Share on Facebook

Main News Page

"ਚਰਿਤ੍ਰੋਪਾਖਿਆਨ" ਦੇ ਚਰਿਤ੍ਰ 71 ਦਾ ਪਾਠ ਅਤੇ ਵਿਆਖਿਆ
-: ਗੁਰਮੀਤ ਸਿੰਘ (ਸਿਡਨੀ)

ਸਮੁੱਚੇ ਸਿੱਖ ਜਗਤ ਨੂੰ ਇਹ ਪੂਰੀ ਜਾਣਕਾਰੀ ਹੈ ਕਿ ਗੁਰੂ ਨਾਨਕ ਸਾਹਿਬ (੧੪੬੯-੧੫੩੯) ਦੇ ਸਮੇਂ ਤੋਂ ਹੀ ਸਾਰੇ ਸਿੱਖ ਆਪਣੇ ਆਪਣੇ ਕੇਸਾਂ ਅਤੇ ਪੱਗ/ਪੱਗੜੀ/ਦਸਤਾਰ ਦੀ ਸੰਭਾਲ ਕਰਦੇ ਆ ਰਹੇ ਹਨ ਅਤੇ ਇਸ ਦੁਆਰਾ ਸਿੱਖਾਂ ਦੀ ਨਿਵੇਕਲੀ ਪਹਿਚਾਨ ਬਣੀ ਹੋਈ ਹੈ। ਇਸ ਪ੍ਰਥਾਏ ਸਿੱਖਾਂ ਦੇ ਧਰਮ ਗਰੰਥ: “ਗੁਰੂ ਗਰੰਥ ਸਾਹਿਬ” ਵਿੱਚ ਉਪਦੇਸ਼ ਭੀ ਅੰਕਿਤ ਹਨ।

ਪੰਜਾਬ-ਇੰਡੀਆ ਤੋਂ ਬਾਹਰ ਰਹਿੰਦੇ ਸਿੱਖਾਂ ਨੂੰ ਕਈ ਵਾਰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਪਰ ਹੌਲੀ ਹੌਲੀ ਬਾਹਰਲੇ ਦੇਸ਼ਾਂ ਦੇ ਲੋਗ ਸਮਝਣ ਲਗ ਪਏ ਹਨ ਕਿ ਸਿੱਖਾਂ ਲਈ “ਦਸਤਾਰ” ਬਹੁਤ ਜ਼ਰੂਰੀ ਹੈ। ਜੇ ਕੋਈ ਇਨਸਾਨ ਸਿੱਖਾਂ ਦੀ ਦਸਤਾਰ ਬਾਰੇ ਮਜ਼ਾਕ ਉਡਾਉਂਦਾ ਜਾਂ ਉਤਾਰਨ ਲਈ ਮਜ਼ਬੂਰ ਕਰਦਾ ਹੈ, ਤਾਂ ਸਿੱਖ ਆਪਣੀ ਆਪਣੀ ਸਰਕਾਰ ਦੁਆਰਾ ਐਸੀ ਔਕੜ ਨੂੰ ਦੂਰ ਕਰਨ ਦੇ ਓਪਰਾਲੇ ਕਰਦੇ ਰਹਿੰਦੇ ਹਨ, ਜਿਵੇਂ ਇੰਗਲੈਂਡ, ਕੈਨੇਡਾ, ਅਮਰੀਕਾ, ਅਸਟ੍ਰੇਲੀਆ, ਫਰਾਂਸ, ਆਦਿਕ। ਪਰ ਫਿਰ ਭੀ ਇਹ ਪਤਾ ਨਹੀਂ ਲਗ ਰਿਹਾ ਕਿ ਸਿੱਖਾਂ ਨੇ ਇਸ ਚਰਿਤ੍ਰ ਨੰਬਰ ੭੧, ਜਿਹੜਾ ਕਿ ਅਖੌਤੀ ਦਸਮ ਗ੍ਰੰਥ ਵਿੱਚ ਅੰਕਿਤ ਕੀਤਾ ਹੋਇਆ ਹੈ, ਕਿਉਂ ਨਹੀਂ ਆਵਾਜ਼ ਉਠਾਈ? ਆਓ ਇਸ ਬਾਰੇ ਜਾਣਕਾਰੀ ਹਾਸਲ ਕਰੀਏ:

{ਹਵਾਲਾ: ਸ੍ਰੀ ਦਸਮ-ਗ੍ਰੰਥ ਸਾਹਿਬ: ਪਾਠ-ਸੰਪਾਦਨ ਅਤੇ ਵਿਆਖਿਆ, ਭਾਗ ਚੌਥਾ; ਡਾ. ਰਤਨ ਸਿੰਘ ਜੱਗੀ + ਡਾ. ਗੁਰਸ਼ਰਨ ਕੌਰ ਜੱਗੀ; (੧੯੯੯); ਗੋਬਿੰਦ ਸਦਨ: ਗਦਾਈਪੁਰ, ਮਹਿਰੌਲੀ, ਨਵੀਂ ਦਿਲੀ-੧੧੦੦੩੦}

ਦੋਹਰਾ
ਨਗਰ ਪਾਵਟਾ ਬਹੁ ਬਸੈ ਸਾਰਮੌਰ ਕੇ ਦੇਸ। ਜਮੁਨਾ ਨਦੀ ਨਿਕਟਿ ਬਹੈ ਜਨੁਕ ਪੁਰੀ ਅਲਿਕੇਸ। ੧। ਨਦੀ ਜਮੁਨ ਕੇ ਤੀਰ ਮੈ ਤੀਰਥ ਮੁਚਨ ਕਪਾਲ। ਨਗਰ ਪਾਵਟਾ ਛੋਰਿ ਹਮ ਆਏ ਤਹਾ ਉਤਾਲ। ੨।
ਅਰਥ: ਸਿਰਮੌਰ ਦੇਸ਼ (ਰਿਆਸਤ) ਵਿੱਚ (ਇਕ) ਪਾਉਂਟਾ (ਨਾਂ ਦੀ) ਨਗਰੀ ਚੰਗੀ ਤਰ੍ਹਾਂ ਵਸਦੀ ਹੈ। (ਉਸ ਦੇ) ਨੇੜੇ ਜਮਨਾ ਨਦੀ ਵਗਦੀ ਹੈ, ਮਾਨੋ ਉਹ ਕੁਬੇਰ ਦੀ ਨਗਰੀ ਹੋਵੇ। ੧। ਉਸ ਨਦੀ ਦੇ ਕੰਢੇ ਕਪਾਲਿ ਮੋਚਨ ਦਾ ਤੀਰਥ ਵੀ ਸੀ। ਅਸੀਂ ਪਾਉਂਟਾ ਨਗਰ ਨੂੰ ਛੱਡ ਕੇ ਜਲਦੀ ਨਾਲ ਉਸ ਥਾਂ ਉਤੇ ਆ ਗਏ। ੨।

ਚੌਪਈ
ਖਿਲਤ ਅਖੇਟਕ ਸੂਕਰ ਮਾਰੈ। ਬਹੁਤੇ ਮ੍ਰਿਗ ਔਰੈ ਹਨਿ ਡਾਰੇ ਪੁਨਿ ਤਿਹ ਠਾ ਕੌ ਹਮ ਮਗੁ ਲੀਨੌ। ਵਾ ਤੀਰਥ ਕੇ ਦਰਸਨ ਕੀਨੌ॥ ੩॥
ਅਰਥ: (ਰਸਤੇ ਵਿਚ) ਸ਼ਿਕਾਰ ਖੇਡਦਿਆਂ ਸੂਰਾਂ ਨੂੰ ਮਾਰਿਆ ਅਤੇ ਬਹੁਤ ਸਾਰੇ ਹਿਰਨ ਵੀ ਮਾਰ ਦਿੱਤੇ। ਫਿਰ ਅਸੀਂ ਉਸ ਸਥਾਨ ਦਾ ਰਾਹ ਫੜਿਆ ਅਤੇ (ਜਾ ਕੇ) ਉਸ ਤੀਰਥ ਦੇ ਦਰਸ਼ਨ ਕੀਤੇ। ੩।

ਦੋਹਰਾ
ਤਹਾ ਹਮਾਰੇ ਸਿਖ੍ਹਯ ਸਭ ਅਮਿਤ ਪਹੂੰਚੇ ਆਇ। ਤਿਨੈ ਦੈਨ ਕੋ ਚਾਹਿਯੈ ਜੋਰਿ ਭਲੋ ਸਿਰਪਾਇ। ੪। ਨਗਰ ਪਾਵਟੇ ਬੂਰਿਯੈ ਪਠਏ ਲੋਕ ਬੁਲਾਇ। ਏਕ ਪਾਗ ਪਾਈ ਨਹੀ ਨਿਹਫਲ ਪਹੁਚੇ ਆਇ। ੫।
ਅਰਥ: ਉਥੇ ਸਾਡੇ ਬਹੁਤ ਸਾਰੇ ਸਿਖ ਆ ਪਹੁੰਚੇ। ਉਨ੍ਹਾਂ ਨੂੰ ਦੇਣ ਲਈ (ਸਾਨੂੰ) ਬਹੁਤ ਸਾਰੇ ਸਿਰੋਪਿਆਂ ਦੀ ਲੋੜ ਸੀ। ੪। ਅਸਾਂ ਆਪਣੇ ਲੋਕ ਬੁਲਾ ਕੇ ਪਾਉਂਟਾ ਅਤੇ ਬੂੜੀਆ ਨਗਰਾਂ ਵਲ ਭੇਜੇ, (ਪਰ ਉਥੋਂ) ਇੱਕ ਪਗ ਵੀ ਨ ਮਿਲੀ, ਉਹ ਅਸਫਲ ਪਰਤ ਆਏ। ੫।

ਚੌਪਈ
ਮੋਲਹਿ ਏਕ ਪਾਗ ਨਹਿ ਪਾਈ। ਤਬ ਮਸਲਤਿ ਹਮ ਜਿਯਹਿ ਬਨਾਈ ਜਾਹਿ ਇਹਾ ਮੂਤਤਿ ਲਖਿ ਪਾਵੇ ਤਾ ਕੀ ਛੀਨ ਪਗਰਿਯਾ ਲ੍ਹਯਾਵੋ। ੬। ਜਬ ਪਯਾਦਨ ਐਸੇ ਸੁਨਿ ਪਾਯੋ ਤਿਹੀ ਭਾਤਿ ਮਿਲਿ ਸਭਨ ਕਮਾਯੋ ਜੋ ਮਨਮੁਖ ਤੀਰਥ ਤਿਹ ਆਯੋ। ਪਾਗ ਬਿਨਾ ਕਰਿ ਤਾਹਿ ਪਠਾਯੋ। ੭।
ਅਰਥ: ਮੁਲ (ਖਰਚਣ) ਤੇ ਇੱਕ ਪਗੜੀ ਵੀ ਨ ਮਿਲੀ। ਤਦ ਅਸੀਂ ਮਨ ਵਿੱਚ ਇੱਕ ਸਲਾਹ ਕੀਤੀ ਕਿ ਇਥੇ ਜੋ ਕੋਈ ਮੂਤਦਾ ਨਜ਼ਰ ਆਵੇ, ਉਸ ਦੀ ਪਗੜੀ ਖੋਹ ਲਿਆਓ। ੬। ਜਦ ਪਿਆਦਿਆਂ (ਸਿਪਾਹੀਆਂ) ਨੇ ਇਸ ਤਰ੍ਹਾਂ ਸੁਣਿਆ ਤਾਂ ਸਭ ਨੇ ਮਿਲ ਕੇ ਉਸੇ ਤਰ੍ਹਾਂ ਕੀਤਾ। ਜੋ ਮਨਮੁਖ ਉਸ ਤੀਰਥ ਉਤੇ ਆਇਆ, ਉਸ ਨੂੰ ਪਗ ਤੋਂ ਵਾਂਝਿਆ ਕਰ ਕੇ ਪਰਤਾਇਆ। ੭।

ਦੋਹਰਾ
ਰਾਤਿ ਬੀਚ ਕਰਿ ਆਠ ਸੈ ਪਗਰੀ ਲਈ ਉਤਾਰਿ। ਆਨਿ ਤਿਨੈ ਹਮ ਦੀਹ ਮੈ ਧੋਵਨਿ ਦਈ ਸੁਧਾਰਿ ੮।
ਅਰਥ: (ਇਸ ਤਰ੍ਹਾਂ) ਰਾਤ ਵਿੱਚ ਹੀ ਅੱਠ ਸੌ ਪਗੜੀਆਂ ਉਤਾਰ ਲਈਆਂ। ਉਹ ਲਿਆ ਕੇ ਮੈਨੂੰ ਦਿੱਤੀਆਂ ਅਤੇ ਮੈਂ (ਉਨ੍ਹਾਂ ਨੂੰ) ਧੋ ਕੇ ਸਾਫ਼ ਕਰਵਾ ਦਿੱਤਾ। ੮।

ਚੌਪਈ
ਪ੍ਰਾਤ ਲੇਤ ਸਭ ਧੋਇ ਮਗਾਈ ਸਬ ਹੀ ਸਿਖ੍ਹਯਨ ਕੋ ਬੰਧਵਾਈ ਬਚੀ ਸੁ ਬੇਚਿ ਤੁਰਤ ਤਹ ਲਈ ਬਾਕੀ ਬਚੀ ਸਿਪਾਹਿਨ ਦਈ। ੯।
ਅਰਥ: ਉਨ੍ਹਾਂ ਨੂੰ ਧੁਆ ਕੇ ਸਵੇਰ ਵੇਲੇ ਮੰਗਵਾ ਲਿਆ ਅਤੇ ਸਾਰੇ ਹੀ ਸਿੱਖਾਂ ਨੂੰ ਬੰਨ੍ਹਵਾ ਦਿੱਤੀਆਂ। ਜੋ ਬਚੀਆਂ ਉਨ੍ਹਾਂ ਨੂੰ ਤੁਰਤ ਵੇਚ ਦਿੱਤਾ ਅਤੇ (ਜੋ ਹੋਰ) ਬਾਕੀ ਬਚੀਆਂ ਉਹ ਸਿਪਾਹੀਆ ਨੂੰ ਦੇ ਦਿੱਤੀਆਂ। ੯।

ਦੋਹਰਾ
ਬਟਿ ਕੈ ਪਗਰੀ ਨਗਰ ਕੋ ਜਾਤਿ ਭਏ ਸੁਖ ਪਾਇ ਭੇਦ ਮੂਰਖਨ ਨ ਲਹਿਯੋ ਕਹਾ ਗਯੋ ਕਰਿ ਰਾਇ। ੧੦। ੧। ਇਤਿ ਸ੍ਰੀ ਚਰਿਤ੍ਰ ਪਖ੍ਹਯਾਨੋ ਪੁਰਖ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਇਕਹਤਰੌ ਚਰਿਤ੍ਰ ਸਮਾਪਤਮ ਸਭੁ ਸੁਭਮ ਸਤੁ। ੭੧। ੧੨੫੮। ਅਫਜੂੰ।
ਅਰਥ: ਪਗੜੀਆਂ ਵੇਚ ਕੇ ਸੁਖ ਪੂਰਵਕ ਘਰ ਨੂੰ ਚਲੇ ਗਏ। ਕਿਸੇ ਮੂਰਖ ਨੇ ਭੇਦ ਨ ਸਮਝਿਆ ਕਿ ਰਾਜਾ ਕੀ ਕਰ ਕੇ ਗਿਆ ਹੈ। ੧੦।

ਇਥੇ ਸ੍ਰੀ ਚਰਿਤ੍ਰੋਪਾਖਿਆਨ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੭੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ। ੭੧। ੧੨੫੮। ਚਲਦਾ।

ਇਸ ਗੁੰਝਲ ਨੂੰ ਤਾਂ ਕੋਈ ਸਿਆਣਾ ਸਿੱਖ ਧਰਮ ਦਾ ਪ੍ਰਬੰਧਕ, ਰਖਵਾਲਾ, ਪੁਜਾਰੀ ਜਾਂ ਪ੍ਰਚਾਰਕ ਹੀ ਸੁਲਝਾਅ ਸਕਦਾ ਹੈ, ਕਿ ਇਹ ਕਿਸ ਰਾਜੇ ਦਾ ਵਰਣਨ ਕੀਤਾ ਹੋਇਆ ਹੈ? ਕੀ ਇਸ ਤਰ੍ਹਾਂ ਕਿਸੇ ਇਨਸਾਨ ਦੀ ਪਗੜੀ ਉਤਾਰੀ ਜਾ ਸਕਦੀ ਹੈ? ਜੇਹੜੇ ਐਨੇ ਸਿੱਖ ਆ ਗਏ ਸਨ, ਕੀ ਉਹ ਪਹਿਲਾਂ ਨੰਗੇ ਸਿਰ ਆਏ ਸਨ, ਜਾਂ ਕੀ ਉਨ੍ਹਾਂ ਸਾਰਿਆਂ ਨੂੰ ਪਗੜੀਆਂ ਦੇ ਸਿਰੋਪੇ ਦੇਣਾ ਐਨਾ ਜ਼ਰੂਰੀ ਸੀ? ਕੀ ਉਹ ਸਾਰੀਆਂ ਪਗੜੀਆਂ ਇੱਕ ਰੰਗ ਭਾਵ ਨੀਲੀਆਂ ਜਾਂ ਭਗਵੇ ਰੰਗ ਦੀਆਂ ਸਨ ਜਾਂ ਭਾਂਤ ਭਾਂਤ ਦੇ ਰੰਗਾਂ ਦੀਆਂ ਸਨ? ਕੀ ਅਖੌਤੀ ਦਸਮ-ਗ੍ਰੰਥ ਦੇ ਸ਼ਰਧਾਲੂਆਂ ਨੇ ਇਹ ਚਰਿਤ੍ਰ ਜਾਂ ਐਸੇ ਹੋਰ ਚਰਿਤ੍ਰ ਕਦੇ ਨਹੀਂ ਪੜ੍ਹੇ? ਜੇ ਉਹ ਪੜ੍ਹਦੇ/ਵਿਚਾਰਦੇ ਹਨ, ਤਾਂ ਉਹ ਗੁਰਮਤਿ ਦੇ ਕਿਹੜੇ ਸਿਧਾਂਤ ਦੀ ਪ੍ਰੋੜਤਾ ਕਰਦੇ ਹਨ?

ਸ਼ਾਇਦ, ਐਸੇ ਚਰਿਤ੍ਰ ਨੂੰ ਪੜ੍ਹ ਕੇ ਅਜ-ਕਲ ਜਨ੍ਹੇ-ਖਨ੍ਹੇ ਨੂੰ ਸਿਰੋਪਾ ਦੇਣ ਦਾ ਰਿਵਾਜ਼ ਚਲ ਪਿਆ ਹੈ! ਹੁਣ ਤਾਂ ਪੰਜਾਬ ਵਿਖੇ ਸਿੱਖਾਂ ਦੀਆਂ ਦਸਤਾਰਾਂ ਸਿਪਾਹੀਆਂ ਵਲੋਂ ਆਮ ਉਤਾਰੀਆਂ ਜਾਂਦੀਆਂ ਹਨ, ਪਰ ਇੰਡੀਆ ਦਾ ਸਿੱਖ ਪ੍ਰਧਾਨ ਮੰਤ੍ਰੀ ਅਤੇ ਪੰਜਾਬ ਦਾ ਸਿੱਖ ਚੀਫ ਮਨਿਸਟਰ, ਸਿੱਖਾਂ ਦੀ ਕੋਈ ਸਹਾਇਤਾ ਕਰਨ ਦੇ ਅਸਮਰਥ ਹਨ ਅਤੇ ਨਾ ਹੀ ਸਿੱਖਾਂ ਦੀ ਕੋਈ ਸੁਣਾਈ ਹੈ! ਇੰਡੀਆ ਦੀ ਆਜ਼ਾਦੀ ਤੋਂ ਪਹਿਲਾਂ ਇੱਕ ਗਾਣਾ ਸੁਣਿਆ ਕਰਦੇ ਸੀ: “ਪਗੜੀ ਸੰਭਾਲ ਓਹ, ਜੱਟਾ!” ਪਰ, ਹੁਣ ਸਾਨੂੰ ਕਹਿਣਾ ਚਾਹੀਦਾ ਹੈ: “ਪਗੜੀ ਸੰਭਾਲ ਓਹ, ਸਿੱਖਾ!

ਭੁੱਲ-ਚੁੱਕ ਲਈ ਖ਼ਿਮਾ,
ਗੁਰਮੀਤ ਸਿੰਘ (ਸਿਡਨੀ, ਆਸਟ੍ਰੇਲੀਆ), ੧੭ ਫਰਵਰੀ ੨੦੧੩


ਦੁਮਾਲਿਆਂ ਹੇਠ ਜੰਗ ਖਾਦੀਆਂ ਖੋਪੜੀਆਂ ਨੂੰ ਹਵਾ ਲਵਾਓ, ਫਿਰ ਸੋਚੋ... ਕੀ ਇਹ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੋ ਸਕਦੀ ਹੈ?  ਜੇ ਇਹ ਗੁਰੂ ਸਾਹਿਬ ਦੀ ਕਿਰਤ ਹੈ ਤਾਂ ਐਨੀਂ ਹਾਏ ਤੌਬਾ ਕਿਉਂ? ਅਸੀਂ ਤਾਂ ਦਸਮ ਗ੍ਰੰਥੀਆਂ ਦੇ ਗੁਰੂ ਰਾਮ ਸ਼ਿਆਮ ਦੀ ਹੀ ਬਾਣੀ ਲੋਕਾਂ ਨੂੰ ਸਰਵਣ ਕਰਵਾ ਰਹੇ ਹਾਂ!!! ਅਸੀਂ ਗੁਰੂ ਸਾਹਿਬ ਦੇ ਨਾਮ 'ਤੇ ਲਾਏ ਜਾ ਰਹੇ ਇਸ ਜ਼ਿੱਲਤ ਭਰਪੂਰ ਦਾਗ਼ ਨੂੰ ਬਰਦਾਸ਼ਤ ਨਹੀਂ ਕਰ ਸਕਦੇ।... ਸੰਪਾਦਕ ਖ਼ਾਲਸਾ ਨਿਊਜ਼

ਇਸ "ਅਖੌਤੀ ਦਸਮ ਗ੍ਰੰਥ" ਦੇ ਆਸ਼ਕਾਂ ਨੂੰ ਬੇਨਤੀ ਹੈ ਕਿ ਜੇ ਉਹ ਇਸ ਨੂੰ ਗੁਰੂ ਦੀ ਬਾਣੀ ਮੰਨਦੇ ਹਨ,
ਤਾਂ ਆਪਣੀ ਤੀਵੀਂ, ਆਪਣੀਆਂ ਭੈਣਾਂ ਅਤੇ ਬੱਚੇ-ਬੱਚੀਆਂ ਨੂੰ ਨਾਲ ਬਿਠਾ ਕੇ ਸੁਣਨ, ਤੇ ਫਿਰ ਦੇਖਿਓ ਪਾਰ ਉਤਾਰਾ ਹੁੰਦਾ!!!

ਕੀ ਅਖੌਤੀ ਦਸਮ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋ ਸਕਦਾ ਹੈ? ਜਾਨਣ ਲਈ ਪੜ੍ਹੋ "ਪੜ੍ਹੋ ਤੇ ਪਛਾਣ"


<< "ਚਰਿਤ੍ਰੋਪਾਖਿਆਨ" ਦੇ ਪੋਸਟ ਹੋ ਚੁੱਕੇ ਚਰਿਤ੍ਰ ਪੜ੍ਹਨ ਅਤੇ ਸੁਣਨ ਲਈ ਇੱਥੇ ਕਲਿੱਕ ਕਰੋ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top