀ ਦੀ ਰਜ਼ਾਮੰਦੀ ਮੰਨ ਜਾਣ ਉੱਤੇ ਉਸਦੀ ਜਾਨ ਬਖਸ਼ੀ ਕਰਕੇ ਮੱਕੇ ਵੱਲ ਨੂੰ ਤੁਰ ਪੈਂਦੀ ਹੈ… ਕੁੱਝ ਦੂਰ ਜਾ ਕੇ ਲੋਕਾਂ ਵਲੋਂ ਅੱਖ ਬਚਾਉਂਦੀ ਹੋਈ ਰਾਜੇ ਕੋਲ ਆ ਜਾਂਦੀ ਹੈ।

ਚੱਲਦਾ …


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top